ਗੁਰਾਇਆ (ਮੁਨੀਸ਼)-ਪੰਜਾਬ 'ਚ ਫਿਰ ਇਕ ਵਾਰ ਤੋਂ ਅੱਤਵਾਦ ਦਾ ਦੌਰ ਆ ਗਿਆ ਲੱਗਦਾ ਹੈ ਅਤੇ ਅੱਜ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ। ਮੇਰੇ ਦੋਵੇਂ ਨੌਜਵਾਨ ਮੁੰਡਿਆਂ ਨੂੰ ਪੁਲਸ ਨੇ ਰਾਜਨੀਤਿਕ ਸਾਜਿਸ਼ ਤਹਿਤ ਪੂਰੀ ਪਲਾਨਿੰਗ ਨਾਲ ਮਾਰਿਆ ਹੈ ਅਤੇ ਪੁਲਸ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ ਦੇ ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ 'ਚ 27 ਸਤੰਬਰ ਨੂੰ ਫਰਜ਼ੀ ਮੁਕਾਬਲੇ ਵਿਚ ਮਾਰੇ ਗਏ ਹਰਿੰਦਰ ਸਿੰਘ ਲਾਲੀ (24) ਅਤੇ ਜਤਿੰਦਰ ਸਿੰਘ ਗੋਲਡੀ (22) ਦੇ ਪਿਤਾ ਸਤਪਾਲ ਸਿੰਘ ਵਾਸੀ ਬੋਹਾਪੁਰ ਥਾਣਾ ਸਮਰਾਲਾ ਨੇ ਗੁਰਾਇਆ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਗੁੱਸਾ ਕੱਢਦੇ ਹੋਏ ਕਿਹਾ ਕਿ ਪੰਜਾਬ ਦੀ ਅਕਾਲੀ ਦਲ ਦੀ ਸਰਕਾਰ ਤੋਂ ਇੰਨਾ ਵੀ ਨਹੀਂ ਸਰਿਆ ਕਿ ਉਹ ਉਨ੍ਹਾਂ ਦੇ ਦੋਵੇਂ ਪੁੱਤਰਾਂ ਦੇ ਭੋਗ 'ਤੇ ਆ ਕੇ ਦੋ ਅੱਥਰੂ ਵਹਾ ਜਾਂਦੇ ਅਤੇ ਪਰਿਵਾਰ ਨੂੰ ਹੌਸਲਾ ਦੇ ਜਾਂਦੇ। ਜਦ ਕਿ ਭਾਰੀ ਗਿਣਤੀ 'ਚ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਪਾਰਟੀਆਂ ਦੇ ਨੁਮਾਇੰਦੇ ਉਥੇ ਪਹੁੰਚੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਕੋਠੀ ਵਿਚ ਉਨ੍ਹਾਂ ਦੇ ਬੱਚਿਆਂ ਦਾ ਕਤਲ ਕੀਤਾ ਗਿਆ, ਉਸਦੀ ਮਾਲਕਣ ਸਿਮਰਨ ਪੁਲਸ ਦੇ ਵੱਡੇ ਅਧਿਕਾਰੀਆਂ ਦੇ ਕੋਲ ਹੈ ਅਤੇ ਪੁਲਸ ਜਾਣਬੁੱਝ ਕੇ ਸਿਮਰਨ ਨੂੰ ਪੇਸ਼ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸੂਰਮੇ ਨੂੰ ਮਾਰਨ ਲਈ ਜਾਂ ਤਾਂ ਯਾਰ ਮਾਰ ਹੁੰਦੀ ਹੈ ਅਤੇ ਜਾਂ ਫਿਰ ਜਨਾਨੀ ਨੂੰ ਪੇਸ਼ ਕੀਤਾ ਜਾਂਦਾ ਹੈ ਅਤੇ ਇਸ ਮਾਮਲੇ ਦੇ 'ਚ ਦੋਵੇਂ ਕੰਮ ਹੋਏ ਹਨ।
ਮ੍ਰਿਤਕਾਂ ਦੇ ਪਿਤਾ ਨੇ ਪੁਲਸ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕਰਦੇ ਹੋਏ ਦੋਸ਼ ਲਗਾਇਆ ਕਿ ਪੁਲਸ ਦੋਸ਼ੀਆਂ ਨੂੰ ਬਚਾਉਣ 'ਚ ਲੱਗੀ ਹੋਈ ਹੈ ਅਤੇ ਇਹੋ ਕਾਰਨ ਹੈ ਕਿ ਐੱਸ. ਐੱਚ. ਓ. ਮਾਛੀਵਾੜਾ ਨੂੰ ਕਤਲ ਦੇ ਮੁਕੱਦਮੇ ਦੇ ਵਿਚ ਨਾਮਜ਼ਦ ਨਹੀਂ ਕੀਤਾ ਗਿਆ, ਜਦਕਿ ਕੋਠੀ ਦੀ ਮਾਲਕਣ ਸਿਮਰਨ ਪੁਲਸ ਅਫਸਰਾਂ ਦੇ ਕੋਲ ਹੈ ਅਤੇ ਹੈੱਡ ਕਾਂਸਟੇਬਲ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ।
ਹੈਰੋਇਨ, ਨਸ਼ੀਲੇ ਪਾਊਡਰ ਤੇ ਨਾਜਾਇਜ਼ ਸ਼ਰਾਬ ਸਮੇਤ 4 ਗ੍ਰਿਫਤਾਰ
NEXT STORY