ਫਰੀਦਕੋਟ,(ਹਾਲੀ)-ਪੰਜਾਬ 'ਚ ਨਸ਼ਿਆਂ ਦੇ ਕਾਰਨ ਖਤਮ ਹੋ ਰਹੀ ਜਵਾਨੀ ਅਤੇ ਬਾਦਲ ਪਰਿਵਾਰ ਵਲੋਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਕਾਰਨ ਰਾਜ ਦੇ ਲੋਕ ਦੋਹਾਂ ਬਾਦਲਾਂ ਨੂੰ ਔਰੰਗਜ਼ੇਬ ਤੋਂ ਵੀ ਜ਼ਿਆਦਾ ਨਫ਼ਰਤ ਕਰਨ ਲੱਗੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇਥੇ ਹਲਕਾ ਇੰਚਾਰਜ ਧਨਜੀਤ ਸਿੰਘ ਧੰਨੀ ਵਿਰਕ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਵਰਕਰਾਂ ਦੀ ਹੋਈ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਨਸ਼ਿਆਂ ਦੇ ਮਾਮਲੇ ਵਿਚ ਜੇਕਰ ਸੀ. ਬੀ. ਆਈ. ਤੋਂ ਜਾਂਚ ਨਹੀਂ ਕਰਵਾਉਣੀ ਤਾਂ ਘੱਟ ਤੋਂ ਘੱਟ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਫੜੇ ਗਏ ਨਸ਼ੇ ਦੇ ਵੱਡੇ ਸਮੱਗਲਰਾਂ ਦੇ ਬਿਆਨਾਂ ਤੋਂ ਹੁਣ ਇਹ ਸਭ ਕੁਝ ਜਗ ਜ਼ਾਹਿਰ ਹੋ ਚੁੱਕਿਆ ਹੈ ਕਿ ਨਸ਼ੇ ਦੇ ਕਾਰੋਬਾਰੀਆਂ ਨਾਲ ਬਿਕਰਮ ਸਿੰਘ ਮਜੀਠੀਆ ਦੀ ਸਾਂਝ ਰਹੀ ਹੈ ਪਰ ਬਾਦਲ ਪਰਿਵਾਰ ਉਸ ਨੂੰ ਬਚਾਉਣ ਵਿਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਉਹ ਜਲਦੀ ਹੀ ਰਾਜ ਅੰਦਰ ਸੰਘਰਸ਼ ਸ਼ੁਰੂ ਕਰਨਗੇ।
ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਰਾਜ ਦੀ ਆਰਥਿਕ ਹਾਲਤ ਐਨੀ ਮਾੜੀ ਹੋ ਚੁੱਕੀ ਹੈ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਰਾਜ ਵਿਚ ਸਰਕਾਰ ਅਧੀਨ 40 ਵਿਭਾਗ ਹਨ, ਜਿਨ੍ਹਾਂ ਨੂੰ 10-10 ਕਰਕੇ ਮਹੀਨਾਵਾਰ ਤਨਖਾਹ ਦਿੱਤੀ ਜਾ ਰਹੀ ਹੈ ਤੇ ਹਰੇਕ ਵਿਭਾਗ ਦੀ ਵਾਰੀ ਚਾਰ ਮਹੀਨੇ ਬਾਅਦ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੋਈ ਬੋਨਸ ਨਹੀਂ ਦਿੱਤਾ ਜਾ ਰਿਹਾ, ਦਲਿਤਾਂ ਨੂੰ ਨਾ ਕੋਈ ਪੈਨਸ਼ਨ, ਨਾ ਸ਼ਗਨ ਸਕੀਮ ਅਤੇ ਨਾ ਹੀ ਆਟਾ-ਦਾਲ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਸਿਰ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੋ ਰਹੀ ਹੈ, ਜੋ ਕਿ ਵਧ ਕੇ 2 ਲੱਖ ਕਰੋੜ ਰੁਪਏ ਤਕ ਪਹੁੰਚ ਗਈ ਹੈ।
ਪੰਜਾਬ 'ਚ ਨਸ਼ੇ ਦੇ ਕਾਰੋਬਾਰ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਐਲਾਨ ਕੀਤਾ ਕਿ ਰਾਜ ਅੰਦਰ ਕਾਂਗਰਸ ਦੀ ਸਰਕਾਰ ਆਉਣ 'ਤੇ ਨਸ਼ਿਆਂ ਦੇ ਕਾਰੋਬਾਰ ਵਿਚ ਲੱਗੇ ਲੀਡਰਾਂ ਅਤੇ ਪੁਲਸ ਅਧਿਕਾਰੀਆਂ ਨੂੰ ਸਪੈਸ਼ਲ ਅਦਾਲਤਾਂ ਰਾਹੀਂ ਸਜ਼ਾਵਾਂ ਦਿੱਤੀਆਂ ਜਾਣਗੀਆਂ, ਭਾਵੇਂ ਉਹ ਕਿਸੇ ਵੀ ਅਹੁਦੇ 'ਤੇ ਕਿਉਂ ਨਾ ਬੈਠੇ ਹੋਣ। ਉਨ੍ਹਾਂ ਕਿਹਾ ਕਿ ਲੋਕਾਂ ਨੇ 7 ਸਾਲ ਤਕ ਅਕਾਲੀ ਦਲ ਦੇ ਆਗੂਆਂ ਦੀਆਂ ਬਹੁਤ ਜ਼ਿਆਦਤੀਆਂ ਸਹਿ ਲਈਆਂ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਦਾ ਮੁੱਲ ਮੋੜਿਆ ਜਾਵੇ।
ਇਸ ਸਮੇਂ ਸਤਨਾਮ ਸਿੰਘ ਕੈਂਥ, ਇੰਦਰਜੀਤ ਸਿੰਘ ਜ਼ੀਰਾ ਚੇਅਰਮੈਨ ਕਿਸਾਨ ਸੈੱਲ, ਉਪਿੰਦਰ ਸ਼ਰਮਾ ਸਾਬਕਾ ਮੰਤਰੀ, ਸਰਦੂਲ ਸਿੰਘ ਸਾਬਕਾ ਮੰਤਰੀ, ਰਾਜਾ ਵੜਿੰਗ ਵਿਧਾਇਕ, ਧਨਜੀਤ ਸਿੰਘ ਧਨੀ ਵਿਰਕ, ਸੁਖਵਿੰਦਰ ਸਿੰਘ ਡੈਨੀ ਇੰਚਾਰਜ ਲੋਕ ਸਭਾ, ਜਸਬੀਰ ਸਿੰਘ ਡਿੰਪਾ ਸਾਬਕਾ ਵਿਧਾਇਕ, ਪਵਨ ਗੋਇਲ ਸਾਬਕਾ ਜ਼ਿਲਾ ਪ੍ਰਧਾਨ, ਰੁਲਦੂ ਸਿੰਘ ਔਲਖ ਅਤੇ ਬੀਬੀ ਵੀਨਾ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਡੇਰਾ ਸੱਚਾ ਸੌਦਾ 'ਚ ਹੈ ਇਕ ਹੋਰ ਰਾਮਪਾਲ
NEXT STORY