ਚੰਡੀਗੜ੍ਹ, (ਭੁੱਲਰ)- ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਨਿਚਲੇ ਪੱਧਰ ਤੱਕ ਸਰਗਰਮ ਕਰਨ ਲਈ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਹੀ ਨਵੀਂ ਨੀਤੀ ਲਾਗੂ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਹੁਣ ਸਾਰੇ ਅਹੁਦੇਦਾਰਾਂ, ਵਿਧਾਇਕਾਂ ਤੇ ਸਾਂਸਦਾਂ ਲਈ ਹਰ ਮਹੀਨੇ ਬੈਠਕਾਂ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਹੈ। ਤਿੰਨ ਬੈਠਕਾਂ ਵਿਚ ਲਗਤਾਰ ਗੈਰ-ਹਾਜ਼ਰ ਰਹਿਣ ਵਾਲਿਆਂ 'ਤੇ ਕਾਰਵਾਈ ਹੋਵੇਗੀ ਤੇ ਉਸ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਦ ਤੋਂ ਹੱਥ ਵੀ ਧੋਣਾ ਪੈ ਸਕਦਾ ਹੈ। ਨਵੀਂ ਨੀਤੀ ਦੇ ਅਨੁਸਾਰ ਹਰ ਬਲਾਕ ਦੇ ਅਹੁਦੇਦਾਰਾਂ ਦੀ ਬੈਠਕ ਮਹੀਨੇ ਦੇ ਦੂਸਰੇ ਹਫ਼ਤੇ ਵਿਚ ਹੋਵੇਗੀ, ਜਿਸ ਵਿਚ ਸਬੰਧਤ ਖੇਤਰ ਤੋਂ ਵਿਧਾਇਕ ਤੇ ਸਾਬਕਾ ਵਿਧਾਇਕ ਨੂੰ ਵੀ ਸ਼ਾਮਲ ਹੋਣਾ ਹੋਵੇਗਾ।
ਇਸੇ ਤਰ੍ਹਾਂ ਜ਼ਿਲਾ ਕਮੇਟੀਆਂ ਦੀ ਹਰ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਬੈਠਕ ਹੋਵੇਗੀ। ਜਿਸ ਵਿਚ ਖੇਤਰ ਨਾਲ ਸਬੰਧਤ ਸਾਂਸਦ, ਸਾਬਕਾ ਸਾਂਸਦ, ਵਿਧਾਇਕ, ਸਾਬਕਾ ਵਿਧਾਇਕ ਰਾਜ ਕਮੇਟੀ ਦੇ ਮੈਂਬਰਾਂ ਨੂੰ ਵੀ ਸ਼ਾਮਲ ਹੋਣਾ ਹੋਵੇਗਾ। ਇਨ੍ਹਾਂ ਬੈਠਕਾਂ ਦੀ ਨਿਗਰਾਨੀ ਲਈ ਜ਼ਿਲਾ ਤੇ ਬਲਾਕ ਇੰਚਾਰਜ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਬੈਠਕਾਂ ਦਾ ਰਿਕਾਰਡ ਰੱਖਣ ਲਈ ਰਜਿਸਟ੍ਰਾਰ ਵੀ ਨਿਯੁਕਤ ਕੀਤੇ ਜਾਣਗੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੀਤੀ ਦੇ ਬਾਰੇ 'ਚ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਸਿਰਫ਼ ਤਿੰਨ ਬੈਠਕਾਂ ਵਿਚ ਗੈਰ ਹਾਜ਼ਰ ਰਹਿਣ ਵਾਲੇ ਨੇਤਾ ਨੂੰ ਪ੍ਰਦੇਸ਼ ਕਮੇਟੀ ਤੋਂ ਬਾਹਰ ਨਹੀ ਹੋਣਾ ਪਵੇਗਾ, ਬਲਕਿ ਆਉਣ ਵਾਲੀਆਂ ਚੋਣਾਂ ਵਿਚ ਟਿਕਟ ਦੇਣ ਦੇ ਸਮੇਂ ਵੀ ਇਸ ਰਿਕਾਰਡ ਨੂੰ ਦੇਖਿਆ ਜਾਵੇਗਾ। ਇਸ ਤੋਂ ਇਲਾਵਾ ਪਾਰਟੀ ਸੰਗਠਨ ਦੀ ਮਜ਼ਬੂਤੀ ਲਈ ਹਰ ਚੋਣ ਬੂਥ 'ਤੇ 11 ਮੈਂਬਰੀ ਸੰਸਦੀ ਕਮੇਟੀ ਬਣਾਈ ਜਾਵੇਗੀ। 100 ਬੂਥਾਂ 'ਤੇ 11000 ਮੈਂਬਰਾਂ ਦੀ ਬਣਨ ਵਾਲੀ ਕਮੇਟੀ ਵਿਚ ਨੌਜਵਾਨਾਂ ਨੂੰ 25 ਤੇ ਔਰਤਾਂ ਨੂੰ 25-25 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਤੇ 50 ਫੀਸਦੀ ਮੈਂਬਰ ਹੋਰ ਸ਼੍ਰੇਣੀਆਂ ਤੋਂ ਸ਼ਾਮਲ ਹੋਣਗੇ। ਇਕ ਹਲਕੇ ਦੇ 22 ਹਜ਼ਾਰ ਮੈਂਬਰ ਇਨ੍ਹਾਂ ਕਮੇਟੀਆਂ ਵਿਚ ਸ਼ਾਮਲ ਹੋਣਗੇ ਤੇ ਕੁੱਲ ਢਾਈ ਲੱਖ ਮੈਂਬਰਾਂ ਨੂੰ ਰਾਜ ਵਿਚ ਸਰਗਰਮ ਕਰਨ ਦੀ ਯੋਜਨਾ ਹੈ। ਇਨ੍ਹਾਂ ਸਾਰੇ ਮੈਂਬਰਾਂ ਨੂੰ ਪਾਰਟੀ ਦੇ ਪਛਾਣ ਪੱਤਰ ਵੀ ਦਿੱਤੇ ਜਾਣਗੇ। ਇਸ ਯੋਜਨਾ ਦੇ ਤਹਿਤ ਮੈਂਬਰਾਂ ਦੀ ਸਵੈ ਇੱਛਾ ਦੇ ਤਹਿਤ ਫੰਡ ਵੀ ਇਕੱਠਾ ਕੀਤਾ ਜਾਵੇਗਾ ਤੇ ਇਕ ਬਲਾਕ ਵਿਚ 15 ਹਜ਼ਾਰ ਰੁਪਏ ਮਹੀਨੇ ਦੀ ਆਮਦਨ ਦਾ ਅੰਦਾਜ਼ਾ ਲਗਾਇਆ ਗਿਆ ਹੈ। ਇਹ ਖਰਚਾ ਬਲਾਕ ਪੱਧਰ 'ਤੇ ਹੀ ਹੋਵੇਗਾ ਤੇ ਹਰ ਬਲਾਕ ਵਿਚ ਪਾਰਟੀ ਦਫ਼ਤਰ ਖੋਲ੍ਹ ਕੇ ਇਸ ਖਰਚ ਨਾਲ ਕੰਮ ਚਲਾਇਆ ਜਾਵੇਗਾ।
ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
NEXT STORY