ਜਲੰਧਰ (ਵੈੱਬ ਡੈਸਕ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ 'ਪੰਜਾਬ ਕੇਸਰੀ' ਗਰੁੱਪ 'ਤੇ ਸਰਕਾਰ ਦੀ ਕੀਤੀ ਗਈ ਕਾਰਵਾਈ ਅਤਿ ਨਿੰਦਣਯੋਗ ਹੈ। ਇਹ ਪ੍ਰੈੱਸ ਦੀ ਆਜ਼ਾਦੀ 'ਤੇ ਇਕ ਕੋਝਾ ਹਮਲਾ ਹੈ। 'ਆਪ ਸਰਕਾਰ ਬੁਰੀ ਤਰ੍ਹਾਂ ਬੁਖਲਾਹਟ ਵਿਚ ਹੈ ਅਤੇ ਉਹ ਪ੍ਰੈੱਸ ਨੂੰ ਧੱਕੇ ਨਾਲ ਦਬਾਉਣਾ ਚਾਹੁੰਦੀ ਹੈ। ਪਹਿਲਾਂ ਵੀ 'ਆਪ' ਸਰਕਾਰ ਦੇ ਲੀਡਰ ਨੇ ਮੁਆਫ਼ੀ ਮੰਗੀ ਸੀ ਅਤੇ ਹੁਣ ਵੀ ਇਹ ਮੁਆਫ਼ੀ ਮੰਗਣਗੇ।
ਇਹ ਵੀ ਪੜ੍ਹੋ: ਨਸ਼ੇ ਦਾ ਅੱਡਾ ਬਣਿਆ ਪੰਜਾਬ, ਚੱਲ ਰਿਹੈ ਗੁੰਡਾਗਰਦੀ ਦਾ ਰਾਜ: ਸੁਨੀਲ ਜਾਖੜ
ਜਾਣੋ ਪੂਰਾ ਮਾਮਲਾ
ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ’ਤੇ ਇਕ ਹੋਰ ਵਾਰ ਕਰਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਆਵਾਜ਼ ਦਬਾਉਣ ਲਈ ਉਨ੍ਹਾਂ ਦੀਆਂ ਪ੍ਰੈੱਸਾਂ ਅਤੇ ਹੋਰ ਅਦਾਰਿਆਂ ’ਤੇ ਹਮਲਾ ਬੋਲਿਆ ਹੋਇਆ ਹੈ। ਇਸੇ ਲੜੀ ਤਹਿਤ ਵੀਰਵਾਰ ਨੂੰ ਗਰੁੱਪ ਦੀ ਬਠਿੰਡਾ ਪ੍ਰਿੰਟਿੰਗ ਪ੍ਰੈੱਸ ’ਚ ਰੇਡ ਮਾਰ ਕੇ ਕੁਝ ਕਰਮਚਾਰੀਆਂ ਨੂੰ ਪੁਲਸ ਵੱਲੋਂ ਹਿਰਾਸਤ ’ਚ ਲਿਆ ਗਿਆ ਅਤੇ ਕੁਝ ਕਰਮਚਾਰੀਆਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ, ਜੋ ਸਿਵਲ ਹਸਪਤਾਲ ਬਠਿੰਡਾ ’ਚ ਦਾਖ਼ਲ ਹਨ। ਇਸੇ ਤਰ੍ਹਾਂ ਜਲੰਧਰ ਸਥਿਤ ਸੂਰਾਨੁੱਸੀ ਪ੍ਰਿੰਟਿੰਗ ਪ੍ਰੈੱਸ ’ਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ ਪੁਲਸ ਫੋਰਸ ਨਾਲ ਜ਼ਬਰਦਸਤੀ ਕੰਧ ਟੱਪ ਕੇ ਅੰਦਰ ਵੜੇ ਅਤੇ ਅਖ਼ਬਾਰ ਦੇ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ। ਉੱਚ ਅਧਿਕਾਰੀਆਂ ਨੇ ਪੁਲਸ ਨਾਲ ਮਿਲ ਕੇ ਅੰਦਰੋਂ ਗੇਟ ਦਾ ਤਾਲਾ ਤੋੜਿਆ ਅਤੇ ਜ਼ਬਰਦਸਤੀ ਸੈਂਪਲ ਭਰੇ ਤੇ ਇਕ ਵਿਅਕਤੀ ਨੂੰ ਹਿਰਾਸਤ ’ਚ ਲੈ ਕੇ ਚਲੇ ਗਏ। ਇਹ ਸਾਰੇ ਅਧਿਕਾਰੀ ਬਿਨਾਂ ਨੋਟਿਸ ਅਤੇ ਬਿਨਾਂ ਕਿਸੇ ਸੂਚਨਾ ਦੇ ਪਹੁੰਚੇ ਸਨ ਅਤੇ ਬੋਲ ਰਹੇ ਸਨ ਕਿ ਉੱਪਰੋਂ ਹੁਕਮ ਹਨ।
ਇਹ ਵੀ ਪੜ੍ਹੋ: 'ਆਪ' ਸਰਕਾਰ ਦੀ ਕਾਰਵਾਈ ਨਾਲ ਸੱਚ ਦੀ ਕਲਮ ਨਹੀਂ ਰੁਕ ਸਕਦੀ: CM ਸੈਣੀ
ਇਸ ਸਬੰਧੀ ਪੰਜਾਬ ਕੇਸਰੀ ਪ੍ਰਬੰਧਕਾਂ ਨੇ ਸਥਿਤੀ ਦੀ ਜਾਣਕਾਰੀ ਲਿਖਤੀ ਤੌਰ ’ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤੀ ਹੈ, ਜਿਸ ’ਚ ਸਰਕਾਰ ਵੱਲੋਂ ਪ੍ਰੈੱਸ ’ਤੇ ਕੀਤੇ ਹਮਲਿਆਂ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਦਿੱਤੀ ਗਈ ਹੈ। ਅਖ਼ਬਾਰ ਪ੍ਰਬੰਧਕਾਂ ਅਨੁਸਾਰ, “ਅਸੀਂ ਹਾਲ ਦੇ ਕੁਝ ਘਟਨਾਚੱਕਰਾਂ ਨੂੰ ਲੈ ਕੇ ਆਪਣੀ ਡੂੰਘੀ ਚਿੰਤਾ ਅਤੇ ਪੀੜਾ ਪ੍ਰਗਟ ਕਰਨ ਲਈ ਇਹ ਪੱਤਰ ਲਿਖ ਰਹੇ ਹਾਂ। ਇਨ੍ਹਾਂ ਘਟਨਾਵਾਂ ਨਾਲ ਇਹ ਗੰਭੀਰ ਖ਼ਦਸ਼ਾ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਇਕ ਵਿਉਂਤਬੱਧ ਮਕਸਦ ਤਹਿਤ ਪੰਜਾਬ ਕੇਸਰੀ ਸਮੂਹ ਅਤੇ ਉਸ ਨਾਲ ਜੁੜੇ ਅਦਾਰਿਆਂ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾ ਰਹੀ ਹੈ, ਜਿਸ ਦਾ ਮਕਸਦ ਪ੍ਰੈੱਸ ਨੂੰ ਡਰਾਉਣਾ ਅਤੇ ਦਬਾਅ ਹੇਠ ਲੈਣਾ ਜਾਪਦਾ ਹੈ।”
ਪੱਤਰ ’ਚ ਲਿਖਿਆ ਗਿਆ ਹੈ ਕਿ ਇਹ ਘਟਨਾਚੱਕਰ 31 ਅਕਤੂਬਰ, 2025 ਨੂੰ ਪ੍ਰਕਾਸ਼ਿਤ ਇਕ ਖ਼ਬਰ ਤੋਂ ਸ਼ੁਰੂ ਹੋਇਆ, ਜੋ ਪੰਜਾਬ ’ਚ ਸੱਤਾਧਾਰੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਨਾਲ ਜੁੜੇ ਵਿਰੋਧੀ ਧਿਰ ਦੇ ਦੋਸ਼ਾਂ ’ਤੇ ਇਕ ਸੰਤੁਲਿਤ ਅਤੇ ਨਿਰਪੱਖ ਰਿਪੋਰਟ ਸੀ। ਇਸ ਤੋਂ ਬਾਅਦ 2 ਨਵੰਬਰ, 2025 ਤੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਕੇਸਰੀ ਸਮੂਹ ਨੂੰ ਦਿੱਤੇ ਜਾਣ ਵਾਲੇ ਸਾਰੇ ਸਰਕਾਰੀ ਇਸ਼ਤਿਹਾਰ ਬੰਦ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਪੰਜਾਬ ਕੇਸਰੀ ਸਮੂਹ ਪੰਜਾਬ ’ਚ ਸਭ ਤੋਂ ਵੱਧ ਪ੍ਰਸਾਰ ਵਾਲੇ ਹਿੰਦੀ ਅਤੇ ਪੰਜਾਬੀ ਰੋਜ਼ਾਨਾ ਅਖ਼ਬਾਰ ਪ੍ਰਕਾਸ਼ਿਤ ਕਰਦਾ ਹੈ। ਪ੍ਰੈੱਸ ’ਤੇ ਇਸ ਤਰ੍ਹਾਂ ਦੇ ਆਰਥਿਕ ਦਬਾਅ ਦੇ ਬਾਵਜੂਦ ਅਸੀਂ ਸੁਤੰਤਰ ਅਤੇ ਨਿਰਪੱਖ ਪੱਤਰਕਾਰੀ ਜਾਰੀ ਰੱਖੀ। ਹਾਲਾਂਕਿ, ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕੇਸਰੀ ਅਤੇ ਇਸ ਦੇ ਪ੍ਰਮੋਟਰਾਂ ਖ਼ਿਲਾਫ਼ ਲਗਾਤਾਰ ਇਕ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਜਲੰਧਰ ਦਾ ਦੌਰਾ ਹੋਇਆ ਰੱਦ
ਤੁਹਾਡੇ ਧਿਆਨ ’ਚ ਲਿਆਉਣਾ ਜ਼ਰੂਰੀ ਹੈ ਕਿ ਹਾਲ ਦੇ ਦਿਨਾਂ ’ਚ ਪੰਜਾਬ ਕੇਸਰੀ ਸਮੂਹ ਦੇ ਪ੍ਰਮੋਟਰ ਚੋਪੜਾ ਪਰਿਵਾਰ ਵਿਰੁੱਧ ਹੇਠ ਲਿਖੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ :
10 ਜਨਵਰੀ, 2026 ਨੂੰ ਜਲੰਧਰ ਸਥਿਤ ਪਾਰਕ ਪਲਾਜ਼ਾ ਹੋਟਲ (ਚੋਪੜਾ ਹੋਟਲਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸੰਚਾਲਿਤ) ’ਤੇ ਐੱਫ. ਐੱਸ. ਐੱਸ. ਏ. ਆਈ. ਦੀ ਰੇਡ।
12 ਜਨਵਰੀ, 2026 ਨੂੰ ਚੋਪੜਾ ਹੋਟਲਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸੰਚਾਲਿਤ ਜਲੰਧਰ ਦੇ ਹੋਟਲ ’ਤੇ ਜੀ. ਐੱਸ. ਟੀ. ਵਿਭਾਗ ਦੀ ਰੇਡ।
12 ਜਨਵਰੀ, 2026 ਨੂੰ ਜਲੰਧਰ ਦੇ ਹੋਟਲ ’ਤੇ ਆਬਕਾਰੀ ਵਿਭਾਗ ਦੀ ਰੇਡ।
12 ਜਨਵਰੀ, 2026 ਨੂੰ ਲੁਧਿਆਣਾ ਫੋਕਲ ਪੁਆਇੰਟ ਸਥਿਤ ਪੰਜਾਬ ਕੇਸਰੀ ਦੀ ਪ੍ਰੈੱਸ ਜਗਤ ਵਿਜੇ ਪ੍ਰਿੰਟਰਜ਼ ’ਤੇ ਫੈਕਟਰੀ ਵਿਭਾਗ ਦੇ ਉਪ-ਨਿਰਦੇਸ਼ਕ ਅਤੇ ਲੇਬਰ ਵਿਭਾਗ ਦੇ ਸਹਾਇਕ ਲੇਬਰ ਕਮਿਸ਼ਨਰ ਵੱਲੋਂ ਸਾਂਝੀ ਰੇਡ।
12 ਜਨਵਰੀ, 2026 ਨੂੰ ਜਲੰਧਰ ਸਿਵਲ ਲਾਈਨਜ਼ ਸਥਿਤ ਪੰਜਾਬ ਕੇਸਰੀ ਪ੍ਰਿੰਟਿੰਗ ਪ੍ਰੈੱਸ ’ਤੇ ਫੈਕਟਰੀ ਵਿਭਾਗ ਦੇ ਉਪ-ਨਿਰਦੇਸ਼ਕ ਅਤੇ ਲੇਬਰ ਵਿਭਾਗ ਦੇ ਸਹਾਇਕ ਲੇਬਰ ਕਮਿਸ਼ਨਰ ਦੁਆਰਾ ਸਾਂਝੀ ਰੇਡ।
13 ਜਨਵਰੀ, 2026 ਨੂੰ ਜਲੰਧਰ ਸਥਿਤ ਚੋਪੜਾ ਹੋਟਲਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸੰਚਾਲਿਤ ਹੋਟਲ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰੇਡ।
13 ਜਨਵਰੀ, 2026 ਨੂੰ ਜਲੰਧਰ ਜ਼ੋਨ ਦੇ ਕਲੈਕਟਰ-ਕਮ-ਆਬਕਾਰੀ ਵਿਭਾਗ ਵੱਲੋਂ ਲਾਇਸੈਂਸ ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਅਤੇ 14 ਜਨਵਰੀ, 2026 ਨੂੰ ਲਾਇਸੈਂਸ ਰੱਦ ਕਰ ਦਿੱਤੇ ਗਏ।
14 ਜਨਵਰੀ, 2026 ਨੂੰ ਜਲੰਧਰ ਸਥਿਤ ਹੋਟਲ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ।
15 ਜਨਵਰੀ, 2026 ਨੂੰ ਜਲੰਧਰ ਸਥਿਤ ਚੋਪੜਾ ਹੋਟਲ ਦਾ ਜੈਨਰੇਟਰ ਸੀਲ ਕਰ ਕੇ ਬਿਜਲੀ ਸਪਲਾਈ ਠੱਪ ਕਰ ਦਿੱਤੀ ਗਈ।
15 ਜਨਵਰੀ, 2026 ਨੂੰ ਲੁਧਿਆਣਾ, ਬਠਿੰਡਾ ਅਤੇ ਜਲੰਧਰ ਸਥਿਤ ਪ੍ਰਿੰਟਿੰਗ ਪ੍ਰੈੱਸਾਂ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰੇਡ ਅਤੇ ਕਾਰਵਾਈ।
ਇਨ੍ਹਾਂ ਕਾਰਵਾਈਆਂ ਕਾਰਨ ਇਹ ਖ਼ਦਸ਼ਾ ਹੈ ਕਿ 15 ਜਨਵਰੀ, 2026 ਤੋਂ ਜਲੰਧਰ, ਲੁਧਿਆਣਾ ਅਤੇ ਬਠਿੰਡਾ ਸਥਿਤ ਵੱਖ-ਵੱਖ ਪ੍ਰਿੰਟਿੰਗ ਪ੍ਰੈੱਸਾਂ ਦਾ ਸੰਚਾਲਨ ਪ੍ਰਭਾਵਿਤ ਜਾਂ ਪੂਰੀ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ। ਸੂਰਾਨੁੱਸੀ (ਜਲੰਧਰ), ਫੋਕਲ ਪੁਆਇੰਟ (ਲੁਧਿਆਣਾ) ਅਤੇ ਆਈ. ਜੀ. ਸੀ. ਬਠਿੰਡਾ ਸਥਿਤ ਪ੍ਰੈੱਸ ਕੰਪਲੈਕਸਾਂ ਦੇ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਜਿਵੇਂ ਕਿ ਤੁਸੀਂ ਜਾਣਦੇ ਹੋ, ਸਵਰਗੀ ਲਾਲਾ ਜਗਤ ਨਾਰਾਇਣ ਜੀ ਨੇ ਸਾਲ 1949 ’ਚ ਹਿੰਦ ਸਮਾਚਾਰ ਦੀ ਸਥਾਪਨਾ ਕੀਤੀ ਸੀ ਅਤੇ ਪੰਜਾਬ ਕੇਸਰੀ ਦਾ ਪ੍ਰਕਾਸ਼ਨ 1965 ’ਚ ਸ਼ੁਰੂ ਹੋਇਆ। ਪ੍ਰੈੱਸ ਦੀ ਆਜ਼ਾਦੀ ਪ੍ਰਤੀ ਸਾਡੀ ਵਚਨਬੱਧਤਾ ਜੱਗ-ਜ਼ਾਹਿਰ ਹੈ। ਸਵਰਗੀ ਲਾਲਾ ਜਗਤ ਨਾਰਾਇਣ, ਸਵਰਗੀ ਸ਼੍ਰੀ ਰਮੇਸ਼ ਚੰਦਰ ਚੋਪੜਾ ਸਮੇਤ ਸਾਡੇ 60 ਤੋਂ ਵੱਧ ਕਰਮਚਾਰੀਆਂ, ਏਜੰਟਾਂ, ਹਾਕਰਾਂ ਅਤੇ ਪੱਤਰਕਾਰਾਂ ਨੇ ਪੰਜਾਬ ’ਚ ਅੱਤਵਾਦ ਦੇ ਦੌਰ ਦੌਰਾਨ ਨਿਡਰ ਪੱਤਰਕਾਰੀ ਕਾਰਨ ਆਪਣੀਆਂ ਜਾਨਾਂ ਗੁਆਈਆਂ ਅਤੇ ਕਈ ਜ਼ਖਮੀ ਹੋਏ। ਇਸ ਦੇ ਬਾਵਜੂਦ, ਅਖ਼ਬਾਰ ਨੇ ਕਦੇ ਦਬਾਅ ਅੱਗੇ ਗੋਡੇ ਨਹੀਂ ਟੇਕੇ ਅਤੇ ਅੱਗੇ ਵੀ ਸੁਤੰਤਰ ਤੌਰ ’ਤੇ ਰਿਪੋਰਟਿੰਗ ਕਰਦਾ ਰਹੇਗਾ। ਇਸ ਤਰ੍ਹਾਂ ਦੀ ਨਿਸ਼ਾਨਾ ਬਣਾ ਕੇ ਕੀਤੀ ਗਈ ਕਾਰਵਾਈ, ਜਿਸ ’ਚ ਵੱਖ-ਵੱਖ ਵਿਭਾਗ ਪਹਿਲਾਂ ਤੋਂ ਨਿਰਧਾਰਿਤ ਇਰਾਦੇ ਨਾਲ ਸਾਡੇ ਕੰਮਕਾਜ ਨੂੰ ਪ੍ਰਭਾਵਿਤ ਕਰ ਰਹੇ ਹਨ, ਸਪੱਸ਼ਟ ਤੌਰ ’ਤੇ ਡਰਾਉਣ-ਧਮਕਾਉਣ ਦੀ ਨੀਅਤ ਨਾਲ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪਾਵਨ ਸਰੂਪਾਂ ਬਾਰੇ CM ਮਾਨ ਦੇ ਖੁਲਾਸੇ ਦੀ ਡੇਰਾ ਪ੍ਰਬੰਧਕਾਂ ਨੇ ਕੱਢੀ ਫੂਕ, ਕੀ ਝੂਠ ਬੋਲ ਰਹੇ ਨੇ ਮਾਨ ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐੱਸਜੀਪੀਸੀ ਨੇ 'ਆਪ' ਆਗੂ ਆਤਿਸ਼ੀ ਖ਼ਿਲਾਫ਼ ਪਾਸ ਕੀਤਾ ਮਤਾ, ਕਾਨੂੰਨੀ ਕਾਰਵਾਈ ਦੀ ਤਿਆਰੀ
NEXT STORY