ਰਾਮਹਰਸ਼ਣ ਜੀ ਦੇ ਪਿਤਾ ਸਾਰਥੀ ਦਾ ਕੰਮ ਕਰਦੇ ਸਨ। ਉਹ ਭਗਵਾਨ ਵਿਆਸ ਦੇ ਪਰਮ ਸ਼ਿਸ਼ ਸਨ ਤੇ ਉਨ੍ਹਾਂ ਦੇ ਸਾਰੇ ਗੁਣਾਂ ਦਾ ਅਧਿਐਨ ਵੀ ਕੀਤਾ ਸੀ। ਇਨ੍ਹਾਂ ਨੇ ਨੈਮੀਸ਼ਾਰਾਇਣ 'ਚ ਸ਼ੌਨਕਾਦਿ ਰਿਸ਼ੀਆਂ ਦੇ ਸਵਾਲ ਕਰਨ 'ਤੇ 88 ਹਜ਼ਾਰ ਰਿਸ਼ੀਆਂ ਨੂੰ ਸ਼੍ਰੀਮਦ ਭਾਗਵਤ ਦੀ ਪਰਮ-ਪਵਿੱਤਰ ਕਥਾ ਸੁਣਾਈ ਸੀ।
ਇਕ ਵਾਰ ਭਗਵਾਨ ਵਿਸ਼ਨੂੰ ਤੇ ਦੇਵਤਿਆਂ ਦੇ ਪਰਮ-ਪੂਜਨੀਕ ਖੇਤਰ ਨੈਮੀਸ਼ਾਰਾਇਣ 'ਚ ਸ਼ੌਨਕਾਦਿ ਰਿਸ਼ੀਆਂ ਨੇ ਭਾਗਵਤ ਪ੍ਰਾਪਤੀ ਦੀ ਇੱਛਾ ਨਾਲ ਕਈ ਸਦੀਆਂ ਤਕ ਚੱਲਣ ਵਾਲੇ ਇਕ ਮਹਾਨ ਯੱਗ ਦੀ ਵਿਵਸਥਾ ਕੀਤੀ। ਉਨ੍ਹਾਂ ਨੇ ਇਸ ਸਮੇਂ ਸੂਤ ਜੀ ਦੀ ਭਲੀ-ਭਾਂਤ ਪੂਜਾ ਕਰਕੇ ਉਨ੍ਹਾਂ ਨੂੰ ਸਵਾਲ ਕੀਤਾ, ''ਸੂਤ ਜੀ, ਤੁਸੀਂ ਸਾਰੇ ਇਤਿਹਾਸ, ਪੁਰਾਣ ਤੇ ਧਰਮ-ਸ਼ਾਸਤਰਾਂ ਦਾ ਅਧਿਐਨ ਕੀਤਾ ਹੈ, ਕ੍ਰਿਪਾ ਕਰਕੇ ਤੁਸੀਂ ਇਹ ਦੱਸੋ ਕਿ ਉਨ੍ਹਾਂ ਸਾਰੇ ਸ਼ਾਸਤਰਾਂ, ਪੁਰਾਣਾਂ 'ਚ ਕਲਯੁਗੀ ਜੀਵਾਂ ਦੇ ਪਰਮ ਕਲਿਆਣ ਦਾ ਸਾਧਨ ਕੀ ਹੈ? ਕਲਯੁਗ ਨੂੰ ਆਇਆ ਜਾਣ ਕੇ ਅਸੀਂ ਸਭ ਨੇ ਲੰਮੇ ਸਮੇਂ ਤਕ ਚੱਲਣ ਵਾਲੇ ਇਸ ਯੱਗ ਦਾ ਪ੍ਰਬੰਧ ਕੀਤਾ ਹੈ। ਇਸ ਲਈ ਤੁਸੀਂ ਸਾਨੂੰ ਭਗਵਾਨ ਦੀ ਪਵਿੱਤਰ ਕਥਾ ਸੁਣਾ ਕੇ ਤ੍ਰਿਪਤ ਕਰਨ ਦੀ ਕ੍ਰਿਪਾ ਕਰੋ।''
ਸੂਤ ਜੀ ਨੇ ਕਿਹਾ, ''ਰਿਸ਼ੀਓ, ਤੁਸੀਂ ਸੰਪੂਰਨ ਵਿਸ਼ਵ ਦੇ ਕਲਿਆਣ ਲਈ ਬਹੁਤ ਹੀ ਚੰਗਾ ਸਵਾਲ ਕੀਤਾ ਹੈ। ਸ਼੍ਰੀਮਦ ਭਾਗਵਤ ਬਹੁਤ ਹੀ ਰਹੱਸਮਈ ਪੁਰਾਣ ਹੈ। ਇਹ ਭਾਗਵਤ ਸਰੂਪ ਦਾ ਅਨੁਭਵ ਕਰਵਾਉਣ ਵਾਲਾ ਅਤੇ ਸਾਰੇ ਵੇਦਾਂ ਦਾ ਸਾਰ ਹੈ। ਇਸ ਵਿਚ ਭਗਵਾਨ ਕ੍ਰਿਸ਼ਨ ਅਤੇ ਉਸ ਦੇ ਭਗਤਾਂ ਦੇ ਸੁੰਦਰ ਚਰਿੱਤਰ ਦਾ ਵਰਣਨ ਕੀਤਾ ਗਿਆ ਹੈ। ਮਨੁੱਖਾਂ ਲਈ ਉੱਤਮ ਧਰਮ ਉਹੀ ਹੈ, ਜਿਸ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ 'ਚ ਭਗਤੀ ਪੈਦਾ ਹੋਵੇ। ਭਗਤੀ ਵੀ ਅਜਿਹੀ ਹੋਵੇ, ਜਿਸ 'ਚ ਕੋਈ ਕਾਮਨਾ ਨਾ ਹੋਵੇ। ਅਜਿਹੀ ਭਗਤੀ ਨਾਲ ਮਨੁੱਖ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਦੇ ਯੋਗ ਹੋ ਜਾਂਦਾ ਹੈ।''
''ਭਗਵਾਨ ਸ਼੍ਰੀ ਕ੍ਰਿਸ਼ਨ 'ਚ ਭਗਤੀ ਹੁੰਦਿਆਂ ਹੀ ਨਿਸ਼ਕਾਮ ਗਿਆਨ ਅਤੇ ਵਿਰਾਗ ਦਾ ਉਦੈ ਹੋ ਜਾਂਦਾ ਹੈ। ਧਰਮ ਦਾ ਠੀਕ-ਠਾਕ ਪਾਲਣ ਕਰਨ ਨਾਲ ਵੀ ਜੇਕਰ ਮਨੁੱਖ ਦੇ ਦਿਲ ਵਿਚ ਭਗਵਾਨ ਦੀਆਂ ਲੀਲਾ-ਕਥਾਵਾਂ ਪ੍ਰਤੀ ਪ੍ਰੇਮ ਨਾ ਹੋਵੇ ਤਾਂ ਉਹ ਸਿਰਫ ਪਲ-ਛਿਣ ਲਈ ਹੈ। ਧਰਮ ਦਾ ਫਲ ਹੈ ਮੋਕਸ਼। ਉਸ ਦੀ ਸਾਰਥਕਤਾ ਅਰਥ ਪ੍ਰਾਪਤੀ 'ਚ ਨਹੀਂ ਹੈ। ਅਰਥ ਸਿਰਫ ਧਰਮ ਲਈ ਹੈ, ਭੋਗ-ਵਿਲਾਸ ਨਹੀਂ ਹੈ। ਭੋਗ-ਵਿਲਾਸ ਦਾ ਫਲ ਇੰਦਰੀਆਂ ਨੂੰ ਤ੍ਰਿਪਤ ਕਰਨਾ ਨਹੀਂ, ਜੀਵਨ ਚਲਾਉਣਾ ਹੈ। ਜੀਵਨ ਦਾ ਫਲ ਭਗਵਾਨ ਨੂੰ ਜਾਣਨ ਦੀ ਇੱਛਾ ਹੈ। ਸ਼ਰਧਾਲੂ ਮੁਨੀ ਭਾਗਵਤ ਦੇ ਸ਼੍ਰਵਣ ਤੋਂ ਪ੍ਰਾਪਤ ਗਿਆਨ, ਵਿਰਾਗ ਤੇ ਭਗਤੀ ਦੁਆਰਾ ਆਪਣੇ ਦਿਲ 'ਚ ਭਗਵਾਨ ਦੇ ਦਰਸ਼ਨ ਕਰਦੇ ਹਨ।''
''ਭਗਵਾਨ ਸ਼੍ਰੀ ਕ੍ਰਿਸ਼ਨ ਦੇ ਯਸ਼ ਦਾ ਗੁਣਗਾਨ ਤੇ ਕੀਰਤਨ ਮਨੁੱਖ ਨੂੰ ਪਵਿੱਤਰ ਕਰ ਦਿੰਦਾ ਹੈ। ਉਹ ਆਪਣੀ ਕਥਾ ਸੁਣਨ ਵਾਲਿਆਂ ਦੇ ਦਿਲ 'ਚ ਆ ਕੇ ਬੈਠ ਜਾਂਦੇ ਹਨ ਅਤੇ ਉਨ੍ਹਾਂ ਦੇ ਜਨਮਾਂ-ਜਨਮਾਂਤਰਾਂ ਦੀਆਂ ਅਸ਼ੁਭ ਵਾਸਨਾਵਾਂ ਨੂੰ ਨਸ਼ਟ ਕਰ ਦਿੰਦੇ ਹਨ। ਸ਼੍ਰੀਮਦ ਭਾਗਵਤ ਸੁਣਨ ਨਾਲ ਭਗਵਾਨ ਪ੍ਰਤੀ ਅਸਥਾਈ ਪ੍ਰੇਮ ਦੀ ਪ੍ਰਾਪਤੀ ਹੁੰਦੀ ਹੈ। ਭਾਗਵਤ ਪ੍ਰੇਮ ਨਾਲ ਸੰਸਾਰ ਦੀਆਂ ਸਾਰੀਆਂ ਖਿੱਚਾਂ ਮਿਟ ਜਾਂਦੀਆਂ ਹਨ।
ਮਨੁੱਖ ਦਾ ਦਿਲ ਆਨੰਦ ਨਾਲ ਭਰ ਜਾਂਦਾ ਹੈ ਤੇ ਆਤਮਾ ਸਰੂਪ ਭਗਵਾਨ ਦੇ ਦਰਸ਼ਨ ਹੋ ਜਾਂਦੇ ਹਨ। ਭਗਵਾਨ ਦੇ ਦਰਸ਼ਨਾਂ ਨਾਲ ਦਿਲ ਦੀ ਗੱਠ ਖੁੱਲ੍ਹ ਜਾਂਦੀ ਹੈ, ਸਾਰੇ ਸ਼ੰਕੇ ਮਿਟ ਜਾਂਦੇ ਹਨ ਅਤੇ ਕਰਮ-ਬੰਧਨ ਟੁੱਟ ਜਾਂਦੇ ਹਨ।''
ਇਸ ਤਰ੍ਹਾਂ ਸੂਤ ਜੀ ਨੇ ਸ਼੍ਰੀਮਦ ਭਾਗਵਤ ਦੀ ਸੰਪੂਰਨ ਕਥਾ ਨੂੰ ਆਦਿ ਤੋਂ ਅੰਤ ਤਕ ਸੁਣਾ ਕੇ 88 ਹਜ਼ਾਰ ਰਿਸ਼ੀਆਂ ਨੂੰ ਤ੍ਰਿਪਤ ਕਰ ਦਿੱਤਾ। ਸਾਰੇ ਲੋਕਾਂ ਨੇ ਸੂਤ ਜੀ ਦੇ ਇਸ ਮਹਾਨ ਉਪਕਾਰ ਪ੍ਰਤੀ ਦਿਲੋਂ ਧੰਨਵਾਦ ਕੀਤਾ।