ਪਟਿਆਲਾ, (ਜੋਸਨ)- ਅੱਜ ਦੇਰ ਸ਼ਾਮ ਪੰਜਾਬੀ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਭੁੱਖ ਹੜਤਾਲ 'ਤੇ ਬੈਠੇ ਵਿਦਿਆਰਥੀਆਂ ਦੀ ਗੱਲਬਾਤ ਮੁੜ ਟੁੱਟ ਗਈ, ਜਿਸ ਕਾਰਨ ਵਿਦਿਆਰਥੀ ਨੇਤਾਵਾਂ ਨੇ ਮੀਟਿੰਗ ਦਾ ਬਾਈਕਾਟ ਕਰਦੇ ਹੋਏ ਵਾਈਸ ਚਾਂਸਲਰ ਦਫਤਰ ਮੋਹਰੇ ਤਿੱਖੀ ਨਾਅਰੇਬਾਜ਼ੀ ਦੌਰਾਨ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਪੁਤਲਾ ਸਾੜ ਕੇ ਐਲਾਨ ਕੀਤਾ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤਕ ਇਹ ਸੰਘਰਸ਼ ਜਾਰੀ ਰਹੇਗਾ ਤੇ ਹੋਰ ਤਿੱਖਾ ਹੋਵੇਗਾ। ਅੱਜ ਸਾਰਾ ਦਿਨ ਯੂਨੀਵਰਸਿਟੀ ਪ੍ਰਸ਼ਾਸਨ ਦਾ ਭੁੱਖ ਹੜਤਾਲੀਆਂ ਨੂੰ ਉਠਾਉਣ 'ਤੇ ਜ਼ੋਰ ਲੱਗਿਆ ਰਿਹਾ ਤੇ ਪਹਿਲੀ ਵਾਰ ਮੀਟਿੰਗ ਵਿਚ ਯੂਨੀਵਰਸਿਟੀ ਵਲੋਂ 8 ਦੇ ਕਰੀਬ ਸੀਨੀਅਰ ਅਧਿਕਾਰੀ ਜਿਨ੍ਹਾਂ ਵਿਚ ਰਜਿਸਟਰਾਰ ਡਾ. ਦਵਿੰਦਰ ਸਿੰਘ, ਡੀਨ ਅਕੈਡਮਿਕ ਡਾ. ਏ. ਐੱਸ. ਚਾਵਲਾ, ਯੂਨੀਵਰਸਿਟੀ ਦੇ ਕੰਟ੍ਰੋਲਰ ਪਵਨ ਸਿੰਗਲਾ, ਪ੍ਰੋਗੋਸਟ ਨਿਸ਼ਾਨ ਸਿੰਘ, ਡੀਨ ਕਾਲਜਿਜ਼ ਡਾ. ਜਸਮੇਦ ਅਲੀ ਖਾਨ, ਡਾ. ਅੰਮ੍ਰਿਤਪਾਲ ਡੀਨ ਲੜਕੀਆਂ ਬੈਠੇ ਉਧਰੋਂ ਵਿਦਿਆਰਥੀ ਨੇਤਾ ਸੁਮਿਤ ਸੰਮੀ, ਅਰਸ਼ ਸੰਧੂ, ਜਸਪ੍ਰੀਤ ਸੰਧੂ, ਪਰਮਪ੍ਰੀਤ ਸਿੰਘ, ਅਮਰੀਕ ਸਿੰਘ, ਗੁਰਮੁੱਖ ਸਿੰਘ, ਤਿਵਾਸ਼ਪ੍ਰੀਤ ਕੌਰ ਆਦਿ ਨੇ ਮੀਟਿੰਗ ਵਿਚ ਪਹਿਲੀ ਮੰਗ ਇਹ ਰੱਖੀ ਕਿ ਵਿਦਿਆਰਥੀਆਂ 'ਤੇ ਪਰਚੇ ਤੁਰੰਤ ਰੱਦ ਹੋਣੇ ਚਾਹੀਦੇ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਦੀਆਂ ਬਾਕੀ ਸਾਰੀਆਂ ਮੰਗਾਂ ਮਨ ਲਈਆਂ ਗਈਆਂ ਹਨ ਪਰ ਦਰਜ ਕੇਸ ਨੂੰ ਕੈਂਸਲ ਹੋਣ ਨੂੰ ਸਮਾਂ ਲੱਗੇਗਾ ਜਿਸ 'ਤੇ ਵਿਦਿਆਰਥੀ ਨਹੀਂ ਮੰਨੇ। ਉਨ੍ਹਾਂ ਆਖਿਆ ਕਿ ਪਹਿਲਾਂ ਵਿਦਿਆਰਥੀਆਂ ਦੀਆਂ ਅਸਲ ਮੰਗਾਂ ਫੀਸਾਂ 'ਚ ਵਾਧਾ ਵਾਪਸ ਲੈਣਾ, ਹੋਸਟਲਾਂ ਦੀ ਸਮੱਸਿਆ, ਲੜਕੀਆਂ ਦੇ ਹੋਸਟਲਾਂ ਦੇ ਸਮੇਂ ਦਾ ਆਦਿ ਮੰਗਾਂ ਦਾ 25 ਨਵੰਬਰ ਨੂੰ ਅਮਲ ਸ਼ੁਰੂ ਹੋਵੇ ਤਾਂ ਉਹ ਕੁੱਝ ਵਿਚਾਰ ਕਰਨਗੇ ਲੇਕਿਨ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਨੂੰ ਕੇਸ ਰੱਦ ਕਰਵਾਉਣ ਵਾਲੀ ਗੱਲ 'ਤੇ ਸੰਤੁਸ਼ਟ ਨਹੀਂ ਕਰ ਸਕੇ ਜਿਸ ਕਾਰਨ ਵਿਦਿਆਰਥੀਆਂ ਨੇ ਮੀਟਿੰਗ ਦਾ ਬਾਈਕਾਟ ਕਰ ਲਿਆ। ਵਿਦਿਆਰਥੀਆਂ ਦੇ ਅੱਜ ਤੇਜ਼ ਧਰਨੇ ਨੂੰ ਉੱਘੇ ਕਲਾਕਾਰ ਰਣਬੀਰ ਰਾਣਾ ਨੇ ਆਪਣੇ ਸਾਥੀਆਂ ਸਮੇਤ ਜਾ ਕੇ ਹਮਾਇਤ ਕੀਤੀ ਕਿ ਆਖਿਆ ਕਿ ਉਹ ਵਿਦਿਆਰਥੀਆਂ ਦੇ ਨਾਲ ਹਨ। ਇਸ ਮੌਕੇ ਪ੍ਰਯੋਗ ਥਿਏਟਰ ਗਰੁੱਪ, ਡ੍ਰਾਮਾ ਆਰਟ ਗਰੁੱਪ ਸਮੇਤ ਕਈ ਜਥੇਬੰਦੀਆਂ ਨੇ ਵਿਦਿਆਰਥੀਆਂ ਦੀ ਹਮਾਇਤ ਕਰ ਦਿੱਤੀ ਹੈ। ਇਸ ਮੌਕੇ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਸੁਮੀਤ ਸ਼ੰਮੀ, ਹਰਿੰਦਰ ਬਾਜਵਾ ਅਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਅਜੇ ਤੱਕ ਵਿਦਿਆਰਥੀਆਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ। ਵਿਦਿਆਰਥੀ ਆਗੂਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਉੱਪਰ ਦੋਸ਼ ਲਗਾਇਆ ਕਿ ਪ੍ਰਸ਼ਾਸਨ ਹਰ ਵਾਰ ਮੰਗਾਂ ਮੰਨ ਲੈਂਦਾ ਹੈ ਪਰ ਉਨ੍ਹਾਂ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕਰਦਾ। ਇਸ ਸਮੇਂ ਭੁੱਖ ਹੜਤਾਲ 'ਤੇ ਵਿਦਿਆਰਥੀ ਗਗਨਦੀਪ ਸਿੰਘ ਔਜਲਾ, ਸੰਦੀਪ ਸਿੰਘ, ਮਨ ਅਰੋੜਾ, ਸ਼ਿੰਦਰ ਕੌਰ ਅਤੇ ਪਰਮਿੰਦਰ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਨੇਤਾਵਾਂ ਨੇ ਕਿਹਾ ਕਿ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਅੱਜ 3 ਜਥੇਬੰਦੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਪੁਤਲੇ ਫੂਕੇ ਗਏ ਹਨ ਤੇ ਇਹ ਲਗਾਤਾਰ ਹਫਤਾ ਫੂਕੇ ਜਾਣਗੇ। ਇਸ ਸਮੇਂ ਵਿਦਿਆਰਥੀਆਂ ਦੇ ਇਕੱਠ ਨੂੰ ਅਰਸ਼ ਸੰਧੂ, ਜਸਪ੍ਰੀਤ ਸੰਧੂ, ਪਰਮਪ੍ਰੀਤ ਸਿੰਘ, ਅਮਰੀਕ ਸਿੰਘ, ਗੁਰਮੁਖ ਸਿੰਘ, ਤਿਵਾਸ਼ਪ੍ਰੀਤ ਕੌਰ ਨੇ ਸੰਬੋਧਨ ਕੀਤਾ।
ਅੱਜ ਯੂਨੀਵਰਸਿਟੀ ਖੁੱਲ੍ਹੇਗੀ, ਟਕਰਾਅ ਹੋਰ ਵਧੇਗਾ- 20 ਨਵੰਬਰ ਨੂੰ ਵਿਦਿਆਰਥੀਆਂ 'ਤੇ ਲਾਠੀਚਾਰਜ ਹੋਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ 24 ਨਵੰਬਰ ਤੱਕ ਬੰਦ ਕਰ ਦਿੱਤੀ ਗਈ ਸੀ ਜਿਸ ਕਾਰਨ ਵਿਦਿਆਰਥੀ ਯੂਨੀਵਰਸਿਟੀ ਵਿਚ ਨਹੀਂ ਆ ਸਕੇ। 25 ਨਵੰਬਰ ਨੂੰ ਯੂਨੀਵਰਸਿਟੀ ਖੁੱਲ੍ਹ ਜਾਵੇਗੀ। ਯੂਨੀਵਰਸਿਟੀ ਦੇ ਟੀਚਿੰਗ ਅਤੇ ਨਾਨ-ਟੀਚਿੰਗ ਵਿਭਾਗਾਂ ਵਿਚ ਵਿਦਿਆਰਥੀ ਧੜਾ-ਧੜ ਆਉਣਗੇ ਜਿਸ ਕਾਰਨ ਅੱਜ ਸੰਘਰਸ਼ ਹੋ ਤੇਜ਼ ਹੋ ਜਾਵੇਗਾ ਤੇ ਯੂਨੀਵਰਸਿਟੀ ਵਿਚ ਟਕਰਾ ਵਾਲਾ ਮਾਹੌਲ ਬਣੇਗਾ। ਦੇਰ ਸ਼ਾਮ ਖਬਰ ਲਿਖੇ ਜਾਣ ਤੱਕ ਯੂਨੀਵਰਸਿਟੀ ਦੇ ਅਧਿਕਾਰੀ ਇਸ ਮਾਮਲੇ ਨੂੰ ਸੁਲਝਾਉਣ 'ਚ ਲੱਗੇ ਹੋਏ ਸਨ।
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
NEXT STORY