ਜਲੰਧਰ, (ਧਵਨ)—ਅਦਾਕਾਰਾ ਸੋਨਾਕਸ਼ੀ ਸਿਨ੍ਹਾ ਤੇ ਅਦਾਕਾਰ ਅਰਜੁਨ ਕਪੂਰ ਜਦੋਂ ਜਗ ਬਾਣੀ ਦੇ ਦਫਤਰ ਵਿਚ ਸ਼੍ਰੀ ਵਿਜੇ ਚੋਪੜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਲਈ ਆਏ ਤਾਂ ਇਨ੍ਹਾਂ ਬਾਲੀਵੁੱਡ ਹਸਤੀਆਂ ਦੀ ਸੂਚਨਾ ਮਿਲਦੇ ਹੀ ਹਜ਼ਾਰਾਂ ਪ੍ਰਸ਼ੰਸਕ ਜਗ ਬਾਣੀ ਦਫਤਰ ਦੇ ਨੇੜੇ-ਤੇੜੇ ਇਕੱਠੇ ਹੋ ਗਏ। ਇਸ ਮੌਕੇ ਸੁਰੱਖਿਆ ਲਈ ਸੀਨੀਅਰ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਸਨ। ਸੋਨਾਕਸ਼ੀ ਤੇ ਅਰਜੁਨ ਨੇ ਆਪਣੇ ਪ੍ਰਸ਼ੰਸਕਾਂ ਦਾ ਪਿਆਰ ਸਵੀਕਾਰ ਕੀਤਾ ਤੇ ਗੱਡੀਆਂ ਦੇ ਕਾਫਿਲੇ ਵਿਚ ਉਨ੍ਹਾਂ ਨੂੰ ਸੁਰੱਖਿਅਤ ਹੋਟਲ ਪਹੁੰਚਾਇਆ ਗਿਆ। ਸੋਨਾਕਸ਼ੀ ਤੇ ਅਰਜੁਨ ਨੇ ਸ਼੍ਰੀ ਵਿਜੇ ਚੋਪੜਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਫਿਲਮੀ ਕੈਰੀਅਰ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ। ਦੋਵੇਂ ਮਸ਼ਹੂਰ ਕਲਾਕਾਰਾਂ ਨੇ ਚੋਪੜਾ ਪਰਿਵਾਰ ਨਾਲ ਦੁਪਹਿਰ ਦਾ ਖਾਣਾ ਖਾਧਾ।
ਸੋਨਾਕਸ਼ੀ ਟੈਲੇਂਟਿਡ, ਪ੍ਰਿਅੰਕਾ ਤਜਰਬੇਕਾਰ ਤੇ ਆਲੀਆ ਮਿਹਨਤੀ
ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਬੋਨੀ ਕਪੂਰ ਦੇ ਬੇਟੇ ਤੇ ਫਿਲਮ ਅਦਾਕਾਰ ਅਰਜੁਨ ਕਪੂਰ ਨੇ ਕਿਹਾ ਕਿ ਉਹ ਫਿਲਮ ਅਭਿਨੇਤਰੀਆਂ ਨੂੰ ਕੋਈ ਗ੍ਰੇਡਿੰਗ ਨਹੀਂ ਦੇਣਾ ਚਾਹੁਣਗੇ ਕਿਉਂਕਿ ਹਰੇਕ ਅਦਾਕਾਰਾ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਰਹੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਿਸ ਅਦਾਕਾਰਾ ਨੂੰ ਸਭ ਤੋਂ ਵੱਧ ਅਤੇ ਕਿਸ ਨੂੰ ਸਭ ਤੋਂ ਘੱਟ ਪਸੰਦ ਕਰਦੇ ਹਨ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਸਭ ਤੋਂ ਵੱਧ ਜਾਂ ਘੱਟ ਪਸੰਦ ਅਦਾਕਾਰਾ ਬਾਰੇ ਗ੍ਰੇਡਿੰਗ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਸੋਨਾਕਸ਼ੀ ਸਿਨ੍ਹਾ, ਜਿਥੇ ਟੇਲੈਂਟਿਡ ਹੈ ਤਾਂ ਪ੍ਰਿਯੰਕਾ ਚੋਪੜਾ ਤਜਰਬੇਕਾਰ ਤੇ ਆਲੀਆ ਮਿਹਨਤੀ ਹੈ।
ਜਗ ਬਾਣੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੋਨਾਕਸ਼ੀ 'ਚ ਕੁਦਰਤੀ ਰੂਪ ਨਾਲ ਟੇਲੈਂਟ ਹੈ। ਉਹ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਸਿਰਫ ਮੀਡੀਆ ਹੀ ਫਿਲਮੀ ਹਸਤੀਆਂ ਨੂੰ ਪਹਿਲਾ, ਦੂਜਾ ਜਾਂ ਪੰਜਵਾਂ ਨੰਬਰ ਦਿੰਦਾ ਹੈ, ਜਦੋਂਕਿ ਹਰ ਕੋਈ ਆਪਣੇ ਮੁਕਾਮ 'ਤੇ ਸਫਲ ਹੈ।
ਅਰਜੁਨ ਕਪੂਰ ਨੇ ਕਿਹਾ ਕਿ ਉਹ ਮੁੰਬਈ 'ਚ ਰਹਿੰਦੇ ਹੋਏ ਜਾਂ ਬਾਹਰ ਜਾਂਦੇ ਹੋਏ ਆਪਣੇ ਪ੍ਰਸ਼ੰਸਕਾਂ ਨਾਲ ਟਵਿਟਰ ਦੇ ਮਾਧਿਅਮ ਰਾਹੀਂ ਜੁੜੇ ਰਹਿੰਦੇ ਹਨ। ਟਵਿਟਰ ਆਪਣੇ ਪ੍ਰਸ਼ੰਸਕਾਂ ਨਾਲ ਜੁੜਨ ਦਾ ਚੰਗਾ ਸਾਧਨ ਹੈ। ਜਦੋਂ ਉਹ ਕਿਤੇ ਵੀ ਸ਼ੂਟਿੰਗ 'ਤੇ ਜਾਂਦੇ ਹਨ ਤਾਂ ਉਸ ਦੀ ਅਪਡੇਟਿੰਗ ਵੀ ਟਵਿਟਰ 'ਤੇ ਸਾਂਝੀ ਕਰਦੇ ਰਹਿੰਦੇ ਹਨ। ਟਵਿਟਰ ਨੇ ਮੈਨੂੰ ਲੋਕਾਂ ਨਾਲ ਜੁੜਨ ਦਾ ਮੌਕਾ ਦਿੱਤਾ ਹੈ।
ਅਰਜੁਨ ਕਪੂਰ ਨੇ 'ਤੇਵਰ' ਫਿਲਮ ਦੀ ਚਰਚਾ ਕਰਦੇ ਹੋਏ ਕਿਹਾ ਕਿ ਹਰ ਵਿਅਕਤੀ ਵਿਚ ਤੇਵਰ ਵੱਖ-ਵੱਖ ਪ੍ਰਕਾਰ ਦੇ ਪਾਏ ਜਾਂਦੇ ਹਨ। ਫਿਲਮ ਵਿਚ ਉਹ (ਪਿੰਟੂ) ਕਿਸੇ ਵੀ ਲੜਕੀ ਨਾਲ ਬਦਤਮੀਜ਼ੀ ਜਾਂ ਉਸ ਦਾ ਅਪਮਾਨ ਸਹਿਣ ਨਹੀਂ ਕਰਦਾ ਹੈ। ਜਦੋਂ ਲੋਕ ਰਾਧਿਕਾ ਨਾਲ ਬਦਤਮੀਜ਼ੀ ਕਰਦੇ ਹਨ ਤਾਂ ਇਹ ਉਸ ਕੋਲੋਂ ਸਹਿਣ ਨਹੀਂ ਹੁੰਦਾ। ਉਹ ਮਾਰਕੁੱਟ 'ਤੇ ਉਤਰ ਆਉਂਦਾ ਹੈ। ਬਾਅਦ ਵਿਚ ਪਤਾ ਲੱਗਦਾ ਹੈ ਕਿ ਲੜਕੀ ਨਾਲ ਛੇੜਛਾੜ ਕਰਨ ਵਾਲਾ ਵਿਅਕਤੀ ਸ਼ਹਿਰ ਦਾ ਸਭ ਤੋਂ ਵੱਡਾ ਗੈਂਗਸਟਰ ਹੈ। ਹਾਂ-ਪੱਖੀ ਦ੍ਰਿਸ਼ਟੀਕੋਣ ਨੂੰ ਲੈ ਕੇ ਹੀ 'ਤੇਵਰ' ਫਿਲਮ ਬਣੀ ਹੈ।
ਉਨ੍ਹਾਂ ਦੱਸਿਆ ਕਿ ਫਿਲਮ ਵਿਚ ਰਾਧਿਕਾ ਭੱਜਦੇ-ਭੱਜਦੇ ਪਿੰਟੂ ਨੂੰ ਮਿਲਦੀ ਹੈ। ਰਾਧਿਕਾ ਨੂੰ ਨੱਚਣ ਦਾ ਸ਼ੌਕ ਹੈ। ਬਾਅਦ ਵਿਚ ਕਹਾਣੀ ਪ੍ਰੇਮ ਸੰਬੰਧਾਂ 'ਚ ਬਦਲ ਜਾਂਦੀ ਹੈ ਪਰ ਇਹ ਪ੍ਰੇਮ ਸੰਬੰਧ ਇਕਦਮ ਨਹੀਂ ਬਣਦੇ।
ਅਰਜੁਨ ਨੇ ਦੱਸਿਆ ਕਿ ਸੋਨਾਕਸ਼ੀ ਉਸ ਦੀ ਬਚਪਨ ਦੀ ਦੋਸਤ ਹੈ। ਜਦੋਂ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਨੇ ਫਿਲਮ 'ਤੇਵਰ' ਬਣਾਉਣ ਬਾਰੇ ਸੋਚਿਆ ਸੀ ਤਾਂ ਸੋਨਾਕਸ਼ੀ ਦੇ ਵਧੀਆ ਕਿਰਦਾਰ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਨੂੰ ਚੁਣਿਆ ਗਿਆ। ਫਿਲਮ ਲਈ ਸੋਨਾਕਸ਼ੀ ਇਕ ਆਦਰਸ਼ ਅਤੇ ਵਧੀਆ ਚੋਣ ਸੀ। ਫਿਲਮ ਵਿਚ ਸਾਨੂੰ ਇਕ ਅਜਿਹੀ ਅਦਾਕਾਰਾ ਦੀ ਲੋੜ ਸੀ, ਜਿਸ ਦਾ ਚਿਹਰਾ ਕਾਲਜ ਜਾਣ ਵਾਲੀ ਲੜਕੀ ਨਾਲ ਰਲਦਾ-ਮਿਲਦਾ ਹੋਵੇ, ਜਿਸ 'ਚ ਸੋਨਾਕਸ਼ੀ ਪੂਰੀ ਤਰ੍ਹਾਂ ਫਿੱਟ ਦਿਖਾਈ ਦਿੱਤੀ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਸੋਨਾਕਸ਼ੀ ਬਾਰੇ ਕੋਈ ਅਜਿਹਾ ਰਹੱਸ ਦੱਸੋ, ਜਿਸ ਨੂੰ ਦਰਸ਼ਕ ਨਾ ਜਾਣਦੇ ਹੋਣ, ਉਨ੍ਹਾਂ ਜਵਾਬ ਦਿੱਤਾ ਕਿ ਸੋਨਾਕਸ਼ੀ ਬਾਰੇ ਸਭ ਕੁਝ ਤਾਂ ਮੀਡੀਆ ਵਿਚ ਪਹਿਲਾਂ ਹੀ ਆ ਚੁੱਕਾ ਹੈ ਪਰ ਫਿਰ ਵੀ ਉਨ੍ਹਾਂ ਮੁਤਾਬਕ ਸੋਨਾਕਸ਼ੀ 'ਮਜ਼ਾਕ' ਸਹਿਣ ਕਰ ਲੈਂਦੀ ਹੈ। ਉਹ ਸ਼ੂਟਿੰਗ ਦੌਰਾਨ ਅੱਖਾਂ 'ਤੇ ਗਲੈਸਰੀਨ ਲਗਾਏ ਬਿਨਾਂ 'ਰੋ' ਸਕਦੀ ਹੈ।
ਜਦੋਂ ਸੋਨਾਕਸ਼ੀ ਤੋਂ ਪੁੱਛਿਆ ਗਿਆ ਕਿ ਤੁਸੀਂ ਅਰਜੁਨ ਬਾਰੇ ਕੁਝ ਰਹੱਸ ਭਰਪੂਰ ਗੱਲਾਂ ਦੱਸੋ ਤਾਂ ਉਸ ਨੇ ਕਿਹਾ ਕਿ ਅਰਜੁਨ ਅਸਿਸਟੈਂਟ ਡਾਇਰੈਕਟਰ ਰਹਿ ਚੁੱਕਾ ਹੈ। ਉਸ ਦੀ ਡਾਇਰੈਕਟਰ ਬਣਨ ਦੀ ਤਮੰਨਾ ਹੈ। ਉਸ ਨੇ ਕਿਹਾ ਕਿ ਅਰਜੁਨ ਲੱਤ ਖਿੱਚਣ 'ਚ ਮਾਹਿਰ ਹਨ। ਇਸ 'ਤੇ ਅਰਜੁਨ ਕਪੂਰ ਨੇ ਕਿਹਾ ਕਿ ਮੈਂ ਲੱਤ ਕਦੋਂ ਖਿੱਚੀ ਹੈ ਤਾਂ ਸੋਨਾਕਸ਼ੀ ਨੇ ਕਿਹਾ ਕਿ ਇੰਟਰਵਿਊ ਸ਼ੁਰੂ ਹੋਣ ਤੋਂ ਹੁਣ ਤਕ ਤੁਸੀਂ ਲੱਤ ਹੀ ਤਾਂ ਖਿੱਚ ਰਹੇ ਹੋ।
ਸੋਨਾਕਸ਼ੀ ਨੇ ਕਿਹਾ ਕਿ ਕਦੀ-ਕਦੀ ਅੱਖਾਂ 'ਚੋਂ ਹੰਝੂ ਇਕਦਮ ਨਿਕਲ ਆਉਂਦੇ ਹਨ ਪਰ ਅਜਿਹਾ ਹਰ ਸਮੇਂ ਨਹੀਂ ਹੁੰਦਾ। ਉਸ ਨੇ ਕਿਹਾ ਕਿ 'ਰਾਧਾ ਨਾਚੇਗੀ' ਗੀਤ ਨੂੰ ਲੈ ਕੇ ਉਸ ਨੂੰ ਭਾਰ ਕੁਝ ਘੱਟ ਕਰਨ ਲਈ ਕਿਹਾ ਗਿਆ ਸੀ, ਜਿਸ ਵਿਚ ਉਹ ਸਫਲ ਹੋ ਗਈ। ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਆਪਣਾ ਭਾਰ ਘਟਾ ਕੇ ਆਪਣਾ ਚਿਹਰਾ ਇਕ ਕਾਲਜ ਦੀ ਲੜਕੀ ਨਾਲ ਰਲਦਾ-ਮਿਲਦਾ ਬਣਾ ਲਿਆ। ਉਸ ਨੇ ਕਿਹਾ ਕਿ ਉਹ ਤਾਂ ਹਾਲੇ ਜਵਾਨ ਹੀ ਹੈ।
ਅਰਜੁਨ ਕਪੂਰ ਨੇ ਕਿਹਾ ਕਿ ਫਿਲਮਾਂ ਵਿਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਭਾਰ ਕਾਫੀ ਘੱਟ ਕੀਤਾ। ਭਾਰ ਘਟਾਉਣਾ ਸੌਖਾਲਾ ਕੰਮ ਨਹੀਂ ਹੈ। ਕਦੀ-ਕਦੀ ਮਨ ਵਿਚ ਇਹ ਵਿਚਾਰ ਵੀ ਆਇਆ ਕਿ ਉਹ ਨੱਚਦੇ ਹੋਏ ਰਿਤਿਕ ਰੋਸ਼ਨ ਵਰਗੇ ਨਹੀਂ ਬਣ ਸਕਦੇ ਹਨ ਪਰ ਬਾਅਦ ਵਿਚ ਉਨ੍ਹਾਂ ਨੇ ਆਪਣੀ ਸਿਹਤ ਨੂੰ ਠੀਕ ਰੱਖਣ ਅਤੇ ਫਿੱਟ ਨਜ਼ਰ ਆਉਣ ਲਈ ਆਪਣਾ ਭਾਰ ਘਟਾਇਆ।
ਅਰਜੁਨ ਨੇ ਕਿਹਾ ਕਿ ਉਸ ਨੂੰ ਫਿਲਮਾਂ ਦੇਖਣਾ ਪਸੰਦ ਹੈ ਅਤੇ ਫਿਲਮਾਂ ਦੇਖਣ ਵਿਚ ਉਸ ਨੂੰ ਮਜ਼ਾ ਆਉਂਦਾ ਹੈ। ਬਚਪਨ ਤੋਂ ਲੈ ਕੇ ਹੁਣ ਤਕ ਉਹ ਕਈ ਫਿਲਮਾਂ ਦੇਖ ਚੁੱਕਾ ਹੈ। ਇਹ ਪੁੱਛੇ ਜਾਣ 'ਤੇ ਕਿ ਤੁਹਾਡੀ ਨਜ਼ਰ ਵਿਚ ਸਭ ਤੋਂ ਵੱਡਾ ਕਲਾਕਾਰ ਕੌਣ ਹੈ? ਉਸ ਨੇ ਜਵਾਬ ਦਿੱਤਾ ਕਿ ਨਾਪ-ਤੋਲ ਕਰਨਾ ਮੀਡੀਆ ਦਾ ਕੰਮ ਹੈ। ਹਰ ਵਿਅਕਤੀ ਆਪਣੇ ਮੁਤਾਬਕ ਚੰਗਾ ਕੰਮ ਕਰਦਾ ਹੈ। ਉਸ ਨੂੰ ਸ਼੍ਰੇਣੀਆਂ ਵਿਚ ਮੀਡੀਆ ਵੰਡਦਾ ਹੈ। ਉਸ ਨੇ ਕਿਹਾ ਕਿ ਸੋਨਾਕਸ਼ੀ ਦੀ ਤਰ੍ਹਾਂ ਉਸ ਨੂੰ ਵੀ ਫਿਲਮ ਲਾਈਨ ਵਿਚ ਲਿਆਉਣ ਦਾ ਸਿਹਰਾ ਅਦਾਕਾਰ ਸਲਮਾਨ ਖਾਨ ਨੂੰ ਜਾਂਦਾ ਹੈ। ਹੁਣ ਉਸ ਨੂੰ ਐਕਟਿੰਗ ਵਿਚ ਮਜ਼ਾ ਆ ਰਿਹਾ ਹੈ ਅਤੇ ਉਹ ਹੁਣ ਫਿਲਮ ਇੰਡਸਟਰੀ 'ਚ ਲੰਮੇ ਸਮੇਂ ਤਕ ਕੰਮ ਕਰਨ ਦੀ ਇੱਛਾ ਰੱਖਦਾ ਹੈ। ਸਲਮਾਨ ਨੇ ਉਸ ਨੂੰ ਫਿਲਮਾਂ 'ਚ ਕਿਸਮਤ ਅਜ਼ਮਾਉਣ ਲਈ ਕਾਫੀ ਪ੍ਰੇਰਿਤ ਕੀਤਾ, ਜਿਸ ਤੋਂ ਬਾਅਦ ਉਸ ਨੇ ਸੰਭਲ ਕੇ ਖਾਣਾ-ਪੀਣਾ ਸ਼ੁਰੂ ਕਰ ਦਿੱਤਾ।
ਸਿੱਖ ਧਰਮ ਅਤੇ ਕਦਰਾਂ-ਕੀਮਤਾਂ 'ਚ ਪੂਰਾ ਵਿਸ਼ਵਾਸ ਹੈ : ਸਿੱਪੀ ਗਿੱਲ
NEXT STORY