ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਰੋਸ ਪ੍ਰਗਟ ਕਰਦਿਆਂ 'ਲੋਕ ਆਵਾਜ਼ ਟੀਵੀ' ਦੇ ਫੇਸਬੁੱਕ ਪੇਜ ਨੂੰ ਡਿਲੀਟ ਕੀਤੇ ਜਾਣ ਦੀ ਘਟਨਾ ਨੂੰ ਲੋਕਤੰਤਰ ਲਈ ਇੱਕ ਘਟੀਆ ਸਿਆਸਤ ਕਰਾਰ ਦਿੱਤਾ ਹੈ।
ਰਾਜਾ ਵੜਿੰਗ ਨੇ ਖੁਲਾਸਾ ਕੀਤਾ ਕਿ @AAPPunjab ਦੇ ਪਲੇਟਫਾਰਮਾਂ ਵੱਲੋਂ ਭੇਜੀਆਂ ਗਈਆਂ ਕਾਪੀਰਾਈਟ ਸਟ੍ਰਾਈਕਸ ਕਾਰਨ 'ਲੋਕ ਆਵਾਜ਼ ਟੀਵੀ' ਦਾ ਫੇਸਬੁੱਕ ਪੇਜ ਡਿਲੀਟ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ, ਸਗੋਂ ਸੱਤਾਧਾਰੀ ਪਾਰਟੀ ਵੱਲੋਂ ਸੋਚੀ-ਸਮਝੀ ਰਣਨੀਤੀ ਤਹਿਤ ਸੁਤੰਤਰ ਮੀਡੀਆ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਵੜਿੰਗ ਨੇ 'ਆਪ' ਪੰਜਾਬ ਦੀਆਂ ਹਾਲੀਆ ਕਾਰਵਾਈਆਂ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਮਹਿਜ਼ ਮੀਡੀਆ ਨੂੰ ਚੁੱਪ ਕਰਵਾਉਣ ਅਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਵਰਤੇ ਜਾ ਰਹੇ ਡਰਾਉਣ-ਧਮਕਾਉਣ ਵਾਲੇ ਹੱਥਕੰਡੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀਆਂ ਕਾਰਵਾਈਆਂ ਰਾਹੀਂ ਪ੍ਰੈੱਸ ਦੀ ਆਜ਼ਾਦੀ 'ਤੇ ਸ਼ਿਕੰਜਾ ਕੱਸ ਰਹੀ ਹੈ, ਜੋ ਕਿ ਬੇਹੱਦ ਨਿੰਦਣਯੋਗ ਹੈ।
ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਲੋਕਤੰਤਰ ਵਿੱਚ ਮੀਡੀਆ 'ਤੇ ਅਜਿਹੀ ਸੈਂਸਰਸ਼ਿਪ ਲਗਾ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਨਹੀਂ ਦਬਾਇਆ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਜਿਹੀਆਂ ਕੋਸ਼ਿਸ਼ਾਂ ਤੋਂ ਗੁਰੇਜ਼ ਕਰੇ ਅਤੇ ਮੀਡੀਆ ਨੂੰ ਆਪਣਾ ਕੰਮ ਨਿਡਰਤਾ ਨਾਲ ਕਰਨ ਦੇਵੇ। ਇਸ ਘਟਨਾ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਪ੍ਰੈੱਸ ਦੀ ਆਜ਼ਾਦੀ ਅਤੇ ਸਰਕਾਰ ਦੇ ਰਵੱਈਏ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਪੰਜਾਬ ਲੋਕਤੰਤਰ ਲਈ 'ਕਾਲਾ ਦਿਨ', ਮੀਡੀਆ ਅਦਾਰੇ ਨੂੰ ਚੁੱਪ ਕਰਵਾਉਣਾ ਸਿਆਸੀ ਬਦਲਾਖੋਰੀ ਦੀ ਸਿਖਰ: ਬਾਜਵਾ
NEXT STORY