ਇਹ ਹਨੇਰਾ ਕਦੋਂ ਤੱਕ ਰਹੇਗਾ? ਜਦੋਂ ਤੱਕ ਤੁਸੀਂ ਖੁਦ ਨੂੰ ਸਰੀਰ ਮੰਨਿਆ ਹੈ, ਇਹ ਹਨੇਰਾ ਬਣਿਆ ਰਹੇਗਾ। ਜਦੋਂ ਤੱਕ ਦੀਵਾ ਹੈ, ਉਸ ਵੇਲੇ ਤੱਕ ਹਨੇਰਾ ਰਹੇਗਾ। ਜੋਤ ਇਕੱਲੀ ਹੋਵੇ ਤਾਂ ਉਸ ਦੇ ਹੇਠਾਂ ਕੋਈ ਹਨੇਰਾ ਨਹੀਂ ਰਹੇਗਾ। ਜੋਤ ਸਹਾਰੇ ਨਾਲ ਹੈ। ਜੋਤ ਦੀਵੇ ਦੇ ਸਹਾਰੇ ਹੈ। ਦੀਵਾ ਤਾਂ ਜੋਤ ਨਹੀਂ। ਜਿੰਨੀ ਜਗ੍ਹਾ ਦੀਵਾ ਘੇਰੇਗਾ, ਓਨੀ ਤਾਂ ਹਨੇਰੇ ਵਿਚ ਰਹੇਗੀ। ਦੀਵਾ ਸਾਰਿਆਂ ਨੂੰ ਰੌਸ਼ਨ ਕਰ ਦਿੰਦਾ ਹੈ ਅਤੇ ਖੁਦ ਹਨੇਰੇ ਵਿਚ ਡੁੱਬਿਆ ਰਹਿ ਜਾਂਦਾ ਹੈ। ਤੁਸੀਂ ਸਾਰਿਆਂ ਨੂੰ ਦੇਖ ਲੈਂਦੇ ਹੋ, ਬਸ ਆਪਣਾ ਦਰਸ਼ਨ ਨਹੀਂ ਹੁੰਦਾ। ਤੁਸੀਂ ਸਾਰਿਆਂ ਨੂੰ ਸਮਝ ਲੈਂਦੇ ਹੋ, ਬਸ ਇਕ ਹੀ ਚੀਜ਼ ਸਮਝੀ ਨਹੀਂ ਜਾਂਦੀ, ਉਹ ਤੁਸੀਂ ਖੁਦ ਹੋ। ਤੁਸੀਂ ਚਾਰੇ ਪਾਸੇ ਜਾਇਦਾਦ ਦੇ ਢੇਰ ਲਗਾ ਲੈਂਦੇ ਹੋ, ਬਸ ਅੰਦਰ ਇਕ ਖਾਲੀਪਣ, ਇਕ ਗਰੀਬੀ ਜਿਹੀ ਰਹਿ ਜਾਂਦੀ ਹੈ। ਤੁਸੀਂ ਦੇਖਿਆ ਹੈ ਕਿ ਅੱਗ ਦਾ ਸੁਭਾਅ ਹੈ ਕਿ ਉਹ ਹਮੇਸ਼ਾ ਉੱਪਰ ਵੱਲ ਜਾਂਦੀ ਹੈ। ਤੁਸੀਂ ਦੀਵੇ ਨੂੰ ਪੁੱਠਾ ਵੀ ਕਰ ਦਿਓ ਤਾਂ ਵੀ ਜੋਤ ਉੱਪਰ ਵੱਲ ਹੀ ਜਾਵੇਗੀ। ਤੁਸੀਂ ਜੋਤ ਨੂੰ ਪੁੱਠਾ ਨਹੀਂ ਕਰ ਸਕੋਗੇ। ਹਿੰਦੂ ਸੂਰਜ ਨੂੰ ਨਮਸਕਾਰ ਕਰਦੇ ਹਨ। ਇਹ ਨਮਸਕਾਰ ਸਿਰਫ ਅੱਗ ਦੇ ਉੱਪਰ ਵੱਲ ਨੂੰ ਜਾਣ ਦੇ ਸੁਭਾਅ ਕਾਰਨ ਹੁੰਦਾ ਹੈ।