ਅੰਮ੍ਰਿਤਸਰ- ਵਿਸ਼ਵ 'ਚ ਜਾਅਲੀ ਮਾਲ ਲਈ ਮਸ਼ਹੂਰ ਚੀਨ ਦੇ ਕਿਸੇ ਖਿੱਤੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਕਰ ਕੇ ਹੋਰਨਾ ਮੁਲਕਾਂ 'ਚ ਮੁਹੱਈਆ ਕਰਵਾਉਣ ਦੇ ਆਨਲਾਈਨ ਆਰਡਰ ਮੰਗਣ ਵਾਲੀ ਕੰਪਨੀ ਸੰਬੰਧੀ ਚਰਚਾ 'ਚ ਆਏ ਮਾਮਲੇ ਨੂੰ ਬੇਹੱਦ ਗੰਭੀਰ ਵਿਸ਼ਾ ਦੱਸਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸੋਮਵਾਰ ਨੂੰ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਨੂੰ ਆਦੇਸ਼ ਦਿੰਦਿਆਂ ਚੀਨ ਦੇ ਛਪੇ ਸਰੂਪਾਂ 'ਤੇ ਮੁਕੰਮਲ ਪਾਬੰਦੀ ਲਾਈ ਹੈ। ਸਿੰਘ ਸਾਹਿਬ ਨੇ ਕਿਹਾ ਕਿ ਕਿਸੇ ਸੰਸਥਾ ਜਾਂ ਵਿਅਕਤੀ ਵੱਲੋਂ ਜਾਰੀ ਅਜਿਹੀਆਂ ਕੋਝੀਆਂ ਹਰਕਤਾਂ ਬਖਸ਼ਣਯੋਗ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਮਰਿਆਦਾ ਦੀ ਬਹਾਲੀ ਲਈ ਪਾਵਨ ਸਰੂਪ ਛਾਪਣ 'ਤੇ ਹੋਰਨਾਂ ਥਾਂਵਾਂ 'ਤੇ ਭੇਜਣ ਦਾ ਅਖਤਿਆਰ ਸਿਰਫ ਸ਼੍ਰੋਮਣੀ ਕਮੇਟੀ ਕੋਲ ਹੀ ਹੈ।
ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਅਜਿਹੀ ਸੰਸਥਾ ਦਾ ਭੇਦ ਪਤਾ ਕਰਦਿਆਂ ਮਾਮਲੇ ਦੀ ਤਹਿ ਤੱਕ ਜਾ ਕੇ ਪਾਵਨ ਸਰੂਪਾਂ ਦੀ ਬੇਅਦਬੀ ਰੋਕਣ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਸੰਗਤ ਨੂੰ ਵੀ ਸੁਚੇਤ ਕੀਤਾ ਕਿ ਅਜਿਹੇ ਮਾਮਲੇ 'ਚ ਵਿਸ਼ੇਸ਼ ਚੌਕਸੀ ਰੱਖੇ ਜਾਵੇ ਅਤੇ ਹੋਰਨਾਂ ਥਾਂਵਾਂ 'ਤੇ ਛਾਪੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਾਪਤ ਨਾ ਕੀਤੇ ਜਾਣ। ਉਕਤ ਗੰਭੀਰ ਮਾਮਲੇ ਸੰਬੰਧੀ ਪਹਿਲਾਂ ਹੀ ਪੁਲਸ ਕਾਰਵਾਈ ਲਈ ਅਰਜ਼ੀ ਦੇ ਚੁੱਕੀ ਸ਼੍ਰੋਮਣੀ ਕਮੇਟੀ ਵੱਲੋਂ ਜ਼ਿੰਮੇਵਾਰ ਅਨਸਰਾਂ ਦੀ ਪਛਾਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਵਸੋਂ ਵਾਲੇ ਪ੍ਰਮੁੱਖ ਮੁਲਕਾਂ ਦੇ ਸਫਾਰਤਖਾਨਿਆਂ ਨਾਲ ਅਜਿਹੀ ਕਾਰਵਾਈ ਦੀ ਨਜ਼ਰਸਾਨੀ ਲਈ ਪੱਤਰਾਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ ਚੀਨ ਦੇ ਸਫਾਰਤਖਾਨੇ ਨੂੰ ਵੀ ਪੱਤਰ ਲਿਖ ਕੇ ਸੰਬੰਧਤ ਕੰਪਨੀ ਦਾ ਪਤਾ ਲਾ ਕੇ, ਉਸ 'ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। ਇਹ ਮਾਮਲੇ ਬੀਤੇ ਦਿਨੀਂ ਉਦੋਂ ਚਰਚਾ 'ਚ ਆਇਆ ਜਦੋਂ ਕੈਲੀਫੋਰਨੀਆ (ਅਮਰੀਕਾ) 'ਚ ਕਿਸੇ ਤਮਿੰਦਰ ਆਨੰਦ ਨਾਂ ਦੇ ਵਿਅਕਤੀ ਵੱਲੋਂ ਚੀਨ 'ਚ ਪਾਵਨ ਸਰੂਪ ਛਪਵਾ ਕੇ ਅਮਰੀਕਾ, ਕੈਨੇਡਾ 'ਚ ਮੁਹੱਈਆ ਕਰਵਾਉਣ ਦੇ ਤੱਥ ਉਜਾਗਰ ਹੋਏ। ਮਾਮਲੇ ਨੂੰ ਇੰਟਰਨੈੱਟ 'ਤੇ ਵਾਚਣ ਉਪਰੰਤ ਉੱਥੋਂ ਦੀ ਸਿੱਖ ਸੰਗਤ ਵਲੋਂ ਈ-ਮੇਲ ਰਾਹੀਂ ਸ਼੍ਰੋਮਣੀ ਕਮੇਟੀ ਨਾਲ ਰਾਬਤਾ ਕੀਤਾ, ਜਿਨ੍ਹਾਂ ਵਲੋਂ ਤੁਰੰਤ ਸਥਾਨਕ ਇਕ ਥਾਣੇ 'ਚ ਮਾਮਲਾ ਦਰਜ ਕਰਵਾਉਂਦਿਆਂ ਕਾਰਵਾਈ ਆਰੰਭ ਦਿੱਤੀ ਗਈ ਸੀ।
ਪਾਪਾ ਉੱਠ ਕੇ ਗੱਲ ਤਾਂ ਕਰੋ, ਮੈਂ ਤੁਹਾਨੂੰ ਇੰਝ ਨਹੀਂ ਲੈਣ ਆਈ ਸੀ
NEXT STORY