ਮਹਿਮੂਦ ਨਾਮੀ ਇਕ ਈਰਾਨੀ ਵਪਾਰੀ ਸੀ। ਇਕ ਵਾਰ ਉਸ ਨੇ ਇਕ ਵੱਡੀ ਦਾਅਵਤ ਦਿੱਤੀ। ਅੱਧੀ ਰਾਤ ਤਕ ਮਹਿਮੂਦ ਦੇ ਘਰ ਦਾਅਵਤ ਚੱਲਦੀ ਰਹੀ। ਭੀੜ-ਭੜੱਕੇ 'ਚ ਇਕ ਚੋਰ ਹਵੇਲੀ 'ਚ ਆ ਕੇ ਲੁਕ ਗਿਆ। ਮਹਿਮੂਦ ਨੇ ਉਸ ਨੂੰ ਦੇਖ ਲਿਆ ਪਰ ਕੁਝ ਨਹੀਂ ਬੋਲਿਆ। ਜਦੋਂ ਸਾਰੇ ਮਹਿਮਾਨ ਚਲੇ ਗਏ ਤਾਂ ਮਹਿਮੂਦ ਨੇ ਨੌਕਰਾਂ ਨੂੰ ਦੋ ਵਿਅਕਤੀਆਂ ਲਈ ਖਾਣਾ ਪਰੋਸਣ ਦਾ ਹੁਕਮ ਦਿੱਤਾ ਅਤੇ ਉਹ ਲੁਕ ਕੇ ਬੈਠੇ ਚੋਰ ਕੋਲ ਜਾ ਪਹੁੰਚਿਆ। ਚੋਰ ਘਬਰਾ ਗਿਆ ਪਰ ਮਹਿਮੂਦ ਨੇ ਉਸ ਨੂੰ ਪਿਆਰ ਨਾਲ ਆਪਣੇ ਕੋਲ ਬਿਠਾ ਕੇ ਖਾਣਾ ਖੁਆਇਆ। ਫਿਰ ਚੋਰੀ ਕਰਨ ਦਾ ਕਾਰਨ ਪੁੱਛਿਆ। ਚੋਰ ਬੋਲਿਆ, ''ਮੇਰਾ ਨਾਂ ਰਮੀਜ਼ ਹੈ। ਮੈਂ ਬਹੁਤ ਅਮੀਰ ਸੀ ਪਰ ਸ਼ਰਾਬ ਦੀ ਆਦਤ ਨੇ ਮੈਨੂੰ ਇਸ ਹਾਲਤ 'ਚ ਪਹੁੰਚਾ ਦਿੱਤਾ।'' ਉਸ ਨੇ ਹੁਣ ਤਕ ਕੀਤੀਆਂ ਗਈਆਂ ਚੋਰੀਆਂ ਬਾਰੇ ਦੱਸਿਆ। ਮਹਿਮੂਦ ਨੇ ਉਸ ਨੂੰ ਤਿੰਨ ਸੌ ਅਸ਼ਰਫੀਆਂ ਦੇ ਕੇ ਚੋਰੀ ਛੱਡ ਕੇ ਕੋਈ ਕਾਰੋਬਾਰ ਸ਼ੁਰੂ ਕਰਨ ਦੀ ਸਲਾਹ ਦਿੱਤੀ। ਚੋਰ ਮੰਨ ਗਿਆ। ਕਈ ਸਾਲ ਬੀਤਣ 'ਤੇ ਰਮੀਜ਼ ਮਹਿਮੂਦ ਕੋਲ ਆਇਆ ਤਾਂ ਮਹਿਮੂਦ ਉਸ ਨੂੰ ਪਛਾਣ ਨਹੀਂ ਸਕਿਆ।
ਰਮੀਜ਼ ਨੇ ਉਸ ਨੂੰ ਆਪਣੇ ਬਾਰੇ ਦੱਸਦਿਆਂ ਕਿਹਾ, ''ਤੁਹਾਡੀ ਚੋਰੀ ਨਾ ਕਰਨ ਦੀ ਨਸੀਹਤ ਮੈਂ ਪੱਲੇ ਬੰਨ੍ਹ ਲਈ ਅਤੇ ਤੁਹਾਡੀਆਂ ਦਿੱਤੀਆਂ ਹੋਈਆਂ ਅਸ਼ਰਫੀਆਂ ਨਾਲ ਵਪਾਰ ਸ਼ੁਰੂ ਕੀਤਾ। ਹੁਣ ਮੇਰੇ ਕੋਲ ਲੱਖਾਂ ਦੀ ਜਾਇਦਾਦ ਹੈ। ਮੈਂ ਚਾਹੁੰਦਾ ਹਾਂ ਕਿ ਤੁਹਾਡੇ ਨਾਲ ਸ਼ਹਿਰ ਕੋਤਵਾਲ ਕੋਲ ਜਾ ਕੇ ਆਪਣੇ ਪਹਿਲੇ ਕੀਤੇ ਅਪਰਾਧਾਂ ਨੂੰ ਕਬੂਲ ਕਰ ਕੇ ਉਨ੍ਹਾਂ ਦੀ ਸਜ਼ਾ ਦਾ ਸਾਹਮਣਾ ਕਰਾਂ, ਨਹੀਂ ਤਾਂ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੇਗੀ।''
ਮਹਿਮੂਦ ਰਮੀਜ਼ ਨੂੰ ਲੈ ਕੇ ਕੋਤਵਾਲ ਕੋਲ ਪਹੁੰਚ ਗਿਆ। ਕੋਤਵਾਲ ਰਮੀਜ਼ ਦੀ ਸੱਚਾਈ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਰਮੀਜ਼ ਨੂੰ ਉਨ੍ਹਾਂ ਲੋਕਾਂ ਨੂੰ ਰਕਮ ਚੁਕਾਉਣ ਦਾ ਹੁਕਮ ਦਿੱਤਾ, ਜਿਨ੍ਹਾਂ ਦੇ ਘਰਾਂ ਵਿਚ ਉਸ ਨੇ ਚੋਰੀ ਕੀਤੀ ਸੀ। ਰਮੀਜ਼ ਨੇ ਚੋਰੀ ਦੇ ਮਾਲ ਤੋਂ ਦੁੱਗਣੇ ਰੁਪਏ ਚੁਕਾਏ। ਉਨ੍ਹਾਂ ਲੋਕਾਂ ਨੇ ਉਸ ਨੂੰ ਦਿਲੋਂ ਮੁਆਫ ਕਰ ਦਿੱਤਾ।