ਪ੍ਰਸਿੱਧ ਪੰਥਕ ਢਾਡੀ ਜਥਾ ਭਾਈ ਚਰਨ ਸਿੰਘ ਆਲਮਗੀਰ ਤੋਂ ਪ੍ਰਭਾਵਿਤ ਹੋ ਕੇ ਸਾਲ 1994 'ਚ ਢਾਡੀ ਕਲਾ ਅਪਣਾਉਣ ਵਾਲੇ ਪੰਥ ਦੇ ਮਹਾਨ ਢਾਡੀ ਜਥੇ. ਭਾਈ ਪਲਦੀਪ ਸਿੰਘ ਅਠੌਲੀ ਵਾਲਿਆਂ ਨੇ ਛੋਟੀ ਉਮਰ 'ਚ ਹੀ ਇੰਟਰਨੈਸ਼ਨਲ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ ਹੈ। ਹੁਣੇ ਜਿਹੇ ਉਹ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ 'ਚ ਆਪਣੀ ਹਾਜ਼ਰੀ ਦਰਜ ਕਰਵਾ ਕੇ ਵਾਪਸ ਵਤਨ ਪਰਤੇ ਹਨ। ਉਹ ਫਗਵਾੜਾ, ਜ਼ਿਲਾ ਕਪੂਰਥਲਾ ਦੇ ਪਿੰਡ ਅਠੌਲੀ ਦੇ ਵਸਨੀਕ ਹਨ ਤੇ 2 ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਜਥੇਦਾਰ ਗੁਰਬਖਸ਼ ਸਿੰਘ ਅਠੌਲੀ ਦੀ ਅਗਵਾਈ 'ਚ ਅਠੌਲੀ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਸੀ, ਜਿਸ 'ਚ ਹਜ਼ਾਰਾਂ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਗਈ ਸੀ। ਖੂਬਸੂਰਤ ਕਲਾ ਦੇ ਧਨੀ ਤੇ ਬੁਲੰਦ ਆਵਾਜ਼ ਵਾਲੇ ਭਾਈ ਪਲਦੀਪ ਸਿੰਘ ਪਿਛਲੇ 20 ਸਾਲਾਂ ਤੋਂ ਲਗਾਤਾਰ ਢਾਡੀ ਕਲਾ 'ਚ ਬੁਲੰਦੀਆਂ ਨੂੰ ਛੂਹ ਰਹੇ ਹਨ। ਪਲਦੀਪ ਸਿੰਘ ਦੇ ਜਥੇ ਦੀਆਂ ਬਹੁਤ ਸਾਰੀਆਂ ਕੈਸੇਟਾਂ ਵੀ ਮਾਰਕੀਟ 'ਚ ਆ ਚੁੱਕੀਆਂ ਹਨ, ਜੋ ਕਿ ਇਕ ਤੋਂ ਇਕ ਹਿੱਟ ਹੋਈਆਂ ਹਨ। ਉਹ ਹਰ ਸਾਲ ਸਤੰਬਰ ਮਹੀਨੇ 'ਚ ਆਪਣੇ ਨਗਰ ਅਠੌਲੀ ਵਿਖੇ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਆਪਣੀ ਨੇਕ ਕਮਾਈ ਦੇ ਖਰਚੇ 'ਤੇ ਮਹਾਨ ਗੁਰਮਤਿ ਸਮਾਗਮ ਵੀ ਕਰਵਾਉਂਦੇ ਹਨ, ਜਿਸ ਦੇ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਉਸ ਦੇ ਪਿਤਾ ਜੀ ਵਲੋਂ ਕੀਤੀ ਜਾਂਦੀ ਹੈ। ਉਨ੍ਹਾਂ ਦੀਆਂ ਆਈਆਂ ਕੈਸੇਟਾਂ 'ਚ ਜਾਨ ਤੋਂ ਪਿਆਰੀ ਸਿੱਖੀ, ਸਿੰਘਣੀਆਂ, ਧੰਨ ਤੇਰੀ ਕੁਰਬਾਨੀ, ਵਸਦੀ ਰਹਿ ਆਨੰਦਪੁਰੀਏ ਤੇ ਸੱਚ ਨੂੰ ਫਾਂਸੀ ਆਦਿ ਮੁੱਖ ਤੌਰ 'ਤੇ ਸ਼ਾਮਲ ਹਨ। ਭਾਈ ਪਲਦੀਪ ਸਿੰਘ ਦੇ ਜਥੇ ਨੂੰ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ, ਭਾਰਤ ਦੇ ਸਾਬਕਾ ਕੈਬਨਿਟ ਮੰਤਰੀ ਸੁਖਦੇਵ ਸਿੰਘ ਢੀਂਡਸਾ, ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਵਲੋਂ ਵਿਸ਼ੇਸ਼ ਸਨਮਾਨ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਦੇ ਸਾਥੀਆਂ 'ਚ ਹਰਪ੍ਰੀਤ ਸਿੰਘ ਲੋਹਗੜ੍ਹ, ਲਖਵੀਰ ਸਿੰਘ ਆਦਰਾਮਾਨ ਅਤੇ ਗਗਨਦੀਪ ਸਿੰਘ ਸ਼ੰਕਰ ਆਦਿ ਸ਼ਾਮਲ ਹਨ। ਉਨ੍ਹਾਂ ਦੇ ਪਿਤਾ ਜਥੇਦਾਰ ਗੁਰਬਖਸ਼ ਸਿੰਘ ਅਠੌਲੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਹਮੇਸ਼ਾ ਫਖ਼ਰ ਰਹੇਗਾ ਕਿ ਪਲਦੀਪ ਨੇ ਉਨ੍ਹਾਂ ਦੀ ਸੋਚ ਤੋਂ ਵੀ ਵਧ ਕੇ ਉਨ੍ਹਾਂ ਦਾ ਕੱਦ ਮਾਣ ਨਾਲ ਉੱਚਾ ਕੀਤਾ ਹੈ।
- ਮਹੇਸ਼ ਖੋਸਲਾ