1 ਕੁਇੰਟਲ ਕਰੀਮ ਮੌਕੇ 'ਤੇ ਹੀ ਕੀਤੀ ਨਸ਼ਟ, ਪਨੀਰ ਅਤੇ ਘਿਓ ਦੇ ਭਰੇ ਸੈਂਪਲ
ਮੋਹਾਲੀ, (ਨਿਆਮੀਆਂ)- ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟੀ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਅਤੇ ਵੇਚਣ ਵਾਲੇ ਮਿਲਾਵਟਖੋਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਮਿਲਾਵਟਖੋਰਾਂ ਨੂੰ ਨੱਥ ਪਾਉਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲੇ ਵਿਚ ਖਾਸ ਕਰਕੇ ਤਿਉਹਾਰਾਂ ਦੇ ਮੱਦੇਨਜ਼ਰ ਪੂਰੀ ਚੌਕਸੀ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸਨਰ ਦੀਆਂ ਹਦਾਇਤਾਂ ਅਨੁਸਾਰ ਐੱਸ. ਡੀ. ਐੱਮ. ਲਖਮੀਰ ਸਿੰਘ ਅਤੇ ਜ਼ਿਲਾ ਸਿਹਤ ਅਫ਼ਸਰ ਡਾ. ਐੱਚ. ਐੱਸ. ਓਬਰਾਏ, ਫੂਡ ਸਕਿਓਰਿਟੀ ਅਫ਼ਸਰ ਨਵਨੀਤ ਕੌਰ ਬੱਗਾ ਦੀ ਅਗਵਾਈ ਹੇਠਲੀ ਟੀਮ ਨੇ ਸੈਕਟਰ-43 ਦੇ ਵਸਨੀਕ ਵਿਪਨ ਵਲੋਂ ਜਗਤਪੁਰਾ ਵਿਖੇ ਪਨੀਰ ਅਤੇ ਘਿਓ ਤਿਆਰ ਕਰਨ ਵਾਲੀ ਬੇਨਾਮੀ ਫੈਕਟਰੀ 'ਤੇ ਅਚਨਚੇਤੀ ਛਾਪਾ ਮਾਰਿਆ। ਗੰਦਗੀ ਵਾਲੀ ਥਾਂ 'ਤੇ ਪਨੀਰ ਅਤੇ ਘਿਓ ਤਿਆਰ ਕਰਨ ਵਾਲੀ ਫੈਕਟਰੀ ਵਿਚੋਂ ਇਕ ਕੁਇੰਟਲ ਕਰੀਮ ਜੋ ਕਿ ਬਿਨਾਂ ਢਕੇ ਅਤੇ ਗੰਦਗੀ ਵਾਲੀ ਥਾਂ 'ਤੇ ਪਈ ਸੀ ਮੌਕੇ 'ਤੇ ਹੀ ਨਸ਼ਟ ਕਰਵਾਈ ਗਈ। ਇਸ ਮੌਕੇ ਐੱਸ. ਡੀ. ਐੱਮ. ਲਖਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜਗਤਪੁਰਾ ਵਿਖੇ ਗੰਦਗੀ ਵਿਚ ਪਨੀਰ ਅਤੇ ਘਿਓ ਤਿਆਰ ਕੀਤਾ ਜਾ ਰਿਹਾ ਹੈ ਜਿਸ 'ਤੇ ਅਚਨਚੇਤੀ ਛਾਪਾ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਫੈਕਟਰੀ 'ਚ ਕੰਮ ਕਰਦੇ ਕਾਮਿਆਂ ਨੇ ਦੱਸਿਆ ਕਿ ਇਥੋਂ ਰੋਜ਼ਾਨਾ 10 ਤੋਂ 12 ਕੁਇੰਟਲ ਪਨੀਰ ਤਿਆਰ ਕਰਕੇ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ ਵੱਖ-ਵੱਖ ਦੁਕਾਨਦਾਰਾਂ ਨੂੰ ਸਪਲਾਈ ਕੀਤਾ ਜਾਂਦਾ ਹੈ। ਐੱਸ. ਡੀ. ਐੱਮ. ਨੇ ਦੱਸਿਆ ਕਿ ਫੈਕਟਰੀ ਵਿਚੋਂ ਦੁੱਧ, ਪਨੀਰ ਅਤੇ ਘਿਓ ਦੇ ਸੈਂਪਲ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਮੌਕੇ 'ਤੇ ਲਏ ਗਏ। ਜੇਕਰ ਇਹ ਸੈਂਪਲ ਫੇਲ ਪਾਏ ਗਏ ਤਾਂ ਫੈਕਟਰੀ ਮਾਲਕ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਸ਼ੀਲੇ ਇੰਜੈਕਸ਼ਨਾਂ ਸਮੇਤ ਇਕ ਗ੍ਰਿਫਤਾਰ
NEXT STORY