ਠੱਗੇ ਹੋਏ ਡੇਢ ਲੱਖ ਰੁਪਏ ਕੀਤੇ ਵਾਪਸ
ਤਰਨਤਾਰਨ (ਬਲਵਿੰਦਰ ਖਹਿਰਾ)-ਭਾਵੇਂ ਕਿ ਨਿਰਮਲ ਬਾਬਾ, ਆਸਾ ਰਾਮ, ਨਾਰਾਇਣ ਸਾਈ ਅਤੇ ਰਾਮਪਾਲ ਜਿਹੇ ਪਾਖੰਡੀ ਸਾਧ ਸੰਤਾਂ ਦੀਆਂ ਕਾਲੀਆਂ ਕਰਤੂਤਾਂ ਜਨਤਾ ਦੇ ਸਾਹਮਣੇ ਉਜਾਗਰ ਹੋਈਆਂ ਹਨ ਪਰ ਫਿਰ ਵੀ ਪਿੰਡਾਂ ਤੇ ਸ਼ਹਿਰਾਂ ਵਿਚ ਪਾਖੰਡੀ ਸਾਧ ਆਮ ਜਨਤਾ ਦੀਆਂ ਸਰੀਰਕ ਬੀਮਾਰੀਆਂ ਅਤੇ ਘਰੇਲੂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਂ ’ਤੇ ਆਮ ਜਨਤਾ ਦੀ ਲੁੱਟ ਘਸੁੱਟ ਕਰ ਰਹੇ ਹਨ। ਅਜਿਹਾ ਹੀ ਇਕ ਪਾਖੰਡੀ ਸਾਧ ਤਰਕਸ਼ੀਲਾਂ ਦੇ ਅੜਿੱਕੇ ਆਇਆ ਅਤੇ ਠੱਗੇ ਹੋਏ ਪੈਸੇ ਵਾਪਸ ਕਰਨੇ ਪਏ। ਪ੍ਰੈ¤ਸ ਨੂੰ ਜਾਣਕਾਰੀ ਦਿੰਦਿਆਂ ਤਰਕਸ਼ੀਲ ਆਗੂ ਰਜਵੰਤ ਸਿੰਘ ਬਾਗੜੀਆਂ ਨੇ ਦੱਸਿਆ ਕਿ ਤਰਨਤਾਰਨ ਵਾਸੀ ਜਤਿੰਦਰ ਸਿੰਘ ਨੇ ਤਰਕਸ਼ੀਲ ਨੂੰ ਹਲਫੀਆ ਬਿਆਨ ਦਿੱਤਾ ਕਿ ਪਿੰਡ ਨੂਰਦੀ ਨੇੜੇ ਤਰਨਤਾਰਨ ਦੇ ਪਾਖੰਡੀ ਸਾਧ ਖਜਾਨ ਸਿੰਘ ਨੇ ਵਹਿਮਾਂ ਭਰਮਾਂ ਦੇ ਚੱਕਰ ਵਿਚ ਪਾ ਕੇ ਉਸ ਕੋਲੋਂ ਡੇਢ ਲੱਖ ਰੁਪਏ ਠੱਗ ਲਏ ਹਨ, ਉਸਨੇ ਦੱਸਿਆ ਕਿ ਸਾਡਾ ਪਰਿਵਾਰਕ ਮੈਂਬਰ ਦੇ ਲੰਮੇਂ ਸਮੇਂ ਤੋਂ ਬੀਮਾਰ ਹੋਣ ਦੀ ਗੱਲ ਕਰ ਰਹੇ ਹਾਂ ਤਾਂ ਉਕਤ ਸਾਧ ਜੋ ਉਨ੍ਹਾਂ ਦੀ ਦੁਕਾਨ ’ਤੇ ਕੰਮ ਕਰਵਾਉਣ ਆਇਆ ਸੀ ਨੇ ਦੱਸਿਆ ਕਿ ਉਹ ਮਰੀਜ ਨੂੰ ਬਿਨਾ ਦਵਾਈ ਤੋਂ ਠੀਕ ਕਰ ਦੇਵੇਗਾ, ਮੇਰੇ ਕੋਲੋਂ ਪੈਸੇ ਲਏ ਪਰ ਜਦੋਂ ਸਾਡਾ ਮਰੀਜ ਠੀਕ ਨਾ ਹੋਇਆ ਤਾਂ ਪੈਸੇ ਵਾਪਸ ਕਰਨ ਦੀ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਤੇਰੀ 10-12 ਸਾਲ ਦੀ ਲੜਕੀ ਦੀ ਕੁਝ ਹੀ ਦਿਨਾਂ ਬਾਅਦ ਮੌਤ ਹੋ ਜਾਵੇਗੀ, ਜੇਕਰ ਕੋਈ ਉਪਾਅ ਨਾ ਕੀਤਾ ਗਿਆ ਤਾਂ ਮੈਂ ਕਾਫੀ ਡਰ ਗਿਆ ਤੇ ਥੋੜੇ ਥੋੜੇ ਕਰਕੇ ਡੇਢ ਲੱਖ ਰੁਪਏ ਬਾਬੇ ਨੂੰ ਦਿੱਤੇ।
ਫਿਰ ਕਿਸੇ ਤਰਕ ਦੇ ਧਾਰਣੀ ਵਿਅਕਤੀ ਨਾਲ ਗੱਲ ਕੀਤੀ ਤਾਂ ਉਸਨੇ ਮਸਲਾ ਤਰਕਸ਼ੀਲ ਸੁਸਾਇਟੀ ਰਾਹੀਂ ਹੱਲ ਕਰਨ ਲਈ ਪ੍ਰੇਰਿਤ ਕੀਤਾ ਤਾਂ ਸੁਸਾਇਟੀ ਦੀ ਪੜਤਾਲੀਆ ਟੀਮ ਨੇ ਬਾਬੇ ਦੇ ਪਿੰਡ ਜਾਣ ਦਾ ਪ੍ਰੋਗਰਾਮ ਬਣਾਇਆ ਪਰ ਬਾਬੇ ਨੂੰ ਪਹਿਲਾਂ ਹੀ ਇਸਦੀ ਭਿੜਕ ਪੈ ਗਈ ਤਾਂ ਉਸਨੇ 10-10, ਵੀਹ-ਵੀਹ ਹਜ਼ਾਰ ਰੁਪਏ ਕਰਕੇ ਕੁਝ ਦਿਨਾਂ ਵਿਚ ਹੀ ਇਕ ਲੱਖ ਰੁਪਏ ਪੀੜਤ ਵਿਅਕਤੀ ਨੂੰ ਵਾਪਸ ਕਰ ਦਿੱਤੇ। ਮਿਥੇ ਦਿਨ ਸੁਸਾਇਟੀ ਦੀ ਪੜਤਾਲੀਆ ਟੀਮ ਨਰਿੰਦਰ ਸਿੰਘ ਸ਼ੇਖਚੱਕ, ਰਜਵੰਤ ਸਿੰਘ ਬਾਗੜੀਆ, ਤਰਸੇਮ ਸਿੰਘ ਲਾਲੂ ਘੁੰਮਣ, ਮਾਸਟਰ ਤਸਵੀਰ ਸਿੰਘ, ਪ੍ਰਿੰਸੀਪਲ ਜੰਡਿਆਲਾ ਤੇ ਅਧਾਰਿਤ ਉਕਤ ਬਾਬੇ ਦੇ ਘਰ ਪਹੁੰਚੀ ਤਾਂ ਸਾਬਕਾ ਸਰਪੰਚ ਪਰਮਜੀਤ ਸਿੰਘ, ਮੈਂਬਰ ਪੰਚਾਇਤ ਚਰਨਜੀਤ ਸਿੰਘ, ਪ੍ਰਧਾਨ ਜਸਪਾਲ ਸਿੰਘ, ਨੰਬਰਦਾਰ ਸਤਨਾਮ ਸਿੰਘ ਤੋਂ ਪਿੰਡ ਦੇ ਮੋਹਤਬਰਾਂ ਦੀ ਮੌਜੂਦਗੀ ਵਿਚ ਬਾਬੇ ਨੇ ਮੰਨਿਆ ਕਿ ਉਸ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਕਤੀ ਨਹੀਂ ਹੈ ਉਹ ਆਪਣੀ ਲੁੱਟ ਘਸੁੱਟ ਦੀ ਦੁਕਾਨ ਬੰਦ ਕਰ ਦੇਵੇਗਾ ਅਤੇ ਜੋ ਕਿਸ਼ਤਾਂ ਵਿਚ ਬਾਕੀ ਰਹਿੰਦੇ ਪੈਸੇ ਹਨ ਵਾਪਸ ਕਰ ਦੇਵੇਗਾ। ਇਸ ਮੌਕੇ ਤਰਕਸ਼ੀਲ ਆਗੂ ਜਨਤਾ ਨੂੰ ਪਾਖੰਡੀ ਸਾਧਾਂ, ਸੰਤਾਂ, ਤਾਂਤਰਿਕਾਂ ਤੇ ਜੋਤਿਸ਼ਾਂ ਦੇ ਚੱਕਰ ਵਿਚ ਨਾ ਆਉਣ ਦੀ ਲੋਕਾਂ ਨੂੰ ਅਪੀਲ ਵੀ ਕੀਤੀ ਅਤੇ ਕਿਹਾ ਕਿ ਜੇ ਕਰ ਕੋਈ ਸਾਧ ਸੰਤ ਤਰਕਸ਼ੀਲ ਦੀਆਂ ਸ਼ਰਤਾਂ ਅਨੁਸਾਰ ਸ਼ਕਤੀ ਧਾਰਕ ਹੈ ਤਾਂ ਉਸਨੂੰ ਸੁਸਾਇਟੀ ਵਲੋਂ ਪੰਜ ਲੱਖ ਦਾ ਇਨਾਮ ਦਿੱਤਾ ਜਾਵੇਗਾ।
ਜਬਰ-ਜ਼ਨਾਹ ਦੇ ਮਾਮਲੇ 'ਚ 2 ਬਰੀ
NEXT STORY