ਅੰਮ੍ਰਿਤਸਰ- ਲੋਕ ਸਭਾ 'ਚ ਕਾਂਗਰਸ ਪੱਖ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵੱਲੋਂ ਬੰਧਕ ਬਣਾਏ ਗਏ 40 ਭਾਰਤੀਆਂ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਇਨ੍ਹਾਂ ਲੋਕਾਂ ਦੇ ਪ੍ਰਤੀ ਸਟੇਟਸ ਰਿਪੋਰਟ ਜਾਰੀ ਕਰਨ ਨੂੰ ਕਿਹਾ ਹੈ, ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਹਨ੍ਹੇਰੇ 'ਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਹਰੇਕ ਬੰਧਕ ਦੇ ਪਰਿਵਾਰ ਨੂੰ 20 ਹਜ਼ਾਰ ਰੁਪਏ ਮਹੀਨਾ ਮੁਆਵਜ਼ਾ ਦੇਣ 'ਚ ਫੇਲ ਰਹੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਿੰਦਾ ਕੀਤੀ ਹੈ। ਜੋ ਮੁਆਵਜ਼ਾ ਸਿਰਫ ਇਕ ਮਹੀਨੇ ਦਿੱਤਾ ਗਿਆ।
ਇਕ ਬਿਆਨ 'ਚ ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਧਿਆਨ ਬੰਧਕਾਂ ਦੇ ਪਰਿਵਾਰ ਵਾਲਿਆਂ ਦੀ ਹਾਲਤ ਦੇ ਪ੍ਰਤੀ ਖਿੱਚਿਆ ਹੈ। ਉਨ੍ਹਾਂ ਨੇ ਇਨ੍ਹਾਂ ਲੋਕਾਂ ਦੇ ਪ੍ਰਤੀ ਕੁਝ ਅਫਸਰਾਂ ਵੱਲੋਂ ਅਪਣਾਏ ਜਾ ਰਹੇ ਬੇਰੁਖੇ ਰਵੱਈਏ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਬੰਧਕਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਅਤੇ ਕੇਂਦਰ ਦੋਹਾਂ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਫੋਨ ਵੀ ਚੁੱਕਣੇ ਬੰਦ ਕਰ ਦਿੱਤੇ ਹਨ। ਲੋਕ ਸਭਾ 'ਚ ਕਾਂਗਰਸ ਪੱਖ ਦੇ ਉਪ ਨੇਤਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਅਗਵਾ ਕੀਤੇ 5 ਮਹੀਨੇ ਨਿਕਲ ਚੁੱਕੇ ਹਨ ਅਤੇ ਇਨ੍ਹਾਂ ਬਾਰੇ ਕੁਝ ਪਤਾ ਨਹੀਂ। ਇਨ੍ਹਾਂ ਨੂੰ ਬੀਤੀ 11 ਜੂਨ ਨੂੰ ਆਈ. ਐੱਸ. ਆਈ. ਐੱਸ ਵੱਲੋਂ ਇਰਾਕ ਦੇ ਮੋਸੁਲ ਦੀ ਇਕ ਕੰਸਟਰਕਸ਼ਨ ਕੰਪਨੀ 'ਚ ਕੰਮ ਕਰਦੇ ਹੋਏ ਅਗਵਾ ਕੀਤਾ ਗਿਆ ਸੀ।
ਉਨ੍ਹਾਂ ਨੇ ਬੰਧਕਾਂ ਨੂੰ ਰਿਸ਼ਤੇਦਾਰਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹੋਏ, ਜਿਨ੍ਹਾਂ 'ਚੋਂ ਜ਼ਿਆਦਾਤਰ ਪੰਜਾਬ ਦੇ ਹਨ, ਕਿਹਾ ਕਿ ਉਹ ਸੰਸਦ ਦੇ ਚੱਲ ਰਹੇ ਸੈਸ਼ਨ 'ਚ ਵੀ ਇਹ ਮੁੱਦਾ ਉਠਾਉਣਗੇ। ਹਾਲਾਂਕਿ ਇਹ ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਰਿਸ਼ਤੇਦਾਰਾਂ ਨੂੰ ਜਾਣੂੰ ਕਰਵਾਉਂਦੀ ਰਹੇ ਅਤੇ ਦੱਸੇ ਕਿ ਇਨ੍ਹਾਂ ਲੋਕਾਂ ਨੂੰ ਬਚਾਉਣ ਦੀ ਖਾਤਰ ਕੀ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਇਰਾਕ 'ਚ ਹਾਲਾਤਾਂ ਦੀ ਗੰਭੀਰਤਾ ਨੂੰ ਸਮਝਦੇ ਹਨ ਪਰ ਇਸ ਦੌਰਾਨ ਭਾਰਤ ਸਰਕਾਰ ਇਨ੍ਹਾਂ ਲੋਕਾਂ ਨੂੰ ਬਚਾਉਣ ਲਈ ਕੁਝ ਕਰਦੀ ਨਹੀਂ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵੀ ਨਿੰਦਾ ਕੀਤੀ ਹੈ, ਜੋ ਮਾਮਲੇ 'ਚ ਅੱਗੇ ਵਧਣ ਦੀ ਬਜਾਏ ਸਿਰਫ ਬੰਧਕਾਂ ਦੇ ਰਿਸ਼ਤੇਦਾਰਾਂ ਨਾਲ ਫੋਟੋ ਖਿੱਚਵਾਉਣ ਦਾ ਕੰਮ ਕਰ ਰਹੇ ਹਨ।
105 ਕਰੋੜ ਦੀ ਹੈਰੋਇਨ ਬਰਾਮਦ, ਹੋਇਆ ਵੱਡੇ ਗਿਰੋਹ ਦਾ ਪਰਦਾਫਾਸ਼
NEXT STORY