ਬਠਿੰਡਾ(ਬਲਵਿੰਦਰ, ਪਾਇਲ)-ਨੌਕਰ ਤੇ ਨੌਕਰੀਆਂ ਵੰਡਣ ਵਾਲੀ ਇਕ ਪ੍ਰਾਈਵੇਟ ਏਜੰਸੀ ਵਲੋਂ ਬਠਿੰਡਾ 'ਚ ਇਕ ਲੜਕੀ ਨੂੰ ਕਥਿਤ ਤੌਰ 'ਤੇ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਇਕ ਡਾਕਟਰ ਜੋੜੇ ਨੇ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਹੋਇਆ ਸੀ। ਰੌਲਾ ਪੈਣ 'ਤੇ ਲੜਕੀ ਨੇ ਡਾਕਟਰ ਦੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ। ਜਦਕਿ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਏਜੰਸੀ ਰਾਹੀਂ ਕਾਨੂੰਨੀ ਤੌਰ 'ਤੇ ਲੜਕੀ ਨੂੰ ਨੌਕਰੀ 'ਤੇ ਰੱਖਿਆ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਲੜਕੀ ਨੂੰ 40 ਹਜ਼ਾਰ ਰੁਪਏ 'ਚ ਖਰੀਦਿਆ ਗਿਆ ਸੀ, ਜਿਸ ਨਾਲ ਸਰੀਰਕ ਸ਼ੋਸ਼ਣ ਹੋਣ ਦਾ ਵੀ ਸ਼ੱਕ ਹੈ। ਅੱਜ ਸ਼ਾਮ ਕਰੀਬ 5 ਵਜੇ ਗਣਪਤੀ ਇਨਕਲੇਵ, ਡੱਬਵਾਲੀ ਰੋਡ, ਬਠਿੰਡਾ 'ਚ ਇਕ ਨਾਬਾਲਿਗ ਲੜਕੀ ਨੂੰ ਰੋਂਦੇ ਹੋਏ ਦੇਖਿਆ ਗਿਆ। ਸੁਰੱਖਿਆ ਗਾਰਡਾਂ ਦੀ ਸੂਚਨਾ 'ਤੇ ਕਾਲੋਨੀ ਦੇ ਜੀ. ਐੱਮ. ਤਰੁਣ ਬਹਿਲ ਮੌਕੇ 'ਤੇ ਪਹੁੰਚੇ। ਉਨ੍ਹਾਂ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਲੜਕੀ ਨੇਪਾਲ ਦੀ ਹੈ, ਜਿਸ ਨੂੰ ਇਕ ਏਜੰਟ ਨੇ ਕਾਲੋਨੀ 'ਚ ਰਹਿੰਦੇ ਇਕ ਡਾਕਟਰ ਕੋਲ ਨੌਕਰ ਵਜੋਂ ਛੱਡਿਆ ਸੀ। ਲੜਕੀ ਦਾ ਕਹਿਣਾ ਹੈ ਕਿ ਉਸ ਦੇ ਮਾਲਕ ਤੇ ਮਾਲਕਿਨ ਉਸ ਦੀ ਮਰਜ਼ੀ ਦੇ ਖਿਲਾਫ ਉਸ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੇ ਹਨ ਤੇ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ। ਉਸ ਨੂੰ ਇਕ ਬੰਧੂਆ ਮਜ਼ਦੂਰ ਵਾਂਗ ਰੱਖਿਆ ਜਾ ਰਿਹਾ ਸੀ। ਅੱਜ ਉਸ ਨੂੰ ਮੌਕਾ ਮਿਲਿਆ ਤਾਂ ਉਹ ਉਥੋਂ ਭੱਜ ਆਈ ਤੇ ਸ਼ਹਿਰ 'ਚ ਜਾਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਗਾਰਡਾਂ ਨੇ ਉਸ ਨੂੰ ਰੋਕ ਲਿਆ। ਸ਼੍ਰੀ ਬਹਿਲ ਨੇ ਲੜਕੀ ਦੀ ਮਦਦ ਲਈ ਸਮਾਜ ਸੇਵੀ ਸੰਸਥਾ ਅੱਪੂ ਸੁਸਾਇਟੀ ਬਠਿੰਡਾ ਨੂੰ ਸੂਚਿਤ ਕੀਤਾ। ਸੁਸਾਇਟੀ ਦੇ ਪ੍ਰਧਾਨ ਜਤਿੰਦਰ ਸਿੰਘ ਅਤੇ ਜਨਰਲ ਸਕੱਤਰ ਕੇਵਲ ਕ੍ਰਿਸ਼ਨ ਮੌਕੇ 'ਤੇ ਪਹੁੰਚੇ। ਜਦਕਿ ਪੁਲਸ ਚੌਕੀ ਵਰਧਮਾਨ ਦੇ ਮੁਖੀ ਵੀ ਉੱਥੇ ਪਹੁੰਚ ਗਏ।
ਇਸ ਤੋਂ ਇਲਾਵਾ ਮੌਕੇ 'ਤੇ ਡਾਕਟਰ ਜੋੜੇ ਨੂੰ ਵੀ ਬੁਲਾ ਲਿਆ ਗਿਆ। ਡਾਕਟਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪੂਜਾ, ਜਿਸ ਦੀ ਉਮਰ 20 ਸਾਲ ਹੈ ਤੇ ਇਹ ਤਲਾਕਸ਼ੁਦਾ ਹੈ, ਨੂੰ ਇਕ ਏਜੰਸੀ ਰਾਹੀਂ ਨੌਕਰੀ 'ਤੇ ਰੱਖਿਆ ਹੈ। ਬਕਾਇਦਾ ਇਸ ਦੀ ਕਾਗਜ਼ੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਦੀ ਕੁੱਟਮਾਰ ਜਾਂ ਬੰਧੂਆ ਮਜ਼ਦੂਰ ਵਾਂਗ ਰੱਖਣ ਦੀ ਗੱਲ ਬਿਲਕੁੱਲ ਝੂਠ ਹੈ। ਦੂਜੇ ਪਾਸੇ ਪੁਲਸ ਚੌਕੀ ਵਰਧਮਾਨ ਦੇ ਤਫਤੀਸ਼ੀ ਅਧਿਕਾਰੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਅਸਲੀਅਤ ਕੀ ਹੈ। ਲੜਕੀ ਤੋਂ ਪੁੱਛਗਿੱਛ ਕੀਤੀ ਗਈ ਪਰ ਉਸ ਨੇ ਡਾਕਟਰ ਜੋੜੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਸਮਾਜ ਸੇਵੀ ਸੰਸਥਾ ਕੋਲ ਰੱਖਿਆ ਗਿਆ ਹੈ ਤੇ ਜਾਂਚ ਵੀ ਕੀਤੀ ਜਾ ਰਹੀ ਹੈ। ਜੇਕਰ ਲੜਕੀ ਨੂੰ ਖਰੀਦੇ ਜਾਣ ਜਾਂ ਬੰਧੂਆ ਮਜ਼ਦੂਰ ਰੱਖਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਤਲ ਤੇ ਅੱਗ ਲਗਾਉਣ ਦੇ ਮਾਮਲੇ 'ਚ 8 ਕਾਬੂ
NEXT STORY