ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਖਾਂ ਦੇ ਆਪ੍ਰੇਸ਼ਨਾਂ ਤੋਂ ਬਾਅਦ 18 ਵਿਅਕਤੀਆਂ ਦੀਆਂ ਅੱਖਾਂ ਦੀ ਰੌਸ਼ਨੀ ਜਾਣ ਦੇ ਮਾਮਲੇ 'ਚ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਸਿਹਤ ਖੇਤਰ ਦੀ ਅਪਰਾਧਿਕ ਨਜ਼ਰਅੰਦਾਜ਼ੀ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਤੁਰੰਤ ਉਨ੍ਹਾਂ ਦੇ ਅਸਤੀਫੇ ਤੇ ਪੀੜਤਾਂ ਲਈ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਵਿਭਾਗ ਨੂੰ ਇੰਨੇ ਦਿਨਾਂ ਤਕ ਬਟਾਲਾ, ਗੁਰਦਾਸਪੁਰ ਜ਼ਿਲਿਆਂ 'ਚ ਲੱਗੇ ਕੈਂਪ ਬਾਰੇ ਕੋਈ ਜਾਣਕਾਰੀ ਨਹੀਂ ਸੀ, ਜਿਥੇ 60 ਤੋਂ ਵੱਧ ਲੋਕਾਂ ਦੇ ਅੱਖਾਂ ਦੇ ਆਪ੍ਰੇਸ਼ਨ ਕੀਤੇ ਗਏ ਸਨ। ਇਸ ਲੜੀ ਹੇਠ ਕਈ ਦਿਨਾਂ ਬਾਅਦ ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਇਨ੍ਹਾਂ ਪੀੜਤਾਂ ਨੂੰ ਅੰਮ੍ਰਿਤਸਰ ਦੇ ਅੱਖਾਂ ਦੇ ਹਸਪਤਾਲ 'ਚ ਲਿਆਂਦਾ ਗਿਆ।
ਉਨ੍ਹਾਂ ਨੇ ਮਨੁੱਖੀ ਗਲਤੀ ਕਾਰਨ ਹੋਏ ਇਸ ਹਾਦਸੇ 'ਤੇ ਹੈਰਾਨੀ ਪ੍ਰਗਟ ਕਰਦਿਆਂ ਸਵਾਲ ਕੀਤਾ ਹੈ ਕਿ ਕਿਵੇਂ ਜ਼ਿਲੇ ਦੇ ਅਧਿਕਾਰੀਆਂ ਦੀ ਜਾਣਕਾਰੀ ਬਗੈਰ ਇਹ ਕੈਂਪ ਆਯੋਜਿਤ ਕੀਤਾ। ਸਪੱਸ਼ਟ ਤੌਰ 'ਤੇ ਇਹ ਆਪ੍ਰੇਸ਼ਨ ਕਰਨ ਵਾਲੇ ਡਾਕਟਰਾਂ ਵਲੋਂ ਲੋੜੀਂਦੀਆਂ ਸਾਵਧਾਨੀਆਂ ਨਹੀਂ ਵਰਤੀਆਂ ਗਈਆਂ। ਇਥੋਂ ਤਕ ਕਿ ਬਾਅਦ 'ਚ ਮਰੀਜ਼ਾਂ ਦੀ ਸੰਭਾਲ ਵੀ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ 'ਚ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਨਵੇਂ ਬਣੇ ਹਸਪਤਾਲ 'ਚ ਲਾਪ੍ਰਵਾਹੀ ਅਤੇ ਸੁਵਿਧਾਵਾਂ ਦੀ ਘਾਟ ਕਾਰਨ ਜਨਮ ਦੌਰਾਨ 5 ਬੱਚਿਆਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਬਿਲ ਤੇ ਪਾਰਦਰਸ਼ੀ ਸਰਕਾਰ ਦੇਣ ਦੇ ਦਾਅਵਿਆਂ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਮੰਤਰੀਆਂ ਦੇ ਵਿਭਾਗਾਂ 'ਚ ਅਜਿਹੇ ਹਾਦਸੇ ਹੋ ਰਹੇ ਹਨ।
ਹਵਸ 'ਚ ਅੰਨ੍ਹੇ ਦਰਿੰਦਿਆਂ ਨੇ ਨਾਬਾਲਗ ਨਾਲ ਕੀਤਾ ਜਬਰ-ਜ਼ਨਾਹ
NEXT STORY