ਪਟਿਆਲਾ (ਬਲਜਿੰਦਰ)- ਤਕਰੀਬਨ ਡੇਢ ਮਹੀਨਾ ਪਹਿਲਾਂ ਲਾਪਤਾ ਹੋਏ ਪ੍ਰਦੀਪ ਕੁਮਾਰ ਵਾਸੀ ਅਰਬਨ ਅਸਟੇਟ ਦੀ ਕਾਤਲ ਉਸ ਦੀ ਪਤਨੀ ਕੰਚਨ ਹੀ ਨਿਕਲੀ। ਕੰਚਨ ਨੇ ਆਪਣੇ ਆਸ਼ਿਕ ਮਨੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ। ਇੰਨਾ ਹੀ ਨਹੀਂ ਉਸ ਨੇ ਇਸ ਲਈ 20 ਹਜ਼ਾਰ ਰੁਪਏ ਵੀ ਦਿੱਤੇ। ਇਹ ਖੁਲਾਸਾ ਸੋਮਵਾਰ ਨੂੰ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਕੀਤਾ। ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸਿਟੀ 2\ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਲੰਘੀ 27 ਅਕਤੂਬਰ ਨੂੰ ਘਰੋਂ ਲਾਪਤਾ ਹੋ ਗਿਆ ਸੀ।
ਉਸ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕੀਤੀ ਸੀ ਪਰ ਬਾਅਦ ਵਿਚ ਪ੍ਰਦੀਪ ਕੁਮਾਰ ਦੇ ਘਰ ਵਾਲਿਆਂ ਨੇ ਉਸ ਦੀ ਪਤਨੀ ਕੰਚਨ 'ਤੇ ਹੀ ਸ਼ੱਕ ਪ੍ਰਗਟਾਇਆ ਤਾਂ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਕੰਚਨ ਅਤੇ ਉਸ ਦੇ ਸਾਥੀ ਮਨੀ ਨੂੰ ਹਿਰਾਸਤ ਵਿਚ ਲਿਆ ਤੇ ਜਦੋਂ ਤਫਤੀਸ਼ ਕੀਤੀ ਤਾਂ ਕੰਚਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਸ ਦੇ ਕੋਲ ਕਬੂਲ ਕੀਤੇ ਗੁਨਾਹ ਅਨੁਸਾਰ ਕੰਚਨ ਕਨੌਜੀਆ ਨੇ ਆਪਣੇ ਆਸ਼ਿਕ ਮਨੀ ਨਾਲ ਮਿਲ ਕੇ ਉਸ ਦੇ ਪਤੀ ਪ੍ਰਦੀਪ ਕੁਮਾਰ ਨੂੰ ਕਤਲ ਕਰ ਦਿੱਤਾ ਸੀ। ਮਨੀ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਆਪਣੇ ਦੋ ਸਾਥੀ ਰਾਕੇਸ਼ ਕੁਮਾਰ ਅਤੇ ਵਿੱਕੀ ਗਿੱਲ ਦੀ ਮਦਦ ਵੀ ਲਈ। ਪ੍ਰਦੀਪ ਕੁਮਾਰ ਨੂੰ ਕਹੀ ਦੇ ਬਿੰਡੇ ਨਾਲ ਮਾਰ ਕੇ ਕਤਲ ਕੀਤਾ ਗਿਆ ਅਤੇ ਬਾਅਦ ਵਿਚ ਲਾਸ਼ ਡੰਪਿੰਗ ਗਰਾਉਂਡ ਦੇ ਕੋਲ ਵੱਡੀ ਨਦੀ ਵਿਚੋਂ ਬਰਾਮਦ ਕੀਤੀ ਗਈ। ਅੱਜ ਕੰਚਨ ਦੇ ਆਸ਼ਿਕ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਪ੍ਰਦੀਪ ਕੁਮਾਰ ਦੀ ਲਾਸ਼ ਨੂੰ ਬਰਾਮਦ ਕਰ ਲਿਆ। ਬਰਾਮਦਗੀ ਤੋਂ ਬਾਅਦ ਲਾਸ਼ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ ਗਿਆ ਹੈ। ਭਲਕੇ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪੁਲਸ ਨੇ ਉਕਤ ਸਾਰਿਆਂ ਦੇ ਖਿਲਾਫ ਕਤਲ ਸਮੇਤ ਬਾਕੀ ਗੁਨਾਹ ਦੇ ਲਈ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ
NEXT STORY