ਪ੍ਰਯਾਗਰਾਜ- ਦਿੱਲੀ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਦੇ ਬੰਗਲੇ 'ਚ ਅੱਗ ਲੱਗਣ ਤੋਂ ਬਾਅਦ ਕਥਿਤ ਤੌਰ 'ਤੇ ਵੱਡੀ ਮਾਤਰਾ 'ਚ ਨਕਦੀ ਮਿਲਣ ਦੀ ਘਟਨਾ ਅਤੇ ਸੁਪਰੀਮ ਕੋਰਟ ਕਾਲੇਜੀਅਮ ਵਲੋਂ ਜੱਜ ਵਰਮਾ ਨੂੰ ਇਲਾਹਾਬਾਦ ਹਾਈ ਕੋਰਟ 'ਚ ਟਰਾਂਸਫਰ ਕਰਨ 'ਤੇ ਹਾਈ ਕੋਰਟ ਬਾਰ ਐਸੋਸੀਏਸ਼ਨ, ਇਲਾਹਾਬਾਦ ਨੇ ਕਿਹਾ ਹੈ ਕਿ "ਅਸੀਂ ਕੂੜੇਦਾਨ ਨਹੀਂ ਹਾਂ।" ਹਾਈ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ,"ਅੱਜ ਸਾਨੂੰ ਪਤਾ ਲੱਗਾ ਹੈ ਕਿ ਮਾਣਯੋਗ ਸੁਪਰੀਮ ਕੋਰਟ ਨੇ ਜਸਟਿਸ ਯਸ਼ਵੰਤ ਵਰਮਾ ਨੂੰ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਣ ਦੇ ਆਧਾਰ 'ਤੇ ਇਲਾਹਾਬਾਦ ਹਾਈ ਕੋਰਟ 'ਚ ਟਰਾਂਸਫਰ ਕਰ ਦਿੱਤਾ ਹੈ।" ਬਿਆਨ 'ਚ ਕਿਹਾ ਗਿਆ ਹੈ,"ਵਰਮਾ ਦੇ ਬੰਗਲੇ 'ਚ ਅੱਗ ਬੁਝਾਉਣ ਆਈ ਫਾਇਰ ਬ੍ਰਿਗੇਡ ਨੂੰ 15 ਕਰੋੜ ਰੁਪਏ ਮਿਲੇ ਜੋ ਅਖ਼ਬਾਰਾਂ 'ਚ ਪਹਿਲੇ ਪੰਨੇ 'ਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਜਸਟਿਸ ਵਰਮਾ ਦੇ ਬੰਗਲੇ 'ਚ ਅੱਗ ਲੱਗਣ ਤੋਂ ਬਾਅਦ ਪਰਿਵਾਰ ਨੇ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਸੂਚਿਤ ਕੀਤਾ। ਅੱਗ ਬੁਝਾਏ ਜਾਣ ਤੋਂ ਬਾਅਦ ਪੁਲਸ ਨੂੰ ਇਕ ਕਮਰੇ 'ਚੋਂ 15 ਕਰੋੜ ਰੁਪਏ ਦੀ ਨਕਦੀ ਮਿਲੀ।"
ਇਹ ਵੀ ਪੜ੍ਹੋ : ਅੱਜ ਹੀ ਨਿਪਟਾ ਲਵੋ ਆਪਣੇ ਜ਼ਰੂਰੀ ਕੰਮ, ਕੱਲ੍ਹ ਤੋਂ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ
ਇਸ 'ਚ ਅੱਗੇ ਕਿਹਾ ਗਿਆ,''ਸੁਪਰੀਮ ਕੋਰਟ ਨੇ ਤੁਰੰਤ ਇਸ ਮਾਮਲੇ ਦਾ ਨੋਟਿਸ ਲਿਆ ਅਤੇ ਕਾਲੇਜੀਅਮ ਨੇ ਜੱਜ ਯਸ਼ਵੰਤ ਵਰਮਾ ਨੂੰ ਵਾਪਸ ਇਲਾਹਾਬਾਦ ਹਾਈ ਕੋਰਟ ਭੇਜਣ ਦਾ ਸਰਬਸੰਮਤੀ ਨਾਲ ਫ਼ੈਸਲਾ ਲਿਆ। ਜੱਜ ਵਰਮਾ ਨੂੰ ਇਲਾਹਾਬਾਦ ਹਾਈ ਕੋਰਟ 'ਚ ਜੱਜ ਬਣਾਇਆ ਗਿਆ ਸੀ ਅਤੇ ਅਕਤੂਬਰ 2021 'ਚ ਉਨ੍ਹਾਂ ਦਾ ਟਰਾਂਸਫਰ ਦਿੱਲੀ ਹਾਈ ਕੋਰਟ ਕਰ ਦਿੱਤਾ ਗਿਆ।'' ਬਾਰ ਐਸੋਸੀਏਸ਼ਨ ਨੇ ਕਿਹਾ,''ਸੁਪਰੀਮ ਕੋਰਟ ਦੇ ਕਾਲੇਜੀਅਮ ਦੇ ਇਸ ਫ਼ੈਸਲੇ ਤੋਂ ਇਹ ਗੰਭੀਰ ਪ੍ਰਸ਼ਨ ਉੱਠਦਾ ਹੈ ਕਿ ਕੀ ਇਲਾਹਾਬਾਦ ਹਾਈ ਕੋਰਟ ਕੂੜਾਦਾਨ ਹੈ? ਇਹ ਮਾਮਲਾ ਉਦੋਂ ਹੋਰ ਮਹੱਤਵਪੂਰਨ ਹੋ ਜਾਂਦਾ ਹੈ, ਜਦੋਂ ਅਸੀਂ ਮੌਜੂਦਾ ਸਥਿਤੀ ਦੀ ਸਮੀਖਿਆ ਕਰਦੇ ਹਾਂ।'' ਐਸੋਸੀਏਸ਼ਨ ਨੇ ਕਿਹਾ,''ਇਲਾਹਾਬਾਦ ਹਾਈ ਕੋਰਟ 'ਚ ਜੱਜਾਂ ਦੀ ਕਮੀ ਹੈ ਅਤੇ ਇਸ ਸਮੱਸਿਆ ਦੇ ਬਾਵਜੂਦ ਕਈ ਸਾਲਾਂ ਤੋਂ ਨਵੇਂ ਜੱਜਾਂ ਦੀ ਨਿਯੁਕਤੀ ਨਹੀਂ ਕੀਤੀ ਗਈ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਬਾਰ ਦੇ ਮੈਂਬਰਾਂ ਦੀ ਜੱਜ ਵਜੋਂ ਨਿਯੁਕਤੀ ਕਰਦੇ ਸਮੇਂ ਬਾਰ ਨਾਲ ਕਦੇ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਦੇ ਸਟਾਰ ਓਲੰਪੀਅਨ ਮਨਦੀਪ ਸਿੰਘ ਨੇ ਮਹਿਲਾ ਹਾਕੀ ਟੀਮ ਦੀ ਉਦਿਤਾ ਨਾਲ ਲਈਆਂ ਲਾਵਾਂ
NEXT STORY