ਮੁੰਬਈ - ਵਿਸ਼ਾਲ ਸਿੱਕਾ ਦੀ ਅਗਵਾਈ ਵਾਲੀ ਇਨਫੋਸਿਸ ਦੇ ਸ਼ੇਅਰਾਂ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਸਾਲ ਦੀ ਦੂਜੀ ਤਿਮਾਹੀ 'ਚ ਇਨਫੋਸਿਸ ਦਾ ਲਾਭ ਵਧ ਕੇ 3,096 ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਪਹਿਲੀ ਤਿਮਾਹੀ 'ਚ ਕੰਪਨੀ ਦਾ ਲਾਭ 2,886 ਕਰੋੜ ਰੁਪਏ ਦਾ ਸੀ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਇਨਫੋਸਿਸ ਦੇ ਉੱਤਰੀ ਅਮਰੀਕੀ ਕਾਰੋਬਾਰ 3.1 ਫੀਸਦੀ, ਯੂਰਪੀ ਕਾਰੋਬਾਰ ਵਿਚ 4.2 ਫੀਸਦੀ ਦਾ ਵਾਧਾ ਹੋਇਆ ਹੈ ਪਰ ਭਾਰਤੀ ਕਾਰੋਬਾਰ ਦਾ ਵਾਧਾ 5.1 ਫੀਸਦੀ ਘਟਿਆ ਹੈ।
ਸ਼ੇਅਰ ਬਾਜ਼ਾਰ 'ਚ ਗਿਰਾਵਟੀ ਰੁਖ ਦੇ ਬਾਵਜੂਦ ਇਨਫੋਸਿਸ ਦੇ ਸ਼ੇਅਰਾਂ 'ਚ ਲਗਭਗ 6 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨਿਵੇਸ਼ਕਾਂ ਨੂੰ ਭਰਮਾਉਣ ਲਈ ਇਨਫੋਸਿਸ ਨੇ ਆਪਣੇ ਨਿਵੇਸ਼ਕਾਂ ਨੂੰ ਹਰ ਸ਼ੇਅਰ 'ਚ 30 ਰੁਪਏ ਦਾ ਡਿਵੀਡਿੰਡ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਇਕ ਸ਼ੇਅਰ ਦੇ ਨਾਲ ਦੂਜੇ ਸ਼ੇਅਰ ਮੁਫਤ ਦੇਣ ਦਾ ਵੀ ਐਲਾਨ ਕੀਤਾ ਹੈ। ਕੰਪਨੀ ਨੇ ਆਪਣੇ ਬੋਨਸ ਏ. ਡੀ. ਆਰ. ਨੂੰ ਪੁਰਾਣੇ ਸ਼ੇਅਰਧਾਰਕਾਂ ਲਈ ਵੀ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਸ਼ੁੱਧ ਲਾਭ 28 ਫੀਸਦੀ ਤੋਂ ਜ਼ਿਆਦਾ ਵਧਿਆ
ਇਨਫੋਸਿਸ ਨੂੰ ਦੂਜੀ ਤਿਮਾਹੀ 'ਚ 3,096 ਕਰੋੜ ਰੁਪਏ ਦਾ ਲਾਭ ਹੋਇਆ ਹੈ ਜੋ ਬੀਤੇ ਸਾਲ ਦੀ ਇਸ ਤਿਮਾਹੀ ਤੋਂ 28.6 ਫੀਸਦੀ ਜ਼ਿਆਦਾ ਹੈ। ਇਸ ਤਿਮਾਹੀ 'ਚ ਕੰਪਨੀ ਦੀ ਕੁੱਲ ਆਮਦਨ ਵੀ 2.9 ਫੀਸਦੀ ਵਧ ਕੇ 13,342 ਕਰੋੜ ਰੁਪਏ ਪਹੁੰਚ ਗਈ ਜੋ ਬੀਤੇ ਸਾਲ ਦੀ ਇਸ ਤਿਮਾਹੀ 'ਚ 12,965 ਕਰੋੜ ਰੁਪਏ ਸੀ।
ਆਮਦਨ 'ਚ ਵੀ ਹੋਇਆ ਹੈ ਵਾਧਾ
ਲਾਭ 'ਚ ਵਾਧੇ ਦੇ ਨਾਲ-ਨਾਲ ਕੰਪਨੀ ਨੇ ਆਪਣੀ ਆਮਦਨ 'ਚ ਵੀ ਵਾਧਾ ਕੀਤਾ ਹੈ। ਇਸ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਕੰਪਨੀ ਨੇ ਆਮਦਨ 'ਚ 4.5 ਫੀਸਦੀ ਦਾ ਵਾਧਾ ਦਰਜ ਕਰਵਾਇਆ ਹੈ। ਪਹਿਲੀ ਤਿਮਾਹੀ 'ਚ 12,770 ਕਰੋੜ ਰੁਪਏ ਦੀ ਆਮਦਨ ਨੂੰ ਕੰਪਨੀ ਨੇ ਦੂਜੀ ਤਿਮਾਹੀ 'ਚ 13,342 ਕਰੋੜ ਰੁਪਏ 'ਚ ਤਬਦੀਲ ਕੀਤਾ ਹੈ। ਦੂਜੀ ਤਿਮਾਹੀ 'ਚ ਕੰਪਨੀ ਦੀ ਡਾਲਰ ਤੋਂ ਆਮਦਨ 213.3 ਕਰੋੜ ਡਾਲਰ ਤੋਂ ਵਧ ਕੇ 220.1 ਕਰੋੜ ਡਾਲਰ ਰਹੀ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਇਨਫੋਸਿਸ ਦਾ ਐਬਿਟ ਮਾਰਜਨ 25.14 ਫੀਸਦੀ ਤੋਂ ਵਧ ਕੇ 26.1 ਫੀਸਦੀ ਰਿਹਾ ਜੋ ਤਿਮਾਹੀ ਦਰ ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ 3,211 ਕਰੋੜ ਰੁਪਏ ਤੋਂ ਵਧ ਕੇ 3,483 ਕਰੋੜ ਰੁਪਏ ਰਿਹਾ ਹੈ।
ਨਾਰਾਇਣ ਮੂਰਤੀ ਨੇ ਆਨਰੇਰੀ ਪ੍ਰਧਾਨ ਦਾ ਅਹੁਦਾ ਠੁਕਰਾਇਆ
ਇਨਫੋਸਿਸ ਦੇ ਬਾਨੀ ਅਤੇ ਗੈਰ-ਕਾਰਜਕਾਰੀ ਪ੍ਰਧਾਨ ਐੱਨ. ਆਰ. ਨਾਰਾਇਣ ਮੂਰਤੀ ਨੇ ਆਨਰੇਰੀ ਪ੍ਰਧਾਨ ਦੇ ਅਹੁਦੇ ਦੀ ਪੇਸ਼ਕਸ਼ ਇਹ ਕਹਿੰਦੇ ਹੋਏ ਠੁਕਰਾ ਦਿੱਤੀ ਕਿ ਉਹ ਟਕਰਾਅ ਨਹੀਂ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਜਿਸ ਕੰਪਨੀ ਦੀ ਸਥਾਪਨਾ ਉਨ੍ਹਾਂ ਨੇ 33 ਸਾਲ ਪਹਿਲਾਂ ਕੀਤੀ ਉਸ 'ਚ ਕਾਰਪੋਰੇਟ ਸੰਚਾਲਨ ਦੇ ਮਾਪਦੰਡ ਬਣੇ ਰਹਿਣ। ਡਾਇਰੈਕਟਰ ਮੰਡਲ ਨੇ ਨਾਰਾਇਣ ਮੂਰਤੀ ਦਾ ਫੈਸਲਾ ਸਵੀਕਾਰ ਕਰ ਲਿਆ ਹੈ।
ਨੌਕਰੀ ਛੱਡਣ ਵਾਲਿਆਂ ਦਾ ਸਿਲਸਿਲਾ ਹੋਵੇਗਾ ਘੱਟ
ਇਨਫੋਸਿਸ ਮੁਲਾਜ਼ਮਾਂ ਦੇ ਨੌਕਰੀ ਛੱਡਣ ਦੀ ਰਫਤਾਰ ਤੋਂ ਕੁਝ ਚਿੰਤਤ ਜ਼ਰੂਰ ਹਨ ਪਰ ਉਨ੍ਹਾਂ ਨੂੰ ਭਰੋਸਾ ਹੈ ਕਿ 2 ਤਿਮਾਹੀਆਂ 'ਚ ਇਹ ਦਰ ਘਟ ਕੇ 12 ਤੋਂ 14 ਫੀਸਦੀ ਰਹਿ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਡੇਢ ਸਾਲ ਤੋਂ ਕੰਪਨੀ 'ਚ ਖਾਸ ਤੌਰ 'ਤੇ ਉੱਚ ਪੱਧਰ ਦੇ ਕਾਰਜਕਾਰੀਆਂ ਦੀ ਨੌਕਰੀ ਛੱਡਣ ਦਾ ਸਿਲਸਿਲਾ ਜਾਰੀ ਹੈ। ਜੁਲਾਈ-ਸਤੰਬਰ 2014 ਦੀ ਤਿਮਾਹੀ 'ਚ ਨੌਕਰੀ ਛੱਡਣ ਦੀ ਦਰ ਵਧ ਕੇ 20.1 ਫੀਸਦੀ ਹੋ ਗਈ ਸੀ। ਅਪ੍ਰੈਲ-ਜੂਨ ਤਿਮਾਹੀ 'ਚ ਇਹ 17.3 ਫੀਸਦੀ ਸੀ।
16 ਅਰਬ ਡਾਲਰ ਨਿਵੇਸ਼ ਕਰੇਗੀ ਆਰ. ਆਈ. ਐੱਲ.
NEXT STORY