ਬੁਢਲਾਡਾ (ਬਾਂਸਲ) : ਪੰਜਾਬ 'ਚ ਕਿਸੇ ਵੀ ਸਮੇਂ ਨਗਰ ਕੌਂਸਲ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਸ ਨੂੰ ਮੱਦੇਨਜ਼ਰ ਰੱਖਦਿਆਂ ਕਾਂਗਰਸ ਪਾਰਟੀ ਬੂਥ ਪੱਧਰ 'ਤੇ ਵਰਕਰਾਂ ਨਾਲ ਤਾਲਮੇਲ ਕਰਕੇ ਚੋਣਾਂ 'ਚ ਉਮੀਦਵਾਰ ਖੜ੍ਹੇ ਕਰੇਗੀ। ਇਹ ਸ਼ਬਦ ਅੱਜ ਇੱਥੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਹੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਵਿਧਾਨ ਸਭਾ ਹਲਕਾ ਇੱਕ ਅਜਿਹਾ ਹਲਕਾ ਹੈ, ਜਿੱਥੇ ਕਾਂਗਰਸ ਪਾਰਟੀ ਦਾ ਵਰਕਰ ਸਭ ਤੋਂ ਵੱਧ ਮਜ਼ਬੂਤ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ 19 ਵਾਰਡਾਂ 'ਚ ਯੋਗ ਜਿੱਤਣ ਵਾਲੇ ਉਮੀਦਵਾਰਾਂ ਨੂੰ ਪਾਰਟੀ ਟਿਕਟ ਦੇਵੇਗੀ।
ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੂੰ ਇਨ੍ਹਾਂ ਚੋਣਾਂ 'ਚ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਪਰੋਕਤ ਚੋਣਾਂ 'ਚ ਔਰਤਾਂ ਅਤੇ ਨੌਜਵਾਨ ਕੁੜੀਆਂ ਨੂੰ ਵੀ ਅੱਗੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ 19 ਵਾਰਡਾਂ 'ਚ ਬੂਥ ਪੱਧਰ ਅਤੇ ਬੂਥ ਕਮੇਟੀਆਂ ਬਣਾਉਣ ਲਈ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਕੌਂਸਲਰ ਹਰਵਿੰਦਰਦੀਪ ਸਿੰਘ ਸਵੀਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਹਰ ਵਾਰਡ 'ਚ ਸੀਨੀਅਰ ਪਾਰਟੀ ਵਰਕਰਾਂ ਦੇ ਸਹਿਯੋਗ ਨਾਲ ਵਾਰਡ ਸੰਪਰਕ ਮੁਹਿੰਮ ਸ਼ੁਰੂ ਕਰਕੇ ਯੋਗ ਉਮੀਦਵਾਰ ਦੀ ਚੋਣ ਕਰਨ ਅਤੇ ਕਮੇਟੀਆਂ ਦਾ ਗਠਨ ਕਰਨ।
ਇਸ ਮੌਕੇ 'ਤੇ ਬੋਲਦਿਆਂ ਕਾਂਗਰਸੀ ਆਗੂ ਸਤਪਾਲ ਸਿੰਘ ਮੂਲੇਵਾਲਾ ਨੇ ਕਿਹਾ ਕਿ ਬੁਢਲਾਡਾ, ਬਰੇਟਾ, ਬੋਹਾ ਤਿੰਨੋ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਕਾਂਗਰਸ ਦੇ ਹੱਕ 'ਚ ਲਹਿਰ ਚੱਲੀ ਹੋਈ ਹੈ। ਮੌਜੂਦਾਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਲੋਕਾਂ ਦਾ ਇਨ੍ਹਾਂ ਤੋਂ ਮੋਹ ਭੰਗ ਹੋ ਚੁੱਕਿਆ ਹੈ। ਇਸ ਮੌਕੇ 'ਤੇ ਹਰਬੰਸ ਸਿੰਘ ਖਿੱਪਲ, ਜਗਦੀਸ਼ ਭੋਲਾ, ਕਮਲਇੰਦਰ ਜੈਨ, ਡੀ. ਸੀ. ਕੁਮਾਰ, ਮੇਘਰਾਜ, ਰਾਜੂ ਧੂਫ ਵਾਲਾ, ਅਮਰਨਾਥ ਨੰਦਗੜ੍ਹੀਆ, ਗੁਰਿੰਦਰ ਮੋਹਨ, ਜੋਨੀ ਚਾਹਤ, ਵਿਜੈ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ।
ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 7 ਮਈ ਤੱਕ ਜਾਰੀ ਰਹਿਣਗੇ ਹੁਕਮ
NEXT STORY