ਮਾਹਿਲਪੁਰ (ਪਰਮਜੀਤ)-ਇਥੋਂ ਨਜ਼ਦੀਕ ਪਿੰਡ ਨੌਨੀਤਪੁਰ ਦੇ ਇਕ ਗਰੀਬ ਪਰਿਵਾਰ ਨਾਲ ਸੰਬੰਧਿਤ ਇਕ ਨੌਜਵਾਨ ਦੀ ਸਾਊਦੀ ਅਰਬ 'ਚ ਸੜਕ ਹਾਦਸੇ ਦੌਰਾਨ ਹੋਈ ਮੌਤ ਨੂੰ ਦੋ ਮਹੀਨੇ ਹੋ ਗਏ ਹਨ ਪਰ ਇੰਨਾ ਸਮਾਂ ਬੀਤਣ ਦੇ ਬਾਵਜੂਦ ਉਸ ਦੀ ਲਾਸ਼ ਅਜੇ ਤੱਕ ਘਰ ਨਾ ਆਉਣ ਕਾਰਨ ਉਸਦੇ ਪਰਿਵਾਰਕ ਮੈਂਬਰ ਰੋਜ਼ਾਨਾ ਉਡੀਕ ਕਰਦੇ ਹਨ। ਪਰਿਵਾਰ ਵਾਲਿਆਂ ਦੀ ਆਸ ਨੂੰ ਕੋਈ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ।
ਪੀੜਤ ਪਰਿਵਾਰ ਨੇ ਐਮ. ਪੀ. ਵਿਜੇ ਸਾਂਪਲਾ, ਅਵਿਨਾਸ਼ ਰਾਏ ਖੰਨਾ, ਅਵਤਾਰ ਸਿੰਘ ਕਰੀਮਪੁਰੀ ਸਮੇਤ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਨੂੰ ਤੁਰੰਤ ਵਾਪਸ ਲਿਆਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ। ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਨੂੰ ਇਥੇ ਪਿੰਡ ਨੌਨੀਤਪੁਰ ਦੇ ਵਾਸੀ ਧਰਮਪਾਲ ਨੇ ਆਪਣੇ ਲੜਕੇ ਬਲਜਿੰਦਰ ਕੁਮਾਰ ਅਤੇ ਲੜਕੀ ਹਰਪ੍ਰੀਤ ਕੌਰ ਦੀ ਹਾਜ਼ਰੀ ਵਿਚ ਦੱਸਿਆ ਕਿ ਉਸਦਾ ਵੱਡਾ ਲੜਕਾ ਰਾਕੇਸ਼ ਕੁਮਾਰ (23) ਇਸੇ ਸਾਲ ਫਰਵਰੀ ਮਹੀਨੇ ਦੀ ਪਹਿਲੀ ਤਰੀਕ ਇਕ ਟ੍ਰੈਵਲ ਏਜੰਟ ਰਾਹੀਂ 80 ਹਜ਼ਾਰ ਰੁਪਏ ਦਾ ਕਰਜ਼ਾ ਚੁੱਕ ਕੇ ਘਰ ਦੀ ਗਰੀਬੀ ਦੂਰ ਕਰਨ ਲਈ ਸਾਊਦੀ ਅਰਬ ਗਿਆ।
ਉਸਨੇ ਦੱਸਿਆ ਕਿ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਰਾਕੇਸ਼ ਕੁਮਾਰ ਦੀ 21 ਅਗਸਤ ਨੂੰ ਸਾਊਦੀ ਅਰਬ ਦੇ ਸ਼ਹਿਰ ਰਿਆਦ ਵਿਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਲੜਕੇ ਦੀ ਮੌਤ ਸੰਬੰਧੀ ਕਈ ਦਿਨਾਂ ਬਾਅਦ ਪਤਾ ਲੱਗਾ। ਉਨ੍ਹਾਂ ਲੜਕੇ ਦੀ ਲਾਸ਼ ਪਿੰਡ ਮੰਗਵਾਉਣ ਲਈ ਪਿੰਡ ਦੇ ਮੋਹਤਬਰ ਵਿਅਕਤੀਆਂ ਸਮੇਤ ਪੰਚਾਇਤ ਨਾਲ ਸੰਪਰਕ ਕੀਤਾ ਪਰ ਅੱਜ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੇ ਕੁੱਝ ਵੀ ਲੜ-ਪੱਲੇ ਨਹੀਂ ਪੈ ਰਿਹਾ।
ਪੀੜਤ ਪਿਤਾ ਧਰਮਪਾਲ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ। ਉਸਦਾ ਛੋਟਾ ਲੜਕਾ +2 ਕਰਨ ਤੋਂ ਬਾਅਦ ਬੇਰੁਜ਼ਗਾਰ ਅਤੇ ਲੜਕੀ 10 ਪਾਸ ਕਰਨ ਤੋਂ ਬਾਅਦ ਆਰਥਿਕ ਤੰਗੀ ਕਾਰਨ ਅੱਗੇ ਪੜ੍ਹ ਨਹੀਂ ਸਕੀ। ੍ਿਰਮਤਕ ਲੜਕੇ ਦੀ ਮਾਤਾ ਸੁਦੇਸ਼ ਕੁਮਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਸਮੇਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮ੍ਰਿਤਕ ਲੜਕੇ ਦੀ ਲਾਸ਼ ਮੰਗਵਾਉਣ ਲਈ ਤੁਰੰਤ ਢੁੱਕਵੀਂ ਮੱਦਦ ਕੀਤੀ ਜਾਵੇ।
ਫਿਰੋਜ਼ਪੁਰ ਪੁਲਸ ਨੇ ਕਾਬੂ ਕੀਤੇ ਮੋਟਰਸਾਈਕਲ ਚੋਰ ਗਿਰੋਹ ਦੇ ਦੋ ਮੈਂਬਰ
NEXT STORY