ਜਲੰਧਰ(ਪ੍ਰੀਤ)- ਕਮਿਸ਼ਨਰੇਟ ਪੁਲਸ ਵਿਚ ਦਿਨ ਚੜ੍ਹਦਿਆਂ ਹੀ ਸ਼ਾਸਤਰੀ ਨਗਰ ਵਿਚ ਦਿਨ-ਦਿਹਾੜੇ ਨੌਜਵਾਨ ਦੇ ਅਗਵਾ ਦੀ ਸੂਚਨਾ ਨੇ ਪੁਲਸ ਤੰਤਰ ਨੂੰ ਹਿਲਾ ਕੇ ਰੱਖ ਦਿੱਤਾ। ਅਗਵਾ ਦੀ ਸੂਚਨਾ ਮਿਲਦਿਆਂ ਹੀ ਹਰਕਤ 'ਚ ਆਈ ਪੁਲਸ ਨੇ ਜਦੋਂ ਬਰੀਕੀ ਨਾਲ ਛਾਣਬੀਣ ਕੀਤੀ ਤਾਂ ਅਗਵਾ ਦੀ ਗੁੱਥੀ ਖੁੱਲ੍ਹ ਗਈ। ਅਸਲ ਵਿਚ ਅਗਵਾ ਕੀਤੇ ਗਏ ਹਿਮਾਂਸ਼ੂ ਦੂਆ ਪੁੱਤਰ ਸੁਰਿੰਦਰ ਦੂਆ ਵਾਸੀ ਸ਼ਾਸਤਰੀ ਨਗਰ 'ਤੇ ਮੁਹੱਲੇ ਦੀ ਲੜਕੀ ਨਾਲ ਛੇੜਛਾੜ ਦਾ ਕੇਸ ਦਰਜ ਸੀ। ਹਿਮਾਂਸ਼ੂ ਦੇ ਪਿਤਾ ਵਲੋਂ ਉਕਤ ਕੇਸ 'ਚ ਦੂਜੇ ਪੱਖ 'ਤੇ ਰਾਜ਼ੀਨਾਮਾ ਕਰਨ ਦਾ ਦਬਾਅ ਬਣਾਉਣ ਲਈ ਅਗਵਾ ਦੀ ਝੂਠੀ ਕਹਾਣੀ ਘੜੀ ਗਈ ਸੀ। ਦੁਪਹਿਰ ਬਾਅਦ ਹਿਮਾਂਸ਼ੂ ਦੂਆ ਖੁਦ ਹੀ ਘਰ ਪਰਤ ਆਇਆ। ਪੁਲਸ ਅਗਵਾ ਦੀ ਝੂਠੀ ਸੂਚਨਾ ਦੇਣ ਵਾਲੇ ਤੇ ਡਰਾਮਾ ਕਰਨ ਵਾਲੇ ਪਿਤਾ-ਪੁੱਤਰ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ। ਸਵੇਰੇ ਕਰੀਬ 11 ਵਜੇ ਚੁਗਿੱਟੀ ਇਲਾਕੇ ਵਿਚ ਸਪੇਅਰ ਪਾਰਟਸ ਦਾ ਕੰਮ ਕਰਨ ਵਾਲੇ ਸੁਰਿੰਦਰ ਦੂਆ ਨੇ ਪੁਲਸ ਕੰਟਰੋਲ ਰੂਮ ਵਿਚ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਬੇਟੇ ਹਿਮਾਂਸ਼ੂ ਦੂਆ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਮੁਹੱਲੇ ਵਿਚ ਰਹਿਣ ਵਾਲੇ ਸਚਿਨ ਅਰੋੜਾ ਨੇ ਮੁਹੱਲੇ 'ਚੋਂ ਉਸ ਨੂੰ ਅਗਵਾ ਕੀਤਾ ਹੈ। ਸੂਚਨਾ ਮਿਲਦੇ ਹੀ ਏ. ਸੀ. ਪੀ. ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਸੁਖਜੀਤ ਸਿੰਘ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਸੁਰਿੰਦਰ ਦੂਆ ਦੀ ਸ਼ਿਕਾਇਤ ਮੁਤਾਬਕ ਪੁਲਸ ਨੇ ਤੁਰੰਤ ਸਚਿਨ ਅਰੋੜਾ ਪੁੱਤਰ ਜਗਦੀਸ਼ ਅਰੋੜਾ ਵਾਸੀ 319 ਸ਼ਾਸਤਰੀ ਨਗਰ ਨੂੰ ਹਿਰਾਸਤ ਵਿਚ ਲਿਆ ਪਰ ਪੁੱਛਗਿੱਛ ਵਿਚ ਸਚਿਨ ਅਰੋੜਾ ਨੇ ਦੱਸਿਆ ਕਿ ਜਿਸ ਸਮੇਂ ਦੀ ਘਟਨਾ ਦੱਸੀ ਗਈ ਹੈ, ਉਹ ਪਿਤਾ ਦੇ ਨਾਲ ਪਠਾਨਕੋਟ ਵਿਖੇ ਇਕ ਹਸਪਤਾਲ ਵਿਚ ਮੌਜੂਦ ਸੀ। ਪੁਲਸ ਨੇ ਵੈਰੀਫਾਈ ਕਰਨ ਲਈ ਤੁਰੰਤ ਹਸਪਤਾਲ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਚੈੱਕ ਕਰਵਾਈ
ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਸਚਿਨ ਅਰੋੜਾ ਨੇ 29 ਦਸੰਬਰ ਨੂੰ ਹਿਮਾਂਸ਼ੂ ਦੂਆ ਦੇ ਖਿਲਾਫ ਉਸ ਦੀ ਭੈਣ ਨਾਲ ਛੇੜਖਾਨੀ ਕਰਨ ਅਤੇ ਆਈ. ਟੀ. ਐਕਟ ਦੇ ਅਧੀਨ ਕੇਸ ਦਰਜ ਕਰਵਾਇਆ ਸੀ। ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਹਾਲੇ ਜਾਂਚ ਕੀਤੀ ਜਾ ਰਹੀ ਸੀ ਕਿ ਦੁਪਹਿਰ ਤੋਂ ਬਾਅਦ ਅਚਾਨਕ ਹਿਮਾਂਸ਼ੂ ਦੂਆ ਖੁਦ ਹੀ ਘਰ ਵਾਪਸ ਪਰਤ ਆਇਆ। ਉਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਹਿਮਾਂਸ਼ੂ ਘਰ ਪਹੁੰਚ ਗਿਆ ਹੈ, ਉਹ ਤੁਰੰਤ ਘਰ ਪਹੁੰਚੇ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਘਬਰਾਇਆ ਹੋਇਆ ਹੈ। ਇੰਸਪੈਕਟਰ ਸੁਖਜੀਤ ਸਿੰਘ ਨੇ ਕਿਹਾ ਕਿ ਪੁਲਸ ਦੀ ਜਾਂਚ ਤੋਂ ਸਪੱਸ਼ਟ ਹੈ ਕਿ ਹਿਮਾਂਸ਼ੂ ਦੂਆ ਅਤੇ ਉਸ ਦੇ ਪਿਤਾ ਵਲੋਂ ਪੁਰਾਣੇ ਦਰਜ ਕੇਸ ਵਿਚ ਸਮਝੌਤਾ ਕਰਨ ਦਾ ਦਬਾਅ ਬਣਾਉਣ ਲਈ ਸ਼ਿਕਾਇਤ ਕੀਤੀ ਗਈ ਸੀ। ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਉਕਤ ਪਿਤਾ-ਪੁੱਤਰ ਖਿਲਾਫ ਝੂਠੀ ਸ਼ਿਕਾਇਤ ਕਰਨ ਦੇ ਦੋਸ਼ 'ਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ
NEXT STORY