ਅੱਪਰਾ(ਦੀਪਾ)-ਅੱਜ ਰਾਤ ਲਗਭਗ 9 ਵਜੇ ਅੱਪਰਾ ਤੋਂ ਲੋਹਗੜ੍ਹ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ 'ਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸਾਹਮਣੇ ਤੋਂ ਆ ਰਹੇ ਦੋਵੇਂ ਨੌਜਵਾਨ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਮੌਕੇ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਰਾਤ ਲਗਭਗ 9 ਵਜੇ ਅੱਪਰਾ ਤੋਂ ਇਕ ਨੌਜਵਾਨ ਆਪਣੇ ਹੀਰੋ ਹਾਂਡਾ ਮੋਟਰਸਾਈਕਲ ਨੰਬਰ ਪੀ. ਬੀ.-37, ਐੱਫ. -9840 'ਤੇ ਸਵਾਰ ਹੋ ਕੇ ਪਿੰਡ ਚੀਮਾ ਕਲਾਂ ਨੂੰ ਜਾ ਰਿਹਾ ਸੀ ਕਿ ਲੋਹਗੜ੍ਹ ਰੋਡ 'ਤੇ ਸਥਿਤ ਆਰੀਆ ਮਾਡਲ ਸਕੂਲ ਦੇ ਨੇੜੇ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਈਕਲ ਨਾਲ ਸਿੱਧੀ ਟੱਕਰ ਹੋ ਗਈ। ਜਿਸ ਕਾਰਨ ਅੱਪਰਾ ਸਾਈਡ ਤੋਂ ਆ ਰਹੇ ਨੌਜਵਾਨ ਦੇ ਸਿਰ 'ਚ ਡੂੰਘੀਆਂ ਸੱਟਾਂ ਵੱਜਣ ਕਾਰਣ ਮੌਕੇ 'ਤੇ ਹੀ ਮੌਤ ਹੋ ਗਈ। ਸਾਹਮਣੇ ਤੋਂ ਆ ਰਹੇ ਦੋਵੇਂ ਨੌਜਵਾਨਾਂ ਦੇ ਵੀ ਗੰਭੀਰ ਸੱਟਾਂ ਵੱਜੀਆਂ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਦਾਖਲ ਕਰਵਾਇਆ ਗਿਆ, ਜਿਥੋਂ ਉਨ੍ਹਾਂ ਨੂੰ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਸ਼ਨਾਖਤ ਰਤਨ ਲਾਲ ਉਰਫ ਰੂਪ ਲਾਲ ਵਾਸੀ ਪਿੰਡ ਚੀਮ ਕਲਾਂ ਦੇ ਰੂਪ 'ਚ ਹੋਈ, ਜਦਕਿ ਜ਼ਖ਼ਮੀ ਨੌਜਵਾਨਾਂ ਦੀ ਸ਼ਨਾਖਤ ਹਰਮੇਸ਼ ਲਾਲ ਪੁੱਤਰ ਦਰਸ਼ਨ ਰਾਮ ਵਾਸੀ ਪਿੰਡ ਲੋਹਗੜ੍ਹ ਤੇ ਗੁਲਸ਼ਨ ਪੁੱਤਰ ਰੇਸ਼ਮ ਵਾਸੀ ਪਿੰਡ ਰਾਏਪੁਰ ਅਰਾਈਆਂ ਵਜੋਂ ਹੋਈ। ਘਚਨਾ ਦੀ ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਸੁਰਿੰਦਰ ਕੁਮਾਰ ਚੌਕੀ ਇੰਚਾਰਜ ਅੱਪਰਾ ਤੇ ਐੱਸ. ਐੱਚ. ਓ. ਫਿਲੌਰ ਹਰਿੰਦਰ ਸਿੰਘ ਗਿੱਲ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ। ਇਸ ਸੰਬੰਧੀ ਐੱਸ. ਐੱਚ. ਓ. ਫਿਲੌਰ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
ਪਾਕਿਸਤਾਨ ਦਾ ਝੰਡਾ ਅਤੇ ਨਵਾਜ਼ ਸ਼ਰੀਫ ਦੀ ਫੋਟੋ ਫੂਕੀ
NEXT STORY