ਮਾਲੇਰਕੋਟਲਾ ( ਜ਼ਹੂਰ, ਅਖਿਲੇਸ਼) - ਅੱਜ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਬੀਤੇ ਦਿਨੀਂ ਭਾਜਪਾ ਯੁਵਾ ਮੋਰਚਾ ਮੰਡਲ ਮਾਲੇਰਕੋਟਲਾ ਦੇ ਪ੍ਰਧਾਨ ਡੀਲੇਸ਼ ਸ਼ਰਮਾ ਦੀ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮਾਲੇਰਕੋਟਲਾ-ਸੰਗਰੂਰ ਸੜਕ 'ਤੇ ਸਥਿਤ ਪੁਲਸ ਥਾਣਾ-1 ਅੱਗੇ ਧਰਨਾ ਦੇ ਕੇ ਪੁਲਸ ਪ੍ਰਸ਼ਾਸਨ ਦੀ ਅਰਥੀ ਫੂਕੀ। ਧਰਨੇ ਨੂੰ ਸੰਬੋਧਨ ਕਰਦਿਆਂ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਯੁਵਾ ਭਾਜਪਾ ਮੰਡਲ ਮਾਲੇਰਕੋਟਲਾ ਦੇ ਪ੍ਰਧਾਨ ਡੀਲੇਸ਼ ਸ਼ਰਮਾ ਦੀ ਕੁੱਟਮਾਰ ਹੋਈ ਨੂੰ 25 ਦਿਨ ਗੁਜ਼ਰ ਚੁੱਕੇ ਹਨ ਅਤੇ ਮੁਲਜ਼ਮਾਂ ਦੀ ਸ਼ਨਾਖ਼ਤ ਹੋਣ ਦੇ ਬਾਵਜੂਦ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਅਤੇ ਨਾ ਹੀ ਮੁਲਜ਼ਮਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਭਾਜਪਾ ਆਗੂ ਵਿਨੋਦ ਜੈਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਮੁਲਜ਼ਮ ਜਲਦੀ ਗ੍ਰਿਫ਼ਤਾਰ ਨਾ ਕੀਤੇ ਤਾਂ ਭਾਜਪਾ ਆਪਣਾ ਸੰਘਰਸ਼ ਤੇਜ਼ ਕਰੇਗੀ। ਭਾਜਪਾ ਮਾਇਨੋਰਿਟੀ ਮੋਰਚਾ ਦੇ ਸੂਬਾਈ ਪ੍ਰਧਾਨ ਮੁਹੰਮਦ ਜ਼ਾਹਿਦ ਪੀਰ ਨੇ ਕਿਹਾ ਕਿ ਸ਼ਹਿਰ 'ਚ ਹਰ ਹਾਲ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ, ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਧਰਨੇ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਅਜੇ ਕਾਂਸਲ, ਖਾਦੀ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਯੋਗੇਸ਼ ਗੁਪਤਾ, ਬਜਰੰਗ ਦਲ ਦੇ ਰਜਿੰਦਰ ਕੁਮਾਰ, ਸਾਬਕਾ ਕੌਂਸਲਰ ਕੇਵਲ ਜਿੰਦਲ ਆਦਿ ਨੇ ਵੀ ਸੰਬੋਧਨ ਕੀਤਾ। ਤਹਿਸੀਲਦਾਰ ਹਰਬੰਸ ਸਿੰਘ ਨੇ ਧਰਨੇ ਵਾਲੀ ਥਾਂ 'ਤੇ ਜਾ ਕੇ ਧਰਨਾਕਾਰੀਆਂ ਨੂੰ ਮਾਮਲਾ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ ਕਰਦਿਆਂ ਧਰਨਾ ਖ਼ਤਮ ਦੀ ਅਪੀਲ ਕੀਤੀ, ਜੋ ਧਰਨਾਕਾਰੀਆਂ ਨੇ ਠੁਕਰਾ ਦਿੱਤੀ। ਇਸ ਉਪਰੰਤ ਜਸਵਿੰਦਰ ਸਿੰਘ ਐੱਸ. ਪੀ. ਮਾਲੇਰਕੋਟਲਾ ਨੇ ਧਰਨਾਕਾਰੀਆਂ ਨੂੰ ਦੱਸਿਆ ਕਿ ਦੋ ਮੁਲਜ਼ਮਾਂ ਨੇ ਅਦਾਲਤ ਤੋਂ ਜ਼ਮਾਨਤ ਕਰਵਾ ਲਈ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਪੁਲਸ ਜਲਦੀ ਹੀ ਗ੍ਰਿਫ਼ਤਾਰ ਕਰ ਲਵੇਗੀ। ਇਸ ਮੌਕੇ ਭਾਜਪਾ ਆਗੂਆਂ ਨੇ ਘਟਨਾ ਦੇ ਜ਼ਿੰਮੇਵਾਰਾਂ ਨੂੰ ਐਤਵਾਰ ਤੱਕ ਗ੍ਰਿਫ਼ਤਾਰ ਕਰਨ ਲਈ ਐੱਸ. ਪੀ. ਜਸਵਿੰਦਰ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਧਰਨਾ ਚੁੱਕਿਆ।
ਮਾਝੀ ਮੁੜ ਬੈਠੇ ਭੁੱਖ ਹੜਤਾਲ 'ਤੇ
NEXT STORY