ਸੁਭਾਨਪੁਰ (ਸੁਖਜਿੰਦਰ, ਭੂਸ਼ਣ) - ਅੱਜ ਦੁਪਹਿਰ ਸਮੇਂ ਕਰੀਬ 12 ਵਜੇ ਦਿੱਲੀ-ਲਾਹੌਰ ਵਿਚਕਾਰ ਚੱਲਣ ਵਾਲੀ ਅੰਤਰਰਾਸ਼ਟਰੀ ਬੱਸ ਦੇ ਸੁਭਾਨਪੁਰ ਨੇੜੇ ਹਾਦਸਾਗ੍ਰਸਤ ਹੋਣ ਕਾਰਨ ਬੱਸ ਪਿੱਛੇ ਚੱਲ ਰਹੀ ਕਪੂਰਥਲਾ ਪੁਲਸ ਦੀ ਸਕਾਟ ਗੱਡੀ 'ਚ ਸਵਾਰ ਤਿੰਨ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਹਾਦਸੇ ਕਾਰਨ ਦਿੱਲੀ-ਲਾਹੌਰ ਬੱਸ ਨੂੰ ਕਰੀਬ ਅੱਧਾ ਘੰਟਾ ਰੋਕਣਾ ਪਿਆ। ਜ਼ਖ਼ਮੀ ਪੁਲਸ ਮੁਲਾਜ਼ਮਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਸੰਬੰਧ 'ਚ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦਿੱਲੀ-ਲਾਹੌਰ ਬੱਸ ਅੱਜ ਦੁਪਹਿਰ ਸਮੇਂ ਕਰੀਬ 12 ਵਜੇ ਲਾਹੌਰ ਤੋਂ ਦਿੱਲੀ ਵਾਪਸ ਜਾ ਰਹੀ ਸੀ ਕਿ ਸੁਭਾਨਪੁਰ ਤੋਂ ਥੋੜ੍ਹੀ ਦੂਰ ਵੇਈਂ ਪੁਲ ਨੇੜੇ ਪੁੱਜਣ 'ਤੇ ਇਕ ਗੱਡੀ ਦੇ ਸੜਕ 'ਤੇ ਆ ਜਾਣ ਕਾਰਨ ਬੱਸ ਦੇ ਅੱਗੇ ਚੱਲ ਰਹੀ ਸੁਰੱਖਿਆ ਪਾਇਲਟ ਗੱਡੀ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਪਾਇਲਟ ਗੱਡੀ ਦੇ ਬ੍ਰੇਕ ਲਗਾਉਣ ਕਾਰਨ ਪਿੱਛੇ ਤੇਜ਼ ਰਫਤਾਰ ਆ ਰਹੀ ਬੱਸ ਦੇ ਚਾਲਕ ਨੇ ਵੀ ਬ੍ਰੇਕ ਲਗਾ ਦਿੱਤੀ, ਜੋ ਪਾਇਲਟ ਗੱਡੀ 'ਚ ਵੱਜ ਗਈ ਤੇ ਪਿੱਛੇ ਚੱਲ ਰਹੀ ਕਪੂਰਥਲਾ ਪੁਲਸ ਦੀ ਸਕਾਟ ਗੱਡੀ ਪੀ. ਬੀ. 09 ਜੀ. 9749 ਬੱਸ ਨਾਲ ਜਾ ਟਕਰਾਈ। ਇਸ ਟੱਕਰ ਕਾਰਨ ਸਕਾਟ ਗੱਡੀ 'ਚ ਸਵਾਰ ਇੰਸਪੈਕਟਰ ਮਨੋਜ ਕੁਮਾਰ, ਹੌਲਦਾਰ ਭੁਪਿੰਦਰ ਸਿੰਘ ਤੇ ਗੱਡੀ ਚਾਲਕ ਹੌਲਦਾਰ ਬਲਕਾਰ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੁਭਾਨਪੁਰ ਦੀ ਪੁਲਸ ਮੌਕੇ 'ਤੇ ਪੁੱਜੀ ਤੇ ਜ਼ਖ਼ਮੀ ਹੋਏ ਪੁਲਸ ਮੁਲਾਜ਼ਮਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ। ਇਸ ਹਾਦਸੇ ਕਾਰਨ ਚੰਦ ਮਿੰਟਾਂ 'ਚ ਹੀ ਜੀ. ਟੀ. ਰੋਡ 'ਤੇ ਜਾਮ ਲੱਗ ਗਿਆ, ਜਿਸ ਨੂੰ ਪੁਲਸ ਵਲੋਂ ਜਲਦੀ ਖੁੱਲ੍ਹਵਾ ਦਿੱਤਾ ਗਿਆ। ਇਸ ਹਾਦਸੇ ਕਾਰਨ ਦਿੱਲੀ-ਲਾਹੌਰ ਬੱਸ ਨੂੰ ਅੱਧਾ ਘੰਟਾ ਰੁਕਣਾ ਪਿਆ ਤੇ 12.35 'ਤੇ ਬੱਸ ਨੂੰ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ।
ਬੋਲੀਨਾ ਦੋਆਬਾ 'ਚ ਹੋਵੇਗੀ ਮਾਤਾ ਚਿੰਤਪੂਰਨੀ ਮੰਦਰ ਦੀ ਸਥਾਪਨਾ : ਦਿਲਸ਼ੇਰ ਸ਼ੇਰਾ
NEXT STORY