ਸੂਰਜ ਦੀ ਰੌਸ਼ਨੀ ਸਾਹਮਣੇ ਦੀਵਾ ਕੀ ਕਰ ਸਕਦਾ ਹੈ? ਅਮੀਰ ਆਦਮੀ ਨੂੰ ਦਾਨ ਦੇਣ ਦਾ ਕੀ ਫਾਇਦਾ? ਜਿਸ ਕੋਲ ਲੋੜੀਂਦੀ ਮਾਤਰਾ ਵਿਚ ਪੈਸਾ ਹੋਵੇ, ਉਸ ਦੇ ਸਾਹਮਣੇ ਦਾਨ ਦਿੱਤੀ ਗਈ ਚੀਜ਼ ਦੀ ਕੋਈ ਕੀਮਤ ਨਹੀਂ ਹੁੰਦੀ। ਦਾਨ ਹਮੇਸ਼ਾ ਗਰੀਬ ਨੂੰ ਦੇਣਾ ਚਾਹੀਦਾ ਹੈ। ਗਰੀਬ ਹਮੇਸ਼ਾ ਪੈਸੇ ਦੀ ਭਾਲ ਵਿਚ ਭਟਕਦਾ ਹੈ। ਉਸ ਦੇ ਦਿਲ ਵਿਚ ਹਮੇਸ਼ਾ ਅਮੀਰ ਬਣਨ ਦੀ ਇੱਛਾ ਬਣੀ ਰਹਿੰਦੀ ਹੈ। ਹਰ ਮਨੁੱਖ ਦੀ ਇਹ ਇੱਛਾ ਰਹਿੰਦੀ ਹੈ ਕਿ ਉਹ ਮਰਨ ਤੋਂ ਬਾਅਦ ਸਵਰਗ 'ਚ ਜਾਵੇ। ਉਹ ਆਪਣੀ ਪੂਰੀ ਉਮਰ ਇਸੇ ਇੱਛਾ ਨੂੰ ਪੂਰਾ ਕਰਨ ਵਿਚ ਬਿਤਾ ਦਿੰਦਾ ਹੈ। ਸਾਰੇ ਇਨਸਾਨ ਆਪਣੀਆਂ ਇੱਛਾਵਾਂ ਦੇ ਦਾਸ ਬਣ ਕੇ ਰਹਿ ਗਏ ਹਨ। ਸਾਡੇ ਦੇਸ਼ ਦੇ ਲੋਕਾਂ ਵਿਚ ਦਾਨ ਕਰਨ ਦਾ ਰੁਝਾਨ ਜਮਾਂਦਰੂ ਹੈ। ਆਮ ਆਦਮੀ ਹਮੇਸ਼ਾ ਥੋੜ੍ਹਾ-ਬਹੁਤ ਦਾਨ ਕਰਦਾ ਹੈ ਪਰ ਇਹ ਦਾਨ ਜ਼ਿਆਦਾਤਰ ਕੁਪਾਤਰਾਂ ਨੂੰ ਮਿਲਦਾ ਹੈ। ਇਹ ਦਾਨ ਉਨ੍ਹਾਂ ਮੰਗਤਿਆਂ ਨੂੰ ਮਿਲਦਾ ਹੈ ਜੋ ਜ਼ਿਆਦਾਤਰ ਮੰਦਰਾਂ ਦੇ ਬਾਹਰ ਖੜ੍ਹੇ ਹੁੰਦੇ ਹਨ ਅਤੇ ਉਨ੍ਹਾਂ ਦੀ ਇਹ ਆਦਤ ਹੁੰਦੀ ਹੈ, ਨਾ ਕਿ ਮਜਬੂਰੀ। ਇਸ ਤੋਂ ਇਲਾਵਾ ਇਹ ਉਨ੍ਹਾਂ ਕਥਿਤ ਗੁਰੂਆਂ ਤੇ ਸੰਤਾਂ ਨੂੰ ਮਿਲਦਾ ਹੈ ਜਿਨ੍ਹਾਂ ਲਈ ਭਗਤੀ ਤੇ ਗਿਆਨ ਵੇਚਣਾ ਇਕ ਕਾਰੋਬਾਰ ਹੈ। ਉਹ ਇਸ ਪੈਸੇ ਨਾਲ ਤਰ੍ਹਾਂ-ਤਰ੍ਹਾਂ ਦੇ ਆਸ਼ਰਮ ਬਣਾ ਲੈਂਦੇ ਹਨ ਅਤੇ ਫਿਰ ਉਨ੍ਹਾਂ ਦੀ ਵਰਤੋਂ ਵੀ ਕਾਰੋਬਾਰੀ ਢੰਗ ਨਾਲ ਧਰਮ ਦੇ ਨਾਂ 'ਤੇ ਹੀ ਕਰਦੇ ਹਨ। ਅਜਿਹੇ ਅਨੇਕਾਂ ਕਿੱਸੇ ਆਉਂਦੇ ਹਨ ਕਿ ਫਲਾਣਾ ਮਰਿਆ ਤਾਂ ਉਸ ਦੇ ਘਰੋਂ ਢੇਰ ਸਾਰਾ ਪੈਸਾ ਬਰਾਮਦ ਹੋਇਆ। ਕਈ ਲੋਕ ਤਾਂ ਚੰਗਾ ਪਰਿਵਾਰ ਹੁੰਦੇ ਹੋਏ ਵੀ ਭੀਖ ਮੰਗਦੇ ਹਨ ਕਿਉਂਕਿ ਇਹ ਇਕ ਆਦਤ ਹੈ। ਜਿਸ ਨੂੰ ਲੱਗ ਜਾਵੇ, ਛੁੱਟਦੀ ਨਹੀਂ। ਇਸ ਲਈ ਦਾਨ ਹਮੇਸ਼ਾ ਅਜਿਹੇ ਵਿਅਕਤੀ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਿਸ ਨੂੰ ਅਸਲ ਵਿਚ ਇਸ ਦੀ ਲੋੜ ਹੋਵੇ। ਉਹ ਮੰਗਦਾ ਨਾ ਹੋਵੇ ਪਰ ਉਸ ਦੀ ਲੋੜ ਸਾਡੀ ਨਜ਼ਰ ਵਿਚ ਆ ਜਾਵੇ ਤਾਂ ਉਸ ਦੀ ਮਦਦ ਕਰਨੀ ਚਾਹੀਦੀ ਹੈ। ਇਹ ਮਦਦ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਜਿਵੇਂ ਉਸ ਨੂੰ ਨਾ ਲੱਗੇ ਕਿ ਅਸੀਂ ਦਾਨ ਕਰ ਰਹੇ ਹਾਂ। ਇਹੋ ਸੱਚਾ ਦਾਨ ਹੈ। ਮੰਗਣ 'ਤੇ ਇਹ ਦੱਸ ਕੇ ਦਾਨ ਕਰਨ ਨਾਲ ਉਸ ਦੀ ਮਹੱਤਤਾ ਖਤਮ ਹੋ ਜਾਂਦੀ ਹੈ।