ਦੇਹਰਾਦੂਨ, (ਏਜੰਸੀ)-ਉੱਤਰਾਖੰਡ ’ਚ ਬੇਸਹਾਰਾ ਤਿੰਨ ਤਲਾਕ ਪੀੜਤਾਂ ਅਤੇ ਹਲਾਲਾ ਪੀੜਤਾਂ ਨੂੰ ਹੁਣ ਰਹਿਣ ਲਈ ਮੁਫ਼ਤ ਘਰ ਦੇਣ ਦੀ ਪਹਿਲ ਵਕਫ਼ ਬੋਰਡ ਕਰੇਗਾ। ਉੱਤਰਾਖੰਡ ਵਕਫ਼ ਬੋਰਡ ਦੇ ਪ੍ਰਧਾਨ ਸ਼ਾਦਾਬ ਸ਼ਮਸ ਨੇ ਦੱਸਿਆ ਕਿ ਤਿੰਨ ਤਲਾਕ ਦੇ ਕੇ ਘਰੋਂ ਬਾਹਰ ਕੱਢ ਦਿੱਤੀਆਂ ਗਈਆਂ ਬੇਸਹਾਰਾ ਤਲਾਕਸ਼ੁਦਾ ਔਰਤਾਂ ਅਤੇ ਬੇਘਰ ਹੋਣ ਤੋਂ ਬਚਣ ਲਈ ਉਸੇ ਆਦਮੀ ਨਾਲ ਦੁਬਾਰਾ ਨਿਕਾਹ ਤੋਂ ਪਹਿਲਾਂ ਹਲਾਲਾ ਲਈ ਮਜਬੂਰ ਕੀਤੀਆਂ ਜਾਣ ਵਾਲੀਆਂ ਔਰਤਾਂ ਨੂੰ ਆਸਰਾ ਦੇਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ, ‘‘ਵਕਫ਼ ਬੋਰਡ ਦੀ ਜਾਇਦਾਦ ’ਤੇ ਪਹਿਲਾ ਹੱਕ ਔਰਤਾਂ ਦਾ ਹੈ। ਅਸੀਂ ਵਕਫ਼ ਬੋਰਡ ਦੀ ਅਗਲੀ ਬੈਠਕ ’ਚ ਇਹ ਪ੍ਰਸਤਾਵ ਲਿਆਉਣ ਜਾ ਰਹੇ ਹਾਂ ਕਿ ਤਿੰਨ ਤਲਾਕ ਅਤੇ ਹਲਾਲਾ ਦੀਆਂ ਪੀੜਤ ਬੇਘਰ ਔਰਤਾਂ ਨੂੰ ਰਹਿਣ ਲਈ ਘਰ ਦਿੱਤਾ ਜਾਵੇਗਾ।’’ ਸ਼ਮਸ ਨੇ ਦੱਸਿਆ ਕਿ ਇਸ ਮਹੀਨੇ ਦੇ ਅਖੀਰ ਜਾਂ ਅਗਲੇ ਮਹੀਨੇ ਦੀ ਸ਼ੁਰੂਆਤ ’ਚ ਹੋਣ ਵਾਲੀ ਬੋਰਡ ਦੀ ਬੈਠਕ ’ਚ ਇਸ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਵੀ ਇਸ ਮੁੱਦੇ ’ਤੇ ਚਰਚਾ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਇਸ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਸ਼ਮਸ ਨੇ ਕਿਹਾ ਕਿ ਮੁਸਲਿਮ ਸਮਾਜ ’ਚ ਔਰਤਾਂ ਨੂੰ ਅਕਸਰ ਮਾਪਿਆਂ ਦੀ ਜਾਇਦਾਦ ’ਚ ਹੱਕ ਨਹੀਂ ਦਿੱਤਾ ਜਾਂਦਾ ਜਾਂ ਉਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਉਹ ਮਦਦ ਨਹੀਂ ਕਰ ਪਾਉਂਦੇ ਜਦੋਂਕਿ ਵਿਆਹ ਦੇ ਸਮੇਂ ਤੈਅ ਕੀਤੀ ਗਈ ‘ਮੇਹਰ’ ਦੀ ਰਕਮ ਵੀ ਬਹੁਤ ਮਾਮੂਲੀ ਹੁੰਦੀ ਹੈ। ਉਨ੍ਹਾਂ ਕਿਹਾ, ‘‘ਨਿਕਾਹ ਦੌਰਾਨ ਅਕਸਰ ‘ਮੇਹਰ’ ਦੇ ਨਾਂ ’ਤੇ 500-5000 ਰੁਪਏ ਦੀ ਨਾਮਾਤਰ ਰਾਸ਼ੀ ਤੈਅ ਕਰ ਦਿੱਤੀ ਜਾਂਦੀ ਹੈ ਅਤੇ ਤਲਾਕ ਦੇ ਸਮੇਂ ਪਤੀ ਇਹ ਰਾਸ਼ੀ ਦੇ ਕੇ ਔਰਤ ਨੂੰ ਘਰੋਂ ਬਾਹਰ ਕੱਢ ਦਿੰਦਾ ਹੈ।’’
1 ਅਕਤੂਬਰ ਤੋਂ LPG ਸਿਲੰਡਰਾਂ ਲਈ ਜ਼ਰੂਰੀ ਹੋਵੇਗਾ BAA; ਬਾਇਓਮੈਟ੍ਰਿਕ ਤਸਦੀਕ ਦੇ 3 ਤਰੀਕਿਆਂ ਬਾਰੇ ਜਾਣੋ
NEXT STORY