ਤਪਾਮੰਡੀ (ਸ਼ਾਮ) : ਬਠਿੰਡਾ ਜ਼ਿਲੇ ਦੇ ਪਿੰਡ ਜੋਧਪੁਰ ਰੋਮਾਨਾ 'ਚ ਇਕ ਕਲਯੁੱਗੀ ਪੁੱਤ ਵਲੋਂ ਖਰਚੇ ਦੇ ਲੈਣ-ਦੇਣ ਨੂੰ ਲੈ ਕੇ ਆਪਣੇ ਪਿਤਾ ਦਾ ਕਤਲ ਕਰਕੇ ਲਾਸ਼ ਨਹਿਰ 'ਚ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਇਕ ਪੁੱਤ ਨੇ ਆਪਣੇ ਪਿਓ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਨਹਿਰ ਵਿਚ ਸੁੱਟ ਦਿੱਤਾ। ਥਾਣਾ ਕੋਟਫੱਤਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੋਧਪੁਰ ਦਾ ਵਾਸੀ ਬਗੀਚਾ ਸਿੰਘ (60) ਦੇ ਘਰੋਂ ਗਾਇਬ ਹੋਣ ਦੀ ਰਿਪੋਰਟ ਉਸ ਦੇ ਹੀ ਪੁੱਤ ਹਰਵਿੰਦਰ ਸਿੰਘ ਅਤੇ ਭਰਾ ਬੂਟਾ ਸਿੰਘ ਨੇ ਥਾਣੇ 'ਚ ਦਰਜ ਕਰਵਾਈ ਸੀ।
ਪਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਤੋਂ ਬਾਅਦ ਹਰਵਿੰਦਰ ਸਿੰਘ ਕੁਝ ਜ਼ਿਆਦਾ ਹੀ ਪ੍ਰੇਸ਼ਾਨ ਰਹਿੰਦਾ ਸੀ। ਸ਼ੱਕ ਹੋਣ 'ਤੇ ਉਸ ਦੇ ਚਾਚੇ ਬੂਟਾ ਸਿੰਘ ਨੇ ਉਸ ਨੂੰ ਪ੍ਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ 16, 17 ਜੁਲਾਈ ਰਾਤ ਨੂੰ ਲਗਭਗ 12.30 ਵਜੇ ਉਸ ਨੇ ਗੁੱਸੇ 'ਚ ਆ ਕੇ ਆਪਣੇ ਪਿਤਾ ਦੀ ਬੰਦੂਕ ਨਾਲ ਹੱਤਿਆ ਕਰ ਦਿੱਤੀ ਅਤੇ ਆਪਣਾ ਗੁਨਾਹ ਲੁਕਾਉਣ ਲਈ ਲਾਸ਼ ਨੂੰ ਬਿਸਤਰੇ 'ਚ ਪਾ ਕੇ ਆਪਣੀ ਅਲਟੋ ਕਾਰ 'ਚ ਰੱਖ ਕੇ ਗਿੱਦੜਬਾਹਾ ਮਲੋਟ ਰੋਡ 'ਤੇ ਰਾਜਸਥਾਨ ਨਹਿਰ 'ਚ ਸੁੱਟ ਦਿੱਤਾ।
ਮ੍ਰਿਤਕ ਬਗੀਚਾ ਸਿੰਘ ਦੇ ਭਰਾ ਬੂਟਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਥਾਣਾ ਕੋਟਫੱਤਾ 'ਚ ਦੋਸ਼ੀ ਪੁੱਤ ਹਰਵਿੰਦਰ ਸਿੰਘ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਕਨਾਲੋਜੀ ਰੱਦੀ ਦੇ ਭਾਅ
NEXT STORY