ਨੈਸ਼ਨਲ ਡੈਸਕ- ਬੰਬਈ ਹਾਈ ਕੋਰਟ ਨੇ ਮਨੀ ਲਾਂਡਰਿੰਗ ਦੇ ਦੋਸ਼ੀ ਕਾਰੋਬਾਰੀ ਵਿਜੇ ਮਾਲਿਆ ਨੂੰ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਉਨ੍ਹਾਂ ਦਾ ਮਾਮਲਾ ਵਿਚਾਰ ਅਧੀਨ ਰਹਿਣ ਦੌਰਾਨ ਅਦਾਲਤ ਦੇ ਦਸਤਾਵੇਜ਼ ਸੋਸ਼ਲ ਮੀਡੀਆ ’ਤੇ ਸਾਂਝੇ ਨਾ ਕਰਨ।
ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਵਕੀਲ ਆਸ਼ੀਸ਼ ਮਹਿਤਾ ਨੇ ਜਸਟਿਸ ਮਿਲਿੰਦ ਜਾਧਵ ਨੂੰ ਦੱਸਿਆ ਕਿ ਮਾਲਿਆ ਨੇ ਹਾਈ ਕੋਰਟ ਵਿਚ ਉਨ੍ਹਾਂ ਦੀ ਪਟੀਸ਼ਨ ਦੇ ਜਵਾਬ ਵਿਚ ਜਾਂਚ ਏਜੰਸੀ ਵੱਲੋਂ ਦਾਖਲ ਹਲਫ਼ਨਾਮੇ ਨੂੰ ਅਦਾਲਤ ਵਿਚ ਜਮ੍ਹਾ ਕਰਵਾਉਣ ਤੋਂ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ’ਤੇ ਸਾਂਝਾ ਕਰ ਦਿੱਤਾ ਸੀ।
ਮਹਿਤਾ ਨੇ ਦੱਸਿਆ ਕਿ ਈ. ਡੀ. ਨੇ 8 ਸਤੰਬਰ ਨੂੰ ਹਲਫ਼ਨਾਮਾ ਦਾਇਰ ਕੀਤਾ ਸੀ ਅਤੇ ਉਸੇ ਦਿਨ ਵਿਜੇ ਮਾਲਿਆ ਦੀ ਕਾਨੂੰਨੀ ਟੀਮ ਨੂੰ ਇਸ ਦੀ ਇਕ ਕਾਪੀ ਸੌਂਪੀ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸੁਣਵਾਈ 9 ਸਤੰਬਰ ਨੂੰ ਹੋਣੀ ਸੀ। ਹਾਲਾਂਕਿ, ਮਹਿਤਾ ਨੇ ਕਿਹਾ ਕਿ ਸ਼ਰਾਬ ਕਾਰੋਬਾਰ ਨਾਲ ਜੁੜੇ ਰਹੇ ਮਾਲਿਆ ਨੇ 8 ਸਤੰਬਰ ਦੀ ਸ਼ਾਮ ਨੂੰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਹਲਫ਼ਨਾਮੇ ਦੀ ਕਾਪੀ ਅਪਲੋਡ ਕਰ ਦਿੱਤੀ।
ਵਿਜੇ ਮਾਲਿਆ ’ਤੇ ਆਪਣੀ ਬੰਦ ਹੋ ਚੁੱਕੀ ਏਅਰਲਾਈਨ ਕੰਪਨੀ ‘ਕਿੰਗਫਿਸ਼ਰ ਏਅਰਲਾਈਨਜ਼’ ਨੂੰ ਦਿੱਤੇ ਗਏ ਕੁੱਲ 9,000 ਕਰੋੜ ਰੁਪਏ ਦੇ ਬੈਂਕ ਕਰਜ਼ੇ ਵਿਚੋਂ ਘੱਟੋ-ਘੱਟ 3,500 ਕਰੋੜ ਰੁਪਏ ਦੀ ਹੇਰਾ-ਫੇਰੀ ਅਤੇ ਮਨੀ ਲਾਂਡਰਿੰਗ ਦਾ ਦੋਸ਼ ਹੈ।
ਭਾਗਵਤ ਦੀ ਦਾਰਸ਼ਨਿਕ ਟਿੱਪਣੀ
NEXT STORY