ਮਾਲੇਰਕੋਟਲਾ : ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿਚ ਭਾਵੇਂ ਕਿੰਨੇ ਹੀ ਮਾਰਕੇ ਮਾਰਨ ਦਾ ਦਾਅਵਾ ਕਰੇ ਪਰ ਜ਼ਮੀਨੀ ਸੱਚਾਈ ਇਹ ਹੈ ਕਿ ਸੂਬੇ ਦੇ ਕਈ ਇਲਾਕਿਆਂ ਵਿਚ ਬੱਚਿਆਂ ਦੇ ਪੜ੍ਹਨ ਲਈ ਸਕੂਲ ਤਕ ਨਹੀਂ ਹਨ। ਕਰੀਬ ਚਾਰ ਲੱਖ ਦੀ ਆਬਾਦੀ ਵਾਲੇ ਮਾਲੇਰਕੋਟਲਾ ਵਿਚ ਮੁੰਡਿਆਂ ਦਾ ਸਕੂਲ 10ਵੀਂ ਜਮਾਤ ਤਕ ਹੀ ਹੈ ਤੇ 10ਵੀਂ ਤੋਂ ਬਾਅਦ ਇਥੋਂ ਦੇ ਮੁੰਡਿਆਂ ਨੂੰ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਏ। ਜਿਸ ਕਾਰਨ ਵਿਦਿਆਰਥੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੂਜੇ ਪਾਸੇ ਮਾਲੇਰਕੋਟਲਾ ਵਿਖੇ ਸਥਿਤ ਲੜਕੀਆਂ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਹਾਲਤ ਵੀ ਬਹੁਤ ਖਸਤਾ ਹੈ ਤੇ ਇਸ ਨੂੰ ਅਣ ਸੇਫ ਐਲਾਨਿਆ ਗਿਆ ਹੈ। ਸਕੂਲ ਦੀ ਇਮਾਰਤ ਛੋਟੀ ਹੋਣ ਕਾਰਨ ਸਕੂਲ ਦੋ ਸ਼ਿਫਟਾਂ 'ਚ ਲੱਗਦਾ ਹੈ, ਜਿਸ ਨਾਲ ਸਰਦੀਆਂ ਵਿਚ ਵਿਦਿਆਰਥਣਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲ ਦੀਆਂ ਕਰੀਬ 1100 ਵਿਦਿਆਰਥਣਾਂ ਵਿਚੋਂ 700 ਦੇ ਕਰੀਬ ਵਿਦਿਆਰਥਣਾਂ ਭਾਰੀ ਠੰਡ ਵਿਚ ਸਵੇਰੇ ਸਾਢੇ ਸੱਤ ਵਜੇ ਸਕੂਲ ਆਉਣ ਨੂੰ ਮਜ਼ਬੂਰ ਹਨ ਜਦਕਿ ਦੂਜੀ ਸ਼ਿਫਟ ਵਿਚ ਕਰੀਬ 400 ਵਿਦਿਆਰਥਣਾਂ ਬਾਰਾਂ ਵਜੇ ਤੋਂ ਲੈ ਕੇ ਕਰੀਬ ਸਾਢੇ ਚਾਰ ਵਜੇ ਤਕ ਆਪਣੀ ਪੜ੍ਹਾਈ ਪੂਰੀ ਕਰਦੀਆਂ ਹਨ। ਸਕੂਲ ਪ੍ਰਿੰਸੀਪਲ ਮਹਿੰਦਰ ਕੌਰ ਨੇ ਵੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਸਕੂਲ ਨੂੰ ਖਾਲੀ ਪਈ ਕੋਈ ਜਗ੍ਹਾ ਦਿੱਤੀ ਜਾਵੇ ਤਾਂ ਜੋ ਸਕੂਲ ਨੂੰ ਵਧੀਆ ਇਮਾਰਤ ਬਣਾ ਕੇ ਉਥੇ ਸ਼ਿਫਟ ਕੀਤਾ ਜਾ ਸਕੇ।
ਨਸ਼ਾ ਸਮੱਗਲਰ ਨੂੰ ਹੋਈ 10 ਸਾਲ ਦੀ ਕੈਦ
NEXT STORY