ਚੌਲਾਂ ਦਾ ਕਟੋਰਾ ਕਹੇ ਜਾਣ ਵਾਲੇ ਛੱਤੀਸਗੜ੍ਹ ਦੀ ਪਵਿੱਤਰ ਧਰਤੀ 'ਤੇ ਮਹਾਨਦੀ, ਪੈਰੀ ਅਤੇ ਸੋਂਢੂਰ ਦੇ ਸੰਗਮ 'ਤੇ ਸਥਿਤ ਹੈ ਛੱਤੀਸਗੜ੍ਹ ਦਾ ਪ੍ਰਯਾਗ ਰਾਜਿਮ, ਜਿਥੇ ਭਗਵਾਨ ਰਾਜੀਵ ਲੋਚਨ ਦਾ ਸ਼ਾਨਦਾਰ ਮੰਦਰ ਸਥਿਤ ਹੈ। ਮੰਦਰ 'ਤੇ ਸਥਿਤ ਸ਼ਿਲਾਲੇਖਾਂ ਰਾਹੀਂ ਇਸ ਦੀ ਪ੍ਰਾਚੀਨਤਾ ਦਾ ਪਤਾ ਲੱਗਦਾ ਹੈ। ਪੱਥਰਾਂ 'ਤੇ ਉਕੇਰੀਆਂ ਵੱਖ-ਵੱਖ ਸ਼ੈਲੀ ਵਿਚ ਬਣੀਆਂ ਮੂਰਤੀਆਂ ਸਹਿਜੇ ਹੀ ਮਨ ਨੂੰ ਆਕਰਸ਼ਿਤ ਕਰ ਲੈਂਦੀਆਂ ਹਨ। ਸ਼ਰਧਾ ਅਨੁਸਾਰ ਅੱਜ ਵੀ ਲੋਕ ਮ੍ਰਿਤਕ ਦੇ ਫੁੱਲ (ਹੱਡੀਆਂ) ਲੈ ਕੇ ਰਾਜਿਮ ਪਹੁੰਚਦੇ ਹਨ। ਰਾਜਿਮ ਸਥਿਤ ਪ੍ਰਯਾਗ 'ਤੇ ਫੁੱਲ ਤਾਰ ਕੇ ਮ੍ਰਿਤਕ ਦੀ ਆਤਮਾ ਦੇ ਮੋਕਸ਼ ਲਈ ਪ੍ਰਾਰਥਨਾ ਕਰਦੇ ਹਨ।
ਸੰਤ ਸ਼ਿਰੋਮਣੀ ਭਗਤ ਮਾਤਾ
ਦੰਦਕਥਾ ਅਨੁਸਾਰ ਰਾਜਿਮ ਵਿਚ ਇਕ ਰਾਮ ਭਗਤ ਔਰਤ ਰਾਜਿਮ ਬਾਈ ਰਹਿੰਦੀ ਸੀ। ਬਾਜ਼ਾਰ ਜਾ ਕੇ ਤੇਲ ਵੇਚਣਾ ਉਸ ਦਾ ਕੰਮ ਸੀ। ਇਕ ਦਿਨ ਕਿਸੇ ਕਾਰਨ ਉਸ ਦੇ ਘੜੇ ਦਾ ਤੇਲ ਧਰਤੀ 'ਤੇ ਡੁੱਲ੍ਹ ਕੇ ਫੈਲ ਗਿਆ। ਇਹ ਦੇਖ ਕੇ ਰਾਜਿਮ ਬਾਈ ਇਥੇ ਪਏ ਪੱਥਰ 'ਤੇ ਘੜੇ ਨੂੰ ਰੱਖ ਕੇ ਪ੍ਰਭੂ ਸ਼੍ਰੀਰਾਮ ਨੂੰ ਯਾਦ ਕਰਕੇ ਉੱਭੀਂ-ਉੱਭੀਂ ਰੋਣ ਲੱਗੀ। ਕੁਝ ਦੇਰ ਪਿੱਛੋਂ ਹੰਝੂ ਪੂੰਝਦਿਆਂ ਘੜੇ ਨੂੰ ਦੇਖਿਆ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਘੜਾ ਤੇਲ ਨਾਲ ਨੱਕੋ-ਨੱਕ ਭਰਿਆ ਹੋਇਆ ਸੀ, ਜੋ ਰਾਜਿਮ ਬਾਈ ਦੀ ਰਾਮ ਭਗਤੀ ਦੀ ਵਿਲੱਖਣ ਮਿਸਾਲ ਸੀ। ਉਦੋਂ ਤੋਂ ਇਸ ਸਥਾਨ ਦਾ ਨਾਂ ਰਾਜਿਮ ਪਿਆ।
ਭਗਤਰਾਜ ਗਰੂੜ
ਭਗਵਾਨ ਰਾਮ ਨੂੰ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਹੈ। ਬੈਕੁੰਠ ਵਿਚ ਭਗਤ ਰਾਜ ਗਰੂੜ ਹਰ ਵੇਲੇ ਭਗਵਾਨ ਵਿਸ਼ਨੂੰ ਦੀ ਸੇਵਾ ਵਿਚ ਲੀਨ ਰਹਿੰਦੇ ਹਨ, ਜੋ ਭਗਵਾਨ ਵਿਸ਼ਨੂੰ ਦਾ ਵਾਹਨ ਵੀ ਮੰਨੇ ਜਾਂਦੇ ਹਨ। ਇਸ ਲਈ ਰਾਜਿਮ ਵਿਚ ਸਥਿਤ ਭਗਵਾਨ ਰਾਜੀਵ ਲੋਚਨ ਦੇ ਮੁਖ ਦੁਆਰ ਦੇ ਸਾਹਮਣੇ ਹੀ ਭਗਤ ਰਾਜ ਗਰੂੜ ਨੂੰ ਸਥਾਪਿਤ ਕੀਤਾ ਗਿਆ ਹੈ।
ਸਾਕਸ਼ੀ ਗੋਪਾਲ
ਭਗਵਾਨ ਕ੍ਰਿਸ਼ਨ ਦਾ ਇਕ ਰੂਪ ਸਾਕਸ਼ੀ ਗੋਪਾਲ ਦੇ ਰੂਪ 'ਚ ਹੈ। ਅਜਿਹੀ ਮਾਨਤਾ ਹੈ ਕਿ ਜਿਹੜਾ ਵੀ ਭਗਤ ਤੀਰਥ ਸਥਾਨਾਂ ਦੇ ਦਰਸ਼ਨ ਕਰਕੇ ਪੁੰਨ ਲਾਭ ਪ੍ਰਾਪਤ ਕਰਦਾ ਹੈ ਤਾਂ ਉਸ ਦੇ ਸਾਕਸ਼ੀ ਦੇ ਰੂਪ ਵਿਚ ਭਗਵਾਨ ਸਾਕਸ਼ੀ ਗੋਪਾਲ ਉਸ ਦੇ ਸਾਹਮਣੇ ਮੌਜੂਦ ਰਹਿੰਦੇ ਹਨ। ਕਿਸੇ ਵੀ ਤੀਰਥ ਸਥਾਨ ਦੀ ਯਾਤਰਾ ਅਤੇ ਪੂਜਾ ਸਾਕਸ਼ੀ ਗੋਪਾਲ ਦੇ ਦਰਸ਼ਨਾਂ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ।
ਸ਼੍ਰੀ ਬਦਰੀ ਵਿਸ਼ਾਲ
ਦਵਾਪਰ ਯੁੱਗ ਦੀ ਸਮਾਪਤੀ 'ਤੇ ਭਗਵਾਨ ਕ੍ਰਿਸ਼ਨ ਆਪਣੀ ਲੌਕਿਕ ਲੀਲਾ ਖਤਮ ਕਰਕੇ ਬਦਰਿਕਾ ਆਸ਼ਰਮ ਵਿਚ ਜਾ ਕੇ ਸਥਾਪਿਤ ਹੋ ਗਏ ਅਤੇ ਆਪਣੇ ਪ੍ਰਧਾਨ ਭਗਤ ਊਧਵ ਨੂੰ ਬਦਰੀਧਾਮ ਜਾ ਕੇ ਪ੍ਰਭੂ ਸੇਵਾ ਵਿਚ ਲੀਨ ਹੋਣ ਲਈ ਕਿਹਾ। ਕਲਯੁੱਗ ਵਿਚ ਅਜਿਹੀ ਮਾਨਤਾ ਹੈ ਕਿ ਜੋ ਪ੍ਰਾਣੀ ਭਗਵਾਨ ਬਦਰੀਨਾਥ ਦਾ ਦਰਸ਼ਨ ਕਰ ਲੈਂਦਾ ਹੈ, ਉਸ ਦੀ ਮੋਕਸ਼ ਗਤੀ ਹੁੰਦੀ ਰਹੀ ਹੈ। ਇਸੇ ਮੋਕਸ਼ ਲਾਭ ਲਈ ਰਾਜਿਮ ਦੇ ਉੱਤਰ-ਪੂਰਬ ਮੰਦਰ 'ਤੇ ਭਗਵਾਨ ਬਦਰੀ ਵਿਸ਼ਾਲ ਦੀ ਸਥਾਪਨਾ ਕੀਤੀ ਗਈ ਹੈ।
ਸ਼੍ਰੀ ਵਾਮਨ ਅਵਤਾਰ
ਸਤਿਯੁੱਗ ਵਿਚ ਦੈਂਤ ਰਾਜ ਬਲੀ ਤਿੰਨਾਂ ਲੋਕਾਂ ਨੂੰ ਜਿੱਤ ਕੇ ਸ਼ਕਤੀਸ਼ਾਲੀ ਬਣ ਚੁੱਕਾ ਸੀ। ਯੁੱਧ ਵਿਚ ਉਸ ਨੂੰ ਕੋਈ ਵੀ ਸ਼ਕਤੀ ਹਰਾ ਨਹੀਂ ਸਕਦੀ ਸੀ। ਉਹ ਹਮੇਸ਼ਾ ਲਈ ਇੰਦਰ ਆਸਨ ਪ੍ਰਾਪਤ ਕਰਨਾ ਚਾਹੁੰਦਾ ਸੀ, ਜਿਸ ਲਈ ਉਹ ਸੌ ਯੱਗ ਕਰ ਰਿਹਾ ਸੀ। ਇਸ ਨਾਲ ਸਾਰੇ ਦੇਵਲੋਕ ਵਿਚ ਖਲਬਲੀ ਮਚ ਗਈ ਅਤੇ ਦੇਵਤੇ ਆਪਣੀ ਰੱਖਿਆ ਲਈ ਵਿਸ਼ਨੂੰ ਜੀ ਦੀ ਸ਼ਰਨ 'ਚ ਗਏ।
ਭਗਵਾਨ ਵਿਸ਼ਨੂੰ ਨੇ ਉਨ੍ਹਾਂ ਨੂੰ ਨਿਡਰਤਾ ਪ੍ਰਦਾਨ ਕੀਤੀ ਅਤੇ ਵਾਮਨ ਦੇ ਰੂਪ ਵਿਚ ਅਵਤਾਰ ਲਿਆ। ਯੱਗ ਕਰਨ ਵੇਲੇ ਦੈਂਤ ਰਾਜ ਬਲੀ ਕੋਲ ਜਾ ਕੇ ਦਾਨ ਦੀ ਬੇਨਤੀ ਕਰਨ ਲੱਗੇ। ਦੈਂਤ ਰਾਜ ਬਲੀ ਨੇ ਤਿੰਨ ਕਦਮ ਜ਼ਮੀਨ ਦਾਨ ਵਿਚ ਦੇਣੀ ਸਵੀਕਾਰ ਕਰ ਲਈ। ਇਕ ਕਦਮ ਨਾਲ ਭਗਵਾਨ ਨੇ ਸਾਰੇ ਆਕਾਸ਼ ਲੋਕ ਨੂੰ ਨਾਪ ਲਿਆ। ਦੂਜੇ ਕਦਮ ਨਾਲ ਸਾਰੀ ਧਰਤੀ ਨੂੰ ਨਾਪ ਲਿਆ ਅਤੇ ਤੀਜਾ ਕਦਮ ਦੈਂਤ ਰਾਜ ਬਲੀ ਦੇ ਸਿਰ 'ਤੇ ਰੱਖ ਦਿੱਤਾ ਅਤੇ ਉਦੋਂ ਤੋਂ ਦੈਂਤ ਰਾਜ ਬਲੀ ਪਾਤਾਲ ਲੋਕ ਵਿਚ ਭਗਵਾਨ ਵਾਮਨ ਦੇ ਉਸੇ ਪੈਰ ਦੀ ਪੂਜਾ ਕਰ ਰਿਹਾ ਹੈ। ਵਿਅਕਤੀ ਆਪਣੇ ਘੁਮੰਡ ਦਾ ਨਾਸ਼ ਕਰਨ ਲਈ ਭਗਵਾਨ ਵਾਮਨ ਦੀ ਪੂਜਾ ਕਰਦਾ ਹੈ।
ਸੰਕਟਮੋਚਨ ਹਨੂੰਮਾਨ
ਅਜਿਹੀ ਮਾਨਤਾ ਹੈ ਕਿ ਭਗਵਾਨ ਰਾਮ ਨੇ ਕਾਰਜ ਸਿੱਧ ਕਰਨ ਲਈ ਭਗਵਾਨ ਸ਼ਿਵ ਨੇ ਵਾਨਰ ਰੂਪ ਵਿਚ ਅਵਤਾਰ ਧਾਰਿਆ ਸੀ, ਇਸੇ ਲਈ ਹਨੂੰਮਾਨ ਨੂੰ ਇਕਾਦਸ਼ ਰੁਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਸੰਕਟ ਮੋਚਨ ਹਨ। ਭਗਵਾਨ ਰਾਮ ਦੇ ਅਨਿੰਨ ਭਗਤ ਹੋਣ ਕਾਰਨ ਰਾਮ ਦਰਬਾਰ ਵਿਚ ਇਨ੍ਹਾਂ ਦੀ ਮੌਜੂਦਗੀ ਜ਼ਰੂਰੀ ਹੈ।
ਕੁਲੇਸ਼ਵਰ ਮਹਾਦੇਵ
ਸੰਗਮ ਵਿਚਾਲੇ ਸਥਿਤ ਸ਼ਿਵਲਿੰਗ, ਜਿਸ ਨੂੰ ਕੁਲੇਸ਼ਵਰ ਮਹਾਦੇਵ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਥੇ ਨਿੱਤ ਦਿਨ ਤ੍ਰਿਵੇਣੀ ਸੰਗਮ ਦੇ ਪਵਿੱਤਰ ਜਲ ਨਾਲ ਅਭਿਸ਼ੇਕ ਕੀਤਾ ਜਾਂਦਾ ਹੈ। ਪਿੱਪਲ ਦੇ ਵਿਸ਼ਾਲ ਰੁੱਖ ਹੇਠਾਂ ਸਥਿਤ ਭਗਵਾਨ ਕੁਲੇਸ਼ਵਰ ਮਹਾਦੇਵ ਦਾ ਮੰਦਰ ਦੇਖਣਯੋਗ ਹੈ।
ਲੋਮਸ਼ ਰਿਸ਼ੀ ਦਾ ਪਵਿੱਤਰ ਆਸ਼ਰਮ
ਪ੍ਰਾਚੀਨ ਕਾਲ 'ਚ ਲੋਕ ਇਸ ਸਥਾਨ ਨੂੰ ਸੁਮੇਰੂ ਪਰਬਤ ਦੇ ਨਾਂ ਨਾਲ ਜਾਣਦੇ ਸਨ। ਇਥੇ ਸਥਿਤ ਵਿਸ਼ਾਲ ਪਿੱਪਲ ਦੇ ਰੁੱਖ ਦੀ ਜੜ੍ਹ ਵਿਚ ਇਕ ਪਵਿੱਤਰ ਗੁਫਾ ਸੀ, ਜਿਸ ਵਿਚ ਬ੍ਰਹਮਾ ਜੀ ਦੇ ਪਰਮ ਤੇਜਸਵੀ ਪੁੱਤਰ ਲੋਮਸ਼ ਰਿਸ਼ੀ ਨੇ ਯੁੱਗਾਂ ਤੱਕ ਅਖੰਡ ਭਗਤੀ ਕੀਤੀ। ਇਸ ਭਗਤੀ ਦੇ ਨਤੀਜੇ ਵਜੋਂ ਹੀ ਉਨ੍ਹਾਂ ਨੂੰ ਚਿਰੰਜੀਵੀ ਹੋਣ ਦਾ ਵਰਦਾਨ ਮਿਲਿਆ। ਕਿਹਾ ਜਾਂਦਾ ਹੈ ਕਿ ਲੋਮਸ਼ ਰਿਸ਼ੀ ਦੀ ਉਚਾਈ 21 ਹੱਥ ਸੀ। ਲੋਮਸ਼ ਰਿਸ਼ੀ ਦੇ ਇਸ ਪਵਿੱਤਰ ਆਸ਼ਰਮ ਵਿਚ ਕਾਕ ਭੁਸ਼ੁੰਡ, ਰਾਧਾ-ਕ੍ਰਿਸ਼ਨ, ਰਾਮ ਦਰਬਾਰ, ਹਨੂੰਮਾਨ, ਵਿਸ਼ਾਲ ਸ਼ਿਵਲਿੰਗ ਦੇ ਨਾਲ ਕਈ ਮੱਠ ਹਨ।
ਰਾਜੀਵ ਲੋਚਨ ਮੰਦਰ
ਸ਼੍ਰੀ ਰਾਜੀਵ ਲੋਚਨ ਮੰਦਰ ਵਿਚ ਉਕੇਰੇ ਸ਼ਿਲਾਲੇਖ ਅਨੁਸਾਰ ਉਕਤ ਮੰਦਰ ਦਾ ਨਿਰਮਾਣ ਸਾਮੰਤ ਜਗਤ ਪਾਲ ਵਲੋਂ ਕੀਤਾ ਗਿਆ ਸੀ। ਇਸ ਇਤਿਹਾਸਕ ਮੰਦਰ ਦੇ ਨਿਰਮਾਣ ਦੀ ਤਰੀਕ ਸੱਤਵੀਂ-ਅੱਠਵੀਂ ਸਦੀ ਮੰਨੀ ਗਈ ਹੈ। ਪ੍ਰਾਪਤ ਸਬੂਤਾਂ ਦੇ ਆਧਾਰ 'ਤੇ ਰਤਨਪੁਰ ਦੇ ਕਲਚੁਰੀ ਨਰੇਸ਼ਾਂ ਦੇ ਸਾਮੰਤ ਜਗਤਪਾਲ ਵਲੋਂ ਬਣਵਾਏ ਗਏ ਇਸ ਮੰਦਰ ਦੇ ਚਾਰ ਅੰਗ ਹਨ। ਪਹਿਲਾ-ਮਹਾਮੰਡਪ, ਦੂਜਾ-ਅੰਤਰਾਲ, ਤੀਜਾ- ਗਰਭਗ੍ਰਹਿ, ਚੌਥਾ- ਪਰਿਕਰਮਾ ਮਾਰਗ। ਮਹਾਮੰਡਪ ਦੇ ਸਤੰਭਾਂ ਦਾ ਸ਼ਿਲਪਕਲਾ ਪੱਖੋਂ ਬੇਹੱਦ ਮਹੱਤਵ ਹੈ।
ਸਾਧਨਾਰਤ ਧੌਮਯ ਰਿਸ਼ੀ
ਪ੍ਰਾਚੀਨ ਕਾਲ ਵਿਚ ਧੌਮਯ ਰਿਸ਼ੀ ਦਾ ਆਸ਼ਰਮ ਸਿੱਖਿਆ-ਦੀਕਸ਼ਾ ਲਈ ਕਾਫੀ ਮਸ਼ਹੂਰ ਸੀ। ਦੂਰੋਂ-ਦੂਰੋਂ ਲੋਕ ਸਿੱਖਿਆ ਪ੍ਰਾਪਤ ਕਰਨ ਲਈ ਰਿਸ਼ੀ ਦੇ ਆਸ਼ਰਮ ਵਿਚ ਪਹੁੰਚਦੇ ਸਨ। ਧੌਮਯ ਰਿਸ਼ੀ ਦਾ ਇਕ ਮਹਾਨ ਸ਼ਿਸ਼ ਸੀ, ਜਿਸ ਨੂੰ ਲੋਕ ਆਰੂਣੀ ਦੇ ਨਾਂ ਨਾਲ ਜਾਣਦੇ ਸਨ। ਧੌਮਯ ਰਿਸ਼ੀ ਆਤਮ-ਗਿਆਨ ਦੇ ਗਿਆਨੀ ਸਨ। ਇਸੇ ਗਿਆਨ ਨੂੰ ਪ੍ਰਾਪਤ ਕਰਕੇ ਆਰੂਣੀ ਮਹਾਨ ਰਿਸ਼ੀ ਦੇ ਰੂਪ ਵਿਚ ਪ੍ਰਸਿੱਧ ਹੋਏ। ਇਥੇ ਸਾਧਨਾਰਤ ਸਥਿਤੀ ਵਿਚ ਧੌਮਯ ਰਿਸ਼ੀ ਦਾ ਰੂਪ ਦੇਖਣ ਹੀ ਵਾਲਾ ਹੈ। ਧੌਮਯ ਰਿਸ਼ੀ ਲੋਮਸ਼ ਰਿਸ਼ੀ ਨੂੰ ਆਪਣਾ ਗੁਰੂ ਮੰਨਦੇ ਸਨ ਅਤੇ ਲੋਮਸ਼ ਰਿਸ਼ੀ ਦੇ ਮਾਰਗਦਰਸ਼ਨ ਵਿਚ ਸਾਧਨਾ ਕਰਦੇ ਸਨ।
ਹੋਰ ਆਕਰਸ਼ਣ
ਰਾਜਿਮ ਕੁੰਭ ਮੇਲਾ ਵੀ ਕਾਫੀ ਲੋਕਪ੍ਰਿਯ ਹੈ। ਸ਼ਹਿਰ ਵਿਚ ਨਹਿਰੂ ਪਾਰਕ ਅਤੇ ਇਥੋਂ ਲੱਗਭਗ 35 ਕਿਲੋਮੀਟਰ ਦੂਰ ਜਟਮਾਈ ਵਿਚ ਸੁੰਦਰ ਝਰਨੇ ਵਿਚਾਲੇ ਸਥਿਤ ਜਟਮਾਈ ਮਾਤਾ ਦਾ ਮੰਦਰ ਵੀ ਭਗਤਾਂ ਅਤੇ ਸੈਲਾਨੀਆਂ 'ਚ ਕਾਫੀ ਪ੍ਰਸਿੱਧ ਹੈ।
ਸੂਫੀ ਸੰਤ ਬਾਬਾ ਸ਼ੇਖ ਫ਼ਰੀਦ
NEXT STORY