ਚੰਡੀਗੜ੍ਹ, (ਪਰਾਸ਼ਰ)-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੁੱਧਵਾਰ ਵਿਰੋਧੀ ਧਿਰ ਦੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤੇ ਜਾਣ ਦੀ ਮੰਗ ਨੂੰ ਰੱਦ ਕਰ ਦਿੱਤਾ। ਮੰਤਰੀ ਮੰਡਲ ਦੀ ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਅਖ਼ਬਾਰਾਂ 'ਚ ਛਪ ਰਹੀਆਂ ਖ਼ਬਰਾਂ ਦੇ ਆਧਾਰ 'ਤੇ ਹੀ ਕਿਸੇ ਵਿਰੁੱਧ ਕਾਰਵਾਈ ਨਹੀਂ ਕੀਤੀ ਜਾ ਸਕਦੀ। ਇਸ ਲਈ ਠੋਸ ਸਬੂਤ ਹੋਣੇ ਚਾਹੀਦੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸ਼ਿਕਾਇਤ ਨਾਲ ਸਹਿਮਤ ਹਨ ਕਿ ਮੋਦੀ ਸਰਕਾਰ ਕਈ ਸੂਬਿਆਂ ਵਿਰੁੱਧ ਸੀ. ਬੀ. ਆਈ. ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਦੁਰਵਰਤੋਂ ਕਰ ਰਹੀ ਹੈ, ਤਾਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।
ਇਸੇ ਵਿਚਕਾਰ ਉੱਚ ਪੱਧਰੀ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਮਜੀਠੀਆ ਦੇ ਕੇਸ 'ਚ ਫਿਲਹਾਲ ਵੇਟ ਐਂਡ ਵਾਚ ਦੀ ਪਾਲਿਸੀ ਅਪਣਾਉਣ ਦਾ ਫੈਸਲਾ ਲਿਆ ਹੈ। ਹਾਲਾਂਕਿ ਅਖ਼ਬਾਰਾਂ ਵਿਚ ਇਹ ਖ਼ਬਰਾਂ ਛਪ ਰਹੀਆਂ ਹਨ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਮਜੀਠੀਆ ਨੂੰ ਬੁਲਾ ਕੇ ਉਨ੍ਹਾਂ ਨੂੰ ਡਰੱਗ ਸਮੱਗਲਰਾਂ ਨਾਲ ਸੰਬੰਧਾਂ ਤੇ ਲੈਣ-ਦੇਣ ਦੇ ਮਾਮਲੇ 'ਚ ਪੁੱਛਗਿਛ ਕਰਨਾ ਚਾਹੁੰਦਾ ਹੈ ਪਰ ਅਜੇ ਤਕ ਸਰਕਾਰ ਨੂੰ ਨਾ ਤਾਂ ਕੋਈ ਅਧਿਕਾਰਕਤ ਸੂਚਨਾ ਮਿਲੀ ਹੈ ਤੇ ਨਾ ਹੀ ਮਜੀਠੀਆ ਨੂੰ ਈ. ਡੀ. ਵਲੋਂ ਕੋਈ ਸੰਮਨ ਆਇਆ ਹੈ।
ਕੈਬਨਿਟ 'ਚ ਚਰਚਾ ਨਹੀਂ : ਪੰਜਾਬ ਮੰਤਰੀ ਮੰਡਲ ਦੀ ਅੱਜ ਹੋਈ ਬੈਠਕ 'ਚ ਇਸ ਮੁੱਦੇ 'ਤੇ ਕੋਈ ਚਰਚਾ ਨਹੀਂ ਹੋਈ। ਹਾਲਾਂਕਿ ਬੈਠਕ ਮਗਰੋਂ ਕਈ ਮੰਤਰੀ ਇਸ ਮੁੱਦੇ ਨੂੰ ਲੈ ਕੇ ਗੰਭੀਰ ਨਜ਼ਰ ਆਏ। ਅਖ਼ਬਾਰਾਂ ਵਿਚ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਘਟਨਾ 'ਤੇ ਨਜ਼ਰ ਰੱਖ ਰਹੀ ਹੈ ਤੇ ਸਹੀ ਸਮੇਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਵਿਰੋਧੀ ਧਿਰ ਵਲੋਂ ਡਰੱਗ ਸਮੱਗਲਰਾਂ ਨਾਲ ਸੰਬੰਧਾਂ ਨੂੰ ਲੈ ਕੇ ਮਜੀਠੀਆ ਦੇ ਵਿਰੁੱਧ ਕੀਤਾ ਜਾ ਰਿਹਾ ਪ੍ਰਚਾਰ ਆਧਾਰਹੀਣ ਹੈ ਕਿਉਂਕਿ ਜਨਤਕ ਜੀਵਨ 'ਚ ਹਰ ਤਰ੍ਹਾਂ ਦੇ ਲੋਕ ਮੰਤਰੀਆਂ ਨੂੰ ਮਿਲਦੇ ਰਹਿੰਦੇ ਹਨ ਤੇ ਉਨ੍ਹਾਂ ਨਾਲ ਫੋਟੋਆਂ ਵੀ ਖਿਚਵਾਉਂਦੇ ਰਹੇ ਹਨ। ਇਸ ਦਾ ਅਰਥ ਇਹ ਨਹੀਂ ਕਿ ਰਾਜਨੇਤਾਵਾਂ ਦੇ ਉਨ੍ਹਾਂ ਨਾਲ ਕੋਈ ਗਹਿਰੇ ਸੰਬੰਧ ਹਨ ਜਾਂ ਫਿਰ ਕੋਈ ਵਪਾਰਕ ਲੈਣ-ਦੇਣ ਹੈ।
ਕਲੇਸ਼ ਤੋਂ ਤੰਗ ਆ ਕੇ ਮਾਂ ਬੇਟੀ ਨੇ ਮਾਰੀ ਗੱਡੀ ਅੱਗੇ ਛਾਲ, ਬੱਚੀ ਦੀ ਮੌਕੇ ਤੇ ਮੌਤ
NEXT STORY