ਕਾਲਜ ਤੋਂ ਅਧਿਆਪਕ ਦਾ ਅਹੁਦਾ ਤਿਆਗ ਕੇ ਸਵਾਮੀ ਰਾਮਤੀਰਥ ਦੇਸ਼-ਵਿਦੇਸ਼ ਵਿਚ ਗਿਆਨ ਵੰਡਦੇ ਰਹੇ। ਭਾਰਤੀ ਦਰਸ਼ਨ ਅਤੇ ਸੰਸਕ੍ਰਿਤੀ ਦੇ ਗਿਆਨੀ ਜਿਥੇ ਵੀ ਪ੍ਰਵਚਨ ਕਰਦੇ, ਲੋਕ ਉਨ੍ਹਾਂ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਵਹੀਰਾਂ ਘੱਤ ਲੈਂਦੇ। ਇਕ ਵਾਰ ਕੁਝ ਸਮੇਂ ਲਈ ਸਵਾਮੀ ਰਾਮਤੀਰਥ ਅਮਰੀਕਾ ਗਏ। ਉਥੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਲੋਕਾਂ ਦਾ ਮਾਰਗਦਰਸ਼ਨ ਕੀਤਾ। ਉਨ੍ਹਾਂ ਦੇ ਵਿਚਾਰਾਂ ਦਾ ਆਯੋਜਨ ਕਰਨ 'ਚ ਉਨ੍ਹਾਂ ਸਭ ਨੇ ਦਿਲਚਸਪੀ ਲਈ। ਬੁੱਧੀਜੀਵੀ ਉਨ੍ਹਾਂ ਤੋਂ ਬੇਹੱਦ ਪ੍ਰਭਾਵਿਤ ਹੁੰਦੇ ਸਨ। ਦਰਸ਼ਨ ਸ਼ਾਸਤਰ ਅਤੇ ਧਰਮ ਸੰਬੰਧੀ ਉਨ੍ਹਾਂ ਦੇ ਵਿਚਾਰ ਲੋਕਾਂ ਲਈ 'ਆਈ ਓਪਨਰ' ਦੇ ਰੂਪ 'ਚ ਸਾਹਮਣੇ ਆਏ ਅਤੇ ਅਮਰੀਕਾ ਨਿਵਾਸੀ ਉਨ੍ਹਾਂ ਦੇ ਦੀਵਾਨੇ ਹੁੰਦੇ ਗਏ। ਅਮਰੀਕਾ ਦੀਆਂ ਯੂਨੀਵਰਸਿਟੀਆਂ ਦੀ ਇਕ ਉੱਚ-ਕੋਟੀ ਦੀ ਸੰਸਥਾ ਨੇ ਸਵਾਮੀ ਰਾਮਤੀਰਥ ਨੂੰ ਸਮੂਹਿਕ ਰੂਪ ਵਿਚ ਸਨਮਾਨਿਤ ਕਰਨ ਦਾ ਫੈਸਲਾ ਕੀਤਾ। ਇਸ ਅਨੁਸਾਰ ਉਨ੍ਹਾਂ ਨੂੰ ਮਾਨਦ ਦੀ ਉਪਾਧੀ ਦਿੱਤੀ ਜਾਣੀ ਸੀ। ਇਕ ਸ਼ਿਸ਼ਟਮੰਡਲ ਨੂੰ ਸਵਾਮੀ ਜੀ ਕੋਲ ਭੇਜਿਆ ਗਿਆ। ਉਨ੍ਹਾਂ ਤੋਂ ਮਾਨਦ ਉਪਾਧੀ ਨਾਲ ਨਿਵਾਜੇ ਜਾਣ ਦੀ ਮਨਜ਼ੂਰੀ ਲੈਣਾ ਇਸ ਸ਼ਿਸ਼ਟਮੰਡਲ ਦਾ ਕੰਮ ਸੀ। ਸਵਾਮੀ ਰਾਮਤੀਰਥ ਜੀ ਨੇ ਉਨ੍ਹਾਂ ਨੂੰ ਧਿਆਨ ਨਾਲ ਸੁਣਿਆ। ਇਸ ਪਿੱਛੋਂ ਬੜੀ ਨਿਮਰਤਾ ਨਾਲ ਕਿਹਾ, ''ਮਿੱਤਰੋ! ਤੁਹਾਡੇ ਵਲੋਂ ਦਿੱਤੀ ਜਾਣ ਵਾਲੀ ਇਸ ਉਪਾਧੀ ਨੂੰ ਮੈਂ ਸਵੀਕਾਰ ਨਹੀਂ ਕਰ ਸਕਾਂਗਾ।''
''ਸ਼੍ਰੀਮਾਨ ਇੰਝ ਕਿਉਂ?''
''ਮੈਂ ਉਪਾਧੀਆਂ ਨੂੰ ਵਿਆਧੀਆਂ (ਬੀਮਾਰੀ) ਮੰਨਦਾ ਹਾਂ। ਪਹਿਲਾਂ ਹੀ ਐੱਮ. ਏ. ਅਤੇ ਸਵਾਮੀ ਦੀਆਂ ਜੋ ਉਪਾਧੀਆਂ ਮੇਰੇ ਨਾਲ ਚਿਪਕੀਆਂ ਹਨ, ਉਨ੍ਹਾਂ ਨੂੰ ਢੋਅ ਸਕਣਾ ਮੇਰੇ ਲਈ ਔਖਾ ਹੈ। ਮੈਂ ਤੀਜੀ ਉਪਾਧੀ ਦਾ ਭਾਰ ਨਹੀਂ ਚੁੱਕ ਸਕਾਂਗਾ, ਇਸ ਲਈ ਮੈਨੂੰ ਖਿਮਾ ਕਰੋ ਅਤੇ ਇਸ ਗੱਲ ਨੂੰ ਨਜ਼ਰਅੰਦਾਜ਼ ਨਾ ਕਰਿਓ।'' ਕਹਿੰਦੇ-ਕਹਿੰਦੇ ਉਨ੍ਹਾਂ ਨੇ ਦੋਵੇਂ ਹੱਥ ਜੋੜ ਦਿੱਤੇ। ਸ਼ਿਸ਼ਟਮੰਡਲ ਸਵਾਮੀ ਜੀ ਦੀ ਤਿਆਗ ਬਿਰਤੀ ਤੋਂ ਹੈਰਾਨ ਹੋ ਗਿਆ।
- ਸੁਦਰਸ਼ਨ ਭਾਟੀਆ
ਛੱਡ ਦਿਓ ਦੂਜਿਆਂ ਵਿਚੋਂ ਕਮੀਆਂ ਕੱਢਣਾ
NEXT STORY