ਮੈਲਬੋਰਨ-(ਮਨਦੀਪ ਸਿੰਘ ਸੈਣੀ)-ਪੰਜਾਬੀ ਮਾਂ ਬੋਲੀ ਨੂੰ ਉਚਾਈਆਂ 'ਤੇ ਲੈ ਕੇ ਜਾਣ ਦੀ ਕੋਸ਼ਿਸ਼ ਅਧੀਨ ਅਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਪੰਜਾਬੀ ਦਿਹਾੜਾ 14 ਦਸੰਬਰ ਨੂੰ ਮੈਲਬੋਰਨ ਦੇ ਡੈਂਡੀਨੌਂਗ ਇਲਾਕੇ 'ਚ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੋਰਨ ਦੇ ਮੁੱਖ ਸਕੱਤਰ ਸੁਖਜੀਤ ਸਿੰਘ ਔਲਖ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਜੰਮਪਲ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਦੇ ਉਦੇਸ਼ ਅਧੀਨ ਪੰਜਾਬੀ ਦੇ ਵਿਦਵਾਨਾਂ ਵਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਜਾਣਗੇ। ਪੰਜਾਬੀ ਬੋਲੀ ਦੇ ਇਤਿਹਾਸ, ਧਾਰਮਿਕ ਪੱਖ, ਭਾਸ਼ਾਈ ਖਤਰਾ ਤੇ ਸੰਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਸੂਝਵਾਨ ਬੁਲਾਰਿਆਂ ਵਲੋਂ ਪਰਚੇ ਵੀ ਪੜ੍ਹੇ ਜਾਣਗੇ।
ਇਸ ਮੌਕੇ ਸੱਭਿਆਚਾਰ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ, ਜਿਸ 'ਚ ਪੰਜਾਬੀ ਗੀਤ ਸੰਗੀਤ, ਗਿੱਧਾ ਭੰਗੜਾ ਤੇ ਮਲਵਈ ਗਿੱਧਾ ਖਾਸ ਆਕਰਸ਼ਣ ਹੋਣਗੇ। ਔਲਖ ਨੇ ਦੱਸਿਆ ਕਿ ਪੰਜਾਬੀ ਬੋਲੀ ਲਈ ਯਤਨਸ਼ੀਲ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਉਨ੍ਹਾਂ ਦੇ ਸਮੂਹ ਪੰਜਾਬੀਆਂ ਨੂੰ ਹੁੰਮ-ਹੁੰਮਾ ਕੇ ਇਸ ਸਮਾਰੋਹ 'ਚ ਸ਼ਿਰਕਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੰਸਥਾ ਦੇ ਪ੍ਰਧਾਨ ਫੁੱਲਵਿੰਦਰ ਸਿੰਘ ਗਰੇਵਾਲ, ਅਮਿੰਦਰ ਸਿੰਘ ਧਾਮੀ, ਸੰਦੀਪ ਕਾਹਲੋਂ, ਜਗਦੀਪ ਸਿੰਘ ਤੋਂ ਇਲਾਵਾ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
ਵੱਧਦਾ ਜਾ ਰਿਹੈ ਇਬੋਲਾ ਵਾਇਰਸ, ਹੋਰ ਮਾਮਲੇ ਆਏ ਸਾਹਮਣੇ
NEXT STORY