ਦੁਸ਼ਮਣਾਂ ਦੇ ਭਾਈਵਾਲਾਂ ਨਾਲ ਕੋਈ ਸਮਝੌਤਾ ਨਹੀਂ
ਮਜੀਠੀਆ ਮੰਤਰੀ ਅਹੁਦੇ ਨੂੰ ਤਿਆਗਣ
ਜਲੰਧਰ, (ਧਵਨ) - ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਭਾਜਪਾ ਵਿਚ ਸ਼ਾਮਲ ਹੋਣ ਜਾਂ ਸ਼ਿਅਦ ਵਿਚ ਵਾਪਸੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਦੁਸ਼ਮਣਾਂ (ਬਾਦਲਾਂ) ਦੇ ਭਾਈਵਾਲਾਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ।
ਮਨਪ੍ਰੀਤ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਭਾਜਪਾ, ਅਕਾਲੀ ਦਲ ਨਾਲ ਜੁੜੀ ਹੋਈ ਹੈ, ਜੋ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਹੈ, ਇਸ ਲਈ ਉਹ ਭਾਜਪਾ ਵਿਚ ਜਾਣ ਦੀ ਸੋਚ ਵੀ ਨਹੀਂ ਸਕਦੇ ਹਨ। ਇਸੇ ਤਰ੍ਹਾਂ ਨਾਲ ਅਕਾਲੀ ਦਲ ਵਿਚ ਵਾਪਸੀ ਦਾ ਸਵਾਲ ਹੀ ਨਹੀਂ ਉਠਦਾ ਕਿਉਂਕਿ ਉਨ੍ਹਾਂ ਨੇ ਅਕਾਲੀ ਦਲ ਨੂੰ ਲੈ ਕੇ ਜੋ ਮੁੱਦੇ ਚੁੱਕੇ ਸਨ, ਉਹ ਅਜੇ ਵੀ ਬਰਕਰਾਰ ਹਨ।
ਮਨਪ੍ਰੀਤ ਨੇ ਕਿਹਾ ਕਿ ਪੰਜਾਬ ਅਰਾਜਕਤਾ ਦੀ ਸਥਿਤੀ ਵਿਚ ਲੰਘ ਰਿਹਾ ਹੈ। ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਅਕਾਲੀ ਦਲ ਤੇ ਭਾਜਪਾ ਆਪਸ ਵਿਚ ਲੜ ਰਹੇ ਹਨ। ਕਿਸੇ ਨੂੰ ਸੂਬੇ ਦਾ ਫਿਕਰ ਨਹੀਂ ਹੈ। ਇਹ ਪੁੱਛੇ ਜਾਣ 'ਤੇ ਕਿ ਭਾਜਪਾ ਸਰਕਾਰ 'ਤੇ ਉਂਗਲੀਆਂ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਉਂਗਲੀਆਂ ਉਠਾਉਣ ਨਾਲ ਹੁਣ ਕੰਮ ਚੱਲਣ ਵਾਲਾ ਨਹੀਂ ਹੈ। ਭਾਜਪਾ ਨੇ ਜੇਕਰ ਤੁਰੰਤ ਅਕਾਲੀ ਦਲ ਦਾ ਸਾਥ ਨਾ ਛੱਡਿਆ ਤਾਂ ਉਹ ਵੀ ਉਸ ਦੇ ਨਾਲ ਗੁਨਾਹਾਂ ਵਿਚ ਸਾਂਝੀਦਾਰ ਮੰਨੀ ਜਾਵੇਗੀ। ਮਨਪ੍ਰੀਤ ਨੇ ਕਿਹਾ ਕਿ ਭਾਜਪਾ ਨੂੰ ਸਰਕਾਰ ਤੋਂ ਬਾਹਰ ਆ ਜਾਣਾ ਚਾਹੀਦਾ ਹੈ ਤਾਂ ਹੀ ਉਹ ਗੁਨਾਹਾਂ ਤੋਂ ਆਪਣਾ ਬਚਾਅ ਕਰ ਸਕੇਗੀ। ਜੇਕਰ ਉਹ ਚੋਣ ਵਾਲੇ ਸਾਲ ਵਿਚ ਸਰਕਾਰ ਤੋਂ ਬਾਹਰ ਆਉਂਦੀ ਹੈ ਤਾਂ ਸਾਰੇ ਗੁਨਾਹ ਉਸਦੇ ਸਿਰ ਲੱਗਣਗੇ। ਮਨਪ੍ਰੀਤ ਨੇ ਕਿਹਾ ਕਿ ਚੋਣਾਂ ਵਿਚ ਹਾਰ-ਜਿੱਤ ਤਾਂ ਕਰਮਾਂ ਦਾ ਫਲ ਹੁੰਦਾ ਹੈ। ਬਠਿੰਡਾ ਵਿਚ ਉਹ ਚੋਣਾਂ ਹਾਰ ਕੇ ਵੀ ਜਿੱਤ ਗਏ ਕਿਉਂਕਿ ਮਾਮੂਲੀ ਵੋਟਾਂ ਦੇ ਫਰਕ ਨਾਲ ਉਹ ਹਾਰੇ ਪਰ ਬਾਦਲ ਸਰਕਾਰ ਨੇ ਵੋਟਰਾਂ ਨੂੰ ਖਰੀਦਣ ਲਈ ਨਸ਼ਿਆਂ ਅਤੇ ਪੈਸਿਆਂ ਦੀ ਵੱਡੇ ਪੈਮਾਨੇ 'ਤੇ ਦੁਰਵਰਤੋਂ ਕੀਤੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਵਲੋਂ ਅਕਾਲੀ ਸਰਕਾਰ ਤੇ ਬਾਦਲਾਂ 'ਤੇ ਸਿਆਸੀ ਹਮਲੇ ਕੀਤੇ ਜਾ ਰਹੇ ਹਨ, ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ਵਿਚ ਸਿੱਧੂ ਨੂੰ ਪੁੱਛਿਆ ਕਿ 'ਇਰਾਦਾ ਕਤਲ ਹੈ ਜਾਂ ਨਹੀਂ'। ਮਨਪ੍ਰੀਤ ਨੇ ਕਿਹਾ ਕਿ ਸਿੱਧੂ ਨੂੰ ਹੁਣ ਸਿਰਫ ਧਮਕੀਆਂ 'ਤੇ ਟਿਕੇ ਨਹੀਂ ਰਹਿਣਾ ਚਾਹੀਦਾ ਹੈ ਸਗੋਂ ਹੁਣ ਕੁਝ ਕਰਕੇ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਲੋਕਾਂ ਦੇ ਜਜ਼ਬਾਤਾਂ ਨੂੰ ਉਭਾਰਦੀ ਹੈ।
ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਭੋਲਾ ਡਰੱਗ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਤੁਰੰਤ ਤਲਬ ਕਰਕੇ ਪੁੱਛਗਿੱਛ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮਜੀਠੀਆ ਪੰਜਾਬ ਦੇ ਗ੍ਰਹਿ ਮੰਤਰੀ ਦੇ ਰਿਸ਼ਤੇਦਾਰ ਹਨ, ਇਸ ਲਈ ਜਦੋਂ ਤਕ ਮਜੀਠੀਆ ਨੂੰ ਈ. ਡੀ. ਤੋਂ ਕਲੀਨ ਚਿੱਟ ਨਹੀਂ ਮਿਲ ਜਾਂਦੀ, ਉਦੋਂ ਤਕ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ 'ਤੇ ਬਣੇ ਨਹੀਂ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਜੀਠੀਆ ਮੰਤਰੀ ਅਹੁਦਾ ਛੱਡਦੇ ਹਨ ਤਾਂ ਇਸ ਨਾਲ ਉਨ੍ਹਾਂ ਦਾ ਕੱਦ ਹੋਰ ਉੱਚਾ ਹੋਵੇਗਾ ਅਤੇ ਨਿਰਪੱਖ ਜਾਂਚ ਸੰਭਵ ਹੋ ਸਕੇਗੀ। ਮਜੀਠੀਆ ਨੂੰ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੂੰ ਯਾਦ ਕਰਨਾ ਚਾਹੀਦਾ ਜਿਨ੍ਹਾਂ ਡਰੱਗ ਰੈਕੇਟ ਵਿਚ ਆਪਣੇ ਬੇਟੇ ਦਾ ਨਾਂ ਆਉਣ ਮਗਰੋਂ ਮੰਤਰੀ ਦਾ ਅਹੁਦਾ ਛੱਡ ਦਿੱਤਾ।
ਮਨਪ੍ਰੀਤ ਸਿੰਘ ਨੇ ਕਿਹਾ ਈ. ਡੀ. ਨੇ ਡਰੱਗ ਰੈਕੇਟ ਵਿਚ ਮਜੀਠੀਆ ਨੂੰ ਲੈ ਕੇ ਸਵਾਲ ਤਿਆਰ ਕੀਤੇ ਹੋਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਮਜੀਠੀਆ 'ਤੇ ਲੱਗੇ ਦੋਸ਼ ਗੰਭੀਰ ਹਨ। ਜੇਕਰ ਉਹ ਜਾਂਚ ਨਾਲ ਸਾਫ ਦਾਮਨ ਬਾਹਰ ਨਿਕਲਦੇ ਹਨ ਤਾਂ ਇਹ ਉਨ੍ਹਾਂ ਲਈ ਲਾਭਕਾਰੀ ਹੋਵੇਗਾ। ਉਨ੍ਹਾਂ ਭਾਜਪਾ 'ਤੇ ਦੋਸ਼ ਲਗਾਇਆ ਕਿ ਉਹ ਡਰੱਗ ਰੈਕੇਟ ਵਿਚ ਦੋਹਰੇ ਮਾਪਦੰਡ ਅਪਣਾ ਰਹੀ ਹੈ। ਇਕ ਪਾਸੇ ਤਾਂ ਉਹ ਅਵਿਨਾਸ਼ ਚੰਦਰ ਤੋਂ ਅਸਤੀਫਾ ਮੰਗ ਰਹੀ ਹੈ ਪਰ ਦੂਸਰੇ ਪਾਸੇ ਮਜੀਠੀਆ ਦੇ ਮਾਮਲੇ ਵਿਚ ਚੁੱਪ ਬੈਠੀ ਹੋਈ ਹੈ।
ਉਨ੍ਹਾਂ ਕਿਹਾ ਕਿ ਭੋਲਾ ਡਰੱਗ ਸਕੈਂਡਲ ਦੀ ਜਾਂਚ ਹੁਣ ਪੰਜਾਬ ਸਰਕਾਰ ਨੂੰ ਸੀ. ਬੀ. ਆਈ. ਦੇ ਹਵਾਲੇ ਕਰ ਦੇਣੀ ਚਾਹੀਦੀ ਹੈ। ਪਹਿਲਾਂ ਤਾਂ ਬਾਦਲ ਇਹ ਕਹਿੰਦੇ ਸਨ ਕਿ ਕੇਂਦਰ ਵਿਚ ਕਾਂਗਰਸ ਸਰਕਾਰ ਹੈ, ਇਸ ਲਈ ਜਾਂਚ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਜਾਵੇਗਾ ਪਰ ਹੁਣ ਤਾਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ, ਇਸ ਲਈ ਹੁਣ ਬਾਦਲ ਨੂੰ ਸੀ. ਬੀ. ਆਈ. ਦੀ ਨਿਰਪੱਖਤਾ 'ਤੇ ਸਵਾਲ ਖੜ੍ਹਾ ਨਹੀਂ ਕਰਨਾ ਚਾਹੀਦਾ ਹੈ।
ਮਨਪ੍ਰੀਤ ਨੇ ਕਿਹਾ ਕਿ ਕਾਂਗਰਸ ਨਾਲ ਉਨ੍ਹਾਂ ਦੀ ਪਾਰਟੀ ਦਾ ਗਠਜੋੜ ਜਾਰੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਕਾਂਗਰਸ ਦੇ ਮਸ਼ਹੂਰ ਨੇਤਾ ਉਨ੍ਹਾਂ ਨੂੰ ਹਜ਼ਮ ਨਹੀਂ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਗੱਲਾਂ ਹੋਈਆਂ ਤਾਂ ਫਿਰ ਰਸਤਾ ਵੱਖਰਾ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਨਗਰ ਨਿਗਮ ਅਤੇ ਕੌਂਸਲ ਚੋਣਾਂ ਵਿਚ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਵਿਰੋਧੀ ਪਾਰਟੀਆਂ ਇਕਜੁਟ ਹੋ ਕੇ ਅਕਾਲੀ-ਭਾਜਪਾ ਨੂੰ ਹਰਾਉਣ।
ਇਸ ਮੌਕੇ ਪਾਰਟੀ ਦੇ ਸੈਕਟਰੀ ਜਨਰਲ ਗੁਰਪ੍ਰੀਤ ਭੱਟੀ, ਪਾਰਟੀ ਬੁਲਾਰੇ ਡਾ. ਨਵਜੋਤ ਦਹੀਆ ਅਤੇ ਗੁਰਪ੍ਰੀਤ ਸਿੰਘ ਰਾਜਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਿਆਸਤ ਵਿਚ ਈਮਾਨਦਾਰੀ ਦੀ ਜੰਗ ਉਹ ਲੜਦੇ ਰਹਿਣਗੇ। ਉਨ੍ਹਾਂ ਸ਼ੇਅਰ ਪੜ੍ਹਦੇ ਹੋਏ ਕਿਹਾ ਕਿ
'ਕਿ ਮੁਹੱਬਤ ਤੋ ਸਿਆਸਤ ਕਾ ਚਲਨ ਛੋੜ ਦੀਆ,
ਅਗਰ ਹਮ ਪਿਆਰ ਨਾ ਕਰਤੇ ਤੋ ਹਕੂਮਤ ਕਰਤੇ।'
ਪੰਜਾਬ ਦਾ ਅਰਥਚਾਰਾ ਸੁਧਾਰਨ ਲਈ ਦਿੱਤੇ 10 ਟਿਪਸ
ਮਨਪ੍ਰੀਤ ਭਾਵੇਂ ਪੰਜਾਬ ਦੇ ਵਿੱਤ ਮੰਤਰੀ ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਨੇ ਸੂਬੇ ਦੇ ਅਰਥਚਾਰੇ ਨੂੰ ਸੁਧਾਰਨ ਲਈ 10 ਟਿਪਸ ਦਿੱਤੇ ਹਨ, ਜੋ ਹੇਠ ਲਿਖਤ ਹਨ-
• ਪੁਲਸ ਸੁਧਾਰਾਂ ਨੂੰ ਲਾਗੂ ਕਰਦੇ ਹੋਏ ਪੁਲਸ ਨੂੰ ਖੁਦਮੁਖਤਿਆਰੀ ਦਿੱਤੀ ਜਾਵੇ। ਪੁਲਸ ਪ੍ਰਣਾਲੀ ਵਿਚ ਸੁਧਾਰ ਲਿਆਉਂਦੇ ਹੋਏ ਹਲਕਿਆਂ ਮੁਤਾਬਕ ਨੇਤਾਵਾਂ ਜਾਂ ਵਿਧਾਇਕਾਂ ਦੇ ਕਹਿਣ 'ਤੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਰੋਕੀਆਂ ਜਾਣ।
• ਸ਼ਹਿਰੀ ਖੇਤਰਾਂ ਵਿਚ ਸੁਧਾਰਾਂ ਨੂੰ ਲਾਗੂ ਕਰਦੇ ਹੋਏ ਵਿਕਾਸ ਦੀ ਸਮੁੱਚਿਤ ਯੋਜਨਾ ਬਣਾਈ ਜਾਵੇ।
• ਪੰਜਾਬ ਸਰਕਾਰ ਨੂੰ ਪੂੰਜੀ ਨਿਵੇਸ਼ ਲਈ ਅਨੁਕੂਲ ਮਾਹੌਲ ਪੈਦਾ ਕਰਨਾ ਚਾਹੀਦਾ ਹੈ ਅਤੇ ਭ੍ਰਿਸ਼ਟਾਚਾਰ 'ਤੇ ਲਗਾਮ ਲੱਗਣੀ ਚਾਹੀਦੀ ਹੈ।
• ਸਿੱਖਿਆ ਵਿਚ ਸੁਧਾਰਾਂ ਨੂੰ ਲਾਗੂ ਕਰਦੇ ਹੋਏ ਸਿੱਖਿਆ ਦਾ ਪੱਧਰ ਉੱਚਾ ਚੁੱਕਣਾ ਚਾਹੀਦਾ ਹੈ। ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਲਈ ਅਨੁਕੂਲ ਮਾਹੌਲ ਬਣਾਇਆ ਜਾਵੇ।
• ਆਂਧਰਾ ਪ੍ਰਦੇਸ਼ ਵਿਚ ਚੰਦਰ ਬਾਬੂ ਨਾਇਡੂ ਵਲੋਂ ਉਦਯੋਗੀਕਰਨ ਦੀ ਲਾਗੂ ਨੀਤੀ ਨੂੰ ਯਾਦ ਕਰਦੇ ਹੋਏ ਨਵੇਂ ਉਦਯੋਗਾਂ ਨੂੰ ਮੁਫਤ ਵਿਚ ਜ਼ਮੀਨ ਦਿੱਤੀ ਜਾਵੇ ਅਤੇ ਨਵੇਂ ਉਦਯੋਗ ਸਥਾਪਿਤ ਕਰਨ ਲਈ 7 ਦਿਨ ਵਿਚ ਕਲੀਅਰੈਂਸ ਮਿਲਣੀ ਚਾਹੀਦੀ ਹੈ।
• ਹਰਿਆਣਾ ਵਿਚ ਜਿਸ ਤਰ੍ਹਾਂ ਮਾਰੂਤੀ ਉਦਯੋਗ ਵਲੋਂ ਸਰਕਾਰ ਨੂੰ ਇਕੱਲੇ ਸਾਲਾਨਾ 1000 ਕਰੋੜ ਰੁਪਏ ਦਾ ਵੈਟ ਦਿੱਤਾ ਜਾਂਦਾ ਹੈ, ਉਸੇ ਤਰਜ 'ਤੇ ਪੰਜਾਬ ਵਿਚ ਭਾਰੀ ਉਦਯੋਗ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ, ਜਿਸ ਨਾਲ ਸਰਕਾਰ ਦੀ ਆਮਦਨੀ ਵਧ ਸਕੇ।
• ਪ੍ਰੋਗ੍ਰੈਸਿਵ ਪੰਜਾਬ ਸਮਿਟ ਵਿਚ ਰਾਜ ਵਿਚ 65 ਹਜ਼ਾਰ ਕਰੋੜ ਦੇ ਨਵੇਂ ਉਦਯੋਗ ਆਉਣ ਦੀ ਗੱਲ ਕਹੀ ਗਈ ਸੀ ਪਰ ਹੋਇਆ ਕੁਝ ਨਹੀਂ। ਇਨ੍ਹਾਂ ਨੂੰ ਅਸਲੀਅਤ ਵਿਚ ਬਦਲਿਆ ਜਾਵੇ।
• ਅਪ੍ਰਵਾਸੀਆਂ ਵਲੋਂ ਪੰਜਾਬ ਵਿਚ ਵੱਡੇ ਪੈਮਾਨੇ 'ਤੇ ਪੂੰਜੀ ਨਿਵੇਸ਼ ਕੀਤੀ ਜਾ ਸਕਦੀ ਹੈ ਪਰ ਇਸ ਦੇ ਲਈ ਭ੍ਰਿਸ਼ਟਾਚਾਰ ਖਤਮ ਕਰਕੇ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਜਾਵੇ।
• ਆਈ. ਟੀ. ਹਬ ਦੇ ਰੂਪ ਵਿਚ ਪੰਜਾਬ ਨੂੰ ਉਭਾਰਿਆ ਜਾਵੇ ਜਿਸ ਨਾਲ ਬਰਾਮਦ ਵਧਣ ਨਾਲ ਸਰਕਾਰ ਦੀ ਆਮਦਨੀ ਵਧੇਗੀ।
• ਕਾਨੂੰਨ ਦਾ ਰਾਜ ਪੰਜਾਬ ਵਿਚ ਲਾਗੂ ਹੋਵੇ। ਨਿਯਮਾਂ ਮੁਤਾਬਕ ਸਾਰੇ ਸਰਕਾਰੀ ਵਿਭਾਗਾਂ ਤੇ ਪੁਲਸ ਪ੍ਰਸ਼ਾਸਨ ਵਿਚ ਕੰਮਕਾਜ ਹੋਵੇ।
ਸਬੂਤਾਂ ਤੋ ਬਗੈਰ ਮਜੀਠੀਆ 'ਤੇ ਕਾਰਵਾਈ ਨਹੀ : ਬਾਦਲ (ਵੀਡੀਓ)
NEXT STORY