ਇੰਦੌਰ (ਮੱਧ ਪ੍ਰਦੇਸ਼): ਇੰਦੌਰ ਵਿਚ ਬੱਸ ਰੈਪਿਡ ਟਰਾਂਜ਼ਿਟ ਸਿਸਟਮ (ਬੀਆਰਟੀਐੱਸ) ਰੋਡ 'ਤੇ ਇਕ ਵੱਡੇ ਟੋਏ ਕਾਰਨ ਇਕ 23 ਸਾਲਾ ਔਰਤ ਬੁਰੀ ਤਰ੍ਹਾਂ ਜ਼ਖਮੀ ਹੋਣ ਤੋਂ ਬਾਅਦ ਕੋਮਾ ਵਿਚ ਚਲੀ ਗਈ ਜਦੋਂ ਉਸ ਦਾ ਸਕੂਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰ ਪੁਲਸ ਨੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ 'ਚ ਉਸ ਦੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਕਾਰਵਾਈ 'ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਪੁਲਸ ਨੇ ਕਿਹਾ ਕਿ ਉਹ ਨਗਰ ਨਿਗਮ ਨੂੰ ਪੱਤਰ ਲਿਖ ਕੇ ਪੁੱਛਣਗੇ ਕਿ ਬੀਆਰਟੀਐੱਸ ਸੜਕਾਂ ਦੀ ਸਾਂਭ-ਸੰਭਾਲ ਲਈ ਕਿਹੜੀ ਏਜੰਸੀ ਜ਼ਿੰਮੇਵਾਰ ਹੈ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 14 ਸਤੰਬਰ ਦੀ ਰਾਤ ਨੂੰ ਸ਼ਹਿਰ ਦੇ ਐੱਮਆਈਜੀ ਖੇਤਰ 'ਚ ਬੀਆਰਟੀਐੱਸ ਵਿੱਚ ਇੱਕ ਸਕੂਟਰ ਬੇਕਾਬੂ ਹੋ ਕੇ ਇੱਕ ਵੱਡੇ ਟੋਏ ਵਿੱਚ ਜਾ ਵੜਿਆ ਅਤੇ ਉਸ ਵਿੱਚ ਸਵਾਰ ਸ਼ਾਨੂ ਗੌਰ (23) ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹ ਕੋਮਾ ਵਿੱਚ ਚਲੀ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਸਮੇਂ ਔਰਤ ਦਾ ਪਤੀ ਰਵੀ ਗੌੜ ਸਕੂਟਰ ਚਲਾ ਰਿਹਾ ਸੀ ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 125 (ਦੂਜਿਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲਾ ਐਕਟ) ਅਤੇ ਧਾਰਾ 281 (ਲਾਪਰਵਾਹੀ ਨਾਲ ਡਰਾਈਵਿੰਗ) ਦੇ ਤਹਿਤ ਉਸਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ।
ਸੂਬਾ ਕਾਂਗਰਸ ਦੇ ਬੁਲਾਰੇ ਨੀਲਾਭ ਸ਼ੁਕਲਾ ਨੇ ਜ਼ਖਮੀ ਔਰਤ ਦੇ ਪਤੀ ਖਿਲਾਫ ਮਾਮਲਾ ਦਰਜ ਕਰਨ ਨੂੰ ਪੁਲਸ ਵੱਲੋਂ ਇਕ ਨਾਇੰਸਾਫੀ ਵਾਲਾ ਕਦਮ ਕਰਾਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਪੁਲਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇ। ਇਸ ਬਾਰੇ ਪੁੱਛੇ ਜਾਣ 'ਤੇ ਪੁਲਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਅਭਿਨਯ ਵਿਸ਼ਵਕਰਮਾ ਨੇ ਕਿਹਾ ਕਿ ਅਸੀਂ ਨਗਰ ਨਿਗਮ ਨੂੰ ਪੱਤਰ ਲਿਖ ਕੇ ਪੁੱਛਾਂਗੇ ਕਿ ਬੀਆਰਟੀਐੱਸ ਸੜਕ ਦੇ ਰੱਖ-ਰਖਾਅ ਲਈ ਕਿਹੜੀ ਏਜੰਸੀ ਜ਼ਿੰਮੇਵਾਰ ਹੈ? ਪੱਤਰ ਦੇ ਜਵਾਬ ਤੋਂ ਬਾਅਦ ਢੁੱਕਵੇਂ ਕਦਮ ਚੁੱਕੇ ਜਾਣਗੇ।
ਇਕ ਦਿਨ ਪਹਿਲਾਂ ਲਾਪਤਾ ਹੋਇਆ ਸ਼ਖ਼ਸ ਘਰ ਦੇ ਬਾਹਰ ਮਿਲਿਆ, ਹਾਲ ਦੇਖ ਉੱਡੇ ਸਭ ਦੇ ਹੋਸ਼
NEXT STORY