ਜਗਰਾਓਂ (ਮਾਲਵਾ)- ਸਥਾਨਕ ਸ਼ਹਿਰ 'ਚ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਕੋਈ ਨਾ ਕੋਈ ਵਿਅਕਤੀ ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਹੋ ਹੀ ਜਾਂਦਾ ਹੈ ਪਰ ਕਈ ਵਾਰ ਤਾਂ ਲੁਟੇਰੇ ਆਪਣੇ ਮਨਸੂਬੇ ਕਾਮਯਾਬ ਕਰਨ ਲਈ ਰਾਹਗੀਰ ਨੂੰ ਜਾਨ ਤੋਂ ਮਾਰਨ 'ਤੇ ਵੀ ਉਤਾਰੋ ਹੋ ਜਾਂਦੇ ਹਨ। ਅਜਿਹੀ ਹੀ ਇਕ ਘਟਨਾ ਸੰਘਣੀ ਅਬਾਦੀ ਵਾਲੇ ਇਲਾਕੇ 'ਚ ਸਥਾਨਕ ਹਰਗੋਬਿੰਦਪੁਰਾ ਮੁਹੱਲਾ ਵਿਖੇ ਵਾਪਰੀ, ਜਿਥੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਐਕਟਿਵਾ ਸਕੂਟਰੀ 'ਤੇ ਕੈਸ਼ ਲੈ ਕੇ ਆ ਰਹੇ ਦੋ ਨੌਜਵਾਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ।
ਇਸ ਦੇ ਜਵਾਬ ਵਜੋਂ ਜਦੋਂ ਦੋਵੇਂ ਨੌਜਵਾਨ ਨੇ ਉਨ੍ਹਾਂ 'ਤੇ ਭਾਰੀ ਪੈਂਦੇ ਨਜ਼ਰ ਆਏ ਤਾਂ ਉਨ੍ਹਾਂ 'ਤੇ ਲੁਟੇਰਿਆਂ ਨੇ ਦਾਹ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਅਤੇ 11 ਲੱਖ ਰੁਪਏ ਨਗਦੀ ਸਮੇਤ ਐਕਟਿਵਾ ਸਕੂਟਰੀ ਨੰਬਰ ਪੀ.ਬੀ. 10-2711 ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਉਕਤ ਦੋਵੇਂ ਵਿਅਕਤੀ ਰੋਹਿਤ ਕੁਮਾਰ ਪੁੱਤਰ ਅਮਰੀਸ਼ ਕੁਮਾਰ ਅਤੇ ਜਗਸੀਰ ਸਿੰਘ ਪੁੱਤਰ ਚੰਦ ਸਿੰਘ ਦੋਵੇਂ ਵਾਸੀ ਜਗਰਾਓਂ ਲੰਬੇ ਸਮੇਂ ਤੋਂ ਲਕਸ਼ਮੀ ਟ੍ਰੇਡਰਜ਼ ਪੁਰਾਣੀ ਦਾਣਾ ਮੰਡੀ ਜਗਰਾਓਂ 'ਤੇ ਕੰਮ ਕਰ ਰਹੇ ਸਨ, ਜੋ ਕਿ ਉਕਤ ਦੁਕਾਨ ਦਾ ਕੈਸ਼ 11 ਲੱਖ ਰੁਪਏ ਲੈ ਕੇ ਘਰ ਦੇਣ ਆ ਰਹੇ ਸਨ ਤਾਂ ਉਕਤ ਘਟਨਾ ਵਾਪਰ ਗਈ। ਦੋਵੇਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਜਗਰਾਓਂ ਵਿਖੇ ਡਾਕਟਰੀ ਸਹਾਇਤਾ ਦੇਣ ਉਪਰੰਤ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਕੁੱਝ ਮਹੀਨੇ ਪਹਿਲਾਂ ਵੀ ਕੁੱਝ ਅਣਪਛਾਤੇ ਲੁਟੇਰਿਆਂ ਵੱਲੋਂ ਇਕ ਵਿਅਕਤੀ ਦੀ ਬਿਲਕੁਲ ਇਸੇ ਤਰ੍ਹਾਂ ਲੁੱਟ-ਖੋਹ ਕੀਤੀ ਸੀ ਅਤੇ ਅੱਖਾਂ 'ਚ ਮਿਰਚਾਂ ਪਾ ਕੇ ਉਸ ਕੋਲੋਂ 2.50 ਲੱਖ ਰੁਪਏ ਨਗਦੀ ਅਤੇ ਐਕਟਿਵਾ ਸਕੂਟਰੀ ਲੈ ਕੇ ਫਰਾਰ ਹੋ ਗਏ ਸਨ। ਇਸ ਸਬੰਧੀ ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਐੱਸ.ਪੀ. ਬਹਾਦਰ ਸਿੰਘ ਅਤੇ ਡੀ.ਐੱਸ.ਪੀ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਖਮੀਆਂ ਦੇ ਬਿਆਨ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇਗਾ ਅਤੇ ਲੁਟੇਰਿਆਂ ਨੂੰ ਫੜ੍ਹਨ ਲਈ ਨੇੜਲੇ ਜ਼ਿਲ੍ਹਿਆਂ ਵਿਚ ਵੀ ਨਾਕਾਬੰਦੀ ਕਰਵਾ ਦਿੱਤੀ ਗਈ ਹੈ, ਜਲਦੀ ਹੀ ਲੁਟੇਰੇ ਪੁਲਿਸ ਦੀ ਗ੍ਰਿਫ਼ਤ 'ਚ ਹੋਣਗੇ।
ਸਾਡਾ ਸਮਝੌਤਾ ਭਾਜਪਾ ਨਾਲ, ਸਿੱਧੂ ਨਾਲ ਕੋਈ ਵਾਹ-ਵਾਸਤਾ ਨਹੀਂ : ਚੀਮਾ (ਵੀਡੀਓ)
NEXT STORY