ਕੇਂਦਰ ਸਰਕਾਰ ਨੇ ਪੈਟਰੋਲੀਅਮ ਉਤਪਾਦਾਂ 'ਤੇ ਐਕਸਾਈਜ਼ ਡਿਊਟੀ ਵਧਾ ਕੇ ਦੇਸ਼ ਨਾਲ ਧੋਖਾ ਕੀਤੈ
ਬਰਨਾਲਾ (ਵਿਵੇਕ ਸਿੰਧਵਾਨੀ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿੰਦੇ ਨਹੀਂ ਥੱਕਦੇ ਕਿ ਦੇਸ਼ ਵਿਚ ਮਹਿੰਗਾਈ ਘੱਟ ਕੀਤੀ ਜਾਵੇਗੀ ਅਤੇ ਦੂਜੇ ਪਾਸੇ ਅੰਤਰਰਾਸ਼ਟਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਪੈਟਰੋਲੀਅਮ ਉਤਪਾਦਾਂ 'ਤੇ ਐਕਸਾਈਜ਼ ਡਿਊਟੀ ਵਧਾ ਕੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਇਹ ਸ਼ਬਦ ਗੁਰਕੀਰਤ ਸਿੰਘ ਕੋਟਲੀ ਸੀਨੀਅਰ ਕਾਂਗਰਸੀ ਆਗੂ ਨੇ ਜ਼ਿਲਾ ਕਾਂਗਰਸ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਨਾਲ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਨਾਲ ਮਹਿੰਗਾਈ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਜੇਕਰ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਨਾ ਵਧਾਉਂਦੀ ਤਾਂ ਤੇਲ ਦੀਆਂ ਕੀਮਤਾਂ ਹੋਰ ਵੀ ਘਟ ਜਾਣੀਆਂ ਸਨ। ਇਸ ਨਾਲ ਟਰਾਂਸਪੋਰਟ ਦਾ ਖਰਚਾ ਵੀ ਘਟ ਜਾਂਦਾ ਅਤੇ ਕਿਰਾਏ ਵੀ ਘੱਟ ਹੋ ਜਾਂਦੇ। ਉਪਰੋਂ ਦੀ ਅੱਗ 'ਤੇ ਘਿਓ ਪਾਉਣ ਦਾ ਕੰਮ ਪੰਜਾਬ ਸਰਕਾਰ ਨੇ ਕਰ ਦਿੱਤਾ ਹੈ, ਜਿਸ ਨੇ ਡੀਜ਼ਲ ਦੀਆਂ ਕੀਮਤਾਂ 'ਤੇ ਚੁੱਪ ਚੁਪੀਤੇ ਦੋ ਵਾਰ ਵੈਟ ਵਧਾ ਦਿੱਤਾ। ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਤੋਂ ਹਰ ਵਰਗ ਦੁਖੀ ਹੈ। ਮੁਲਾਜ਼ਮਾਂ ਨੂੰ ਤਿੰਨ-ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ। ਪੰਜਾਬ ਵਿਚ ਵਿੱਤੀ ਐਮਰਜੈਂਸੀ ਲੱਗਣ ਵਾਲੀ ਹੈ। ਅਕਾਲੀਆਂ ਨੇ ਪੰਜਾਬ ਨੂੰ ਦਲਦਲ ਵਿਚ ਸੁੱਟ ਦਿੱਤਾ ਹੈ। ਝੋਨੇ ਦੀ ਅਦਾਇਗੀ ਅਜੇ ਤੱਕ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਨਹੀਂ ਕੀਤੀ ਗਈ। ਜਿਸ ਕਾਰਨ ਪੂਰੇ ਸੂਬੇ 'ਚ ਪੰਜਾਬ ਸਰਕਾਰ ਖਿਲਾਫ ਧਰਨੇ ਲੱਗ ਰਹੇ ਹਨ। ਇਕ ਪਾਸੇ ਤਾਂ ਮੁੱਖ ਮੰਤਰੀ ਬਾਦਲ ਇਹ ਕਹਿੰਦੇ ਨਹੀਂ ਥੱਕਦੇ ਸਨ ਕਿ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ 24 ਘੰਟਿਆਂ ਦੇ ਵਿਚ-ਵਿਚ ਕਰ ਦਿੱਤੀ ਜਾਵੇਗੀ ਅਤੇ ਦੂਜੇ ਪਾਸੇ ਝੋਨੇ ਦੀ ਫਸਲ ਖ਼ਤਮ ਹੋਈ ਨੂੰ ਤਕਰੀਬਨ 15 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਕਿਸਾਨਾਂ ਨੂੰ ਝੋਨੇ ਦੀ ਪੇਮੈਂਟ ਨਹੀਂ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲਾ ਪ੍ਰਾਈਵੇਟ ਬੱਸ ਆਪ੍ਰੇਟਰ ਦੇ ਪ੍ਰਧਾਨ ਕਾਲਾ ਢਿੱਲੋਂ ਵੀ ਹਾਜ਼ਰ ਸਨ।
ਨਵਾਜ਼ ਸ਼ਰੀਫ ਦਾ ਪੁਤਲਾ ਫੂਕਿਆ
NEXT STORY