ਬਟਾਲਾ/ਜੈਂਤੀਪੁਰ (ਬੇਰੀ, ਵਿਪਨ, ਬਲਜੀਤ, ਅਸ਼ਵਨੀ)- ਪਿੰਡ ਸਰੂਪਵਾਲੀ ਵਿਖੇ ਸਥਿਤ ਬੰਦ ਪਈ ਪੇਪਰ ਮਿੱਲ ਵਿਚੋਂ ਚੋਰਾਂ ਵਲੋਂ ਲੱਖਾਂ ਦਾ ਸਾਮਾਨ ਚੋਰੀ ਕਰਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਧਰਾ ਕਾਰਬਨ ਪੇਪਰ ਮਿੱਲ ਦੇ ਮਾਲਕ ਹਰਦੇਵ ਸਿੰਘ ਪੁੱਤਰ ਅੱਛਰ ਸਿੰਘ ਵਾਸੀ ਸਰੂਪਵਾਲੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਿੱਲ. ਪੀ. ਐੱਫ. ਸੀ. ਚੰਡੀਗੜ੍ਹ ਤੋਂ ਖਰੀਦੀ ਸੀ ਜੋ ਕਾਫੀ ਸਮੇਂ ਤੋਂ ਬੰਦ ਪਈ ਸੀ। ਉਸ ਦੱਸਿਆ ਕਿ ਵੀਰਵਾਰ ਦੀ ਸਵੇਰੇ ਉਸਦਾ ਭਰਾ ਸਕੂਲ ਵਿਖੇ ਬੱਚੇ ਛੱਡਣ ਜਾ ਰਿਹਾ ਸੀ ਤਾਂ ਉਸ ਦੱਸਿਆ ਕਿ ਮਿੱਲ ਦਾ ਮੇਨ ਗੇਟ ਖੁੱਲ੍ਹਿਆ ਹੋਇਆ ਹੈ, ਜਿਸ 'ਤੇ ਉਹ ਤੁਰੰਤ ਆਪਣੀ ਮਿੱਲ 'ਤੇ ਆਇਆ ਤਾਂ ਦੇਖਿਆ ਕਿ ਚੋਰਾਂ ਨੇ ਬਾਊਂਡਰੀਵਾਲ ਦੇ ਮੇਨ ਗੇਟ ਦਾ ਤਾਲਾ ਟੁੱਟਾ ਪਿਆ ਹੈ ਅਤੇ ਅੰਦਰ ਲੱਗਾ ਸ਼ਟਰ ਵੀ ਚੋਰਾਂ ਨੇ ਤੋੜਿਆ ਹੋਇਆ ਹੈ।
ਹਰਦੇਵ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਉਸ ਨੇ ਮਿੱਲ ਦੇ ਅੰਦਰ ਪਏ ਸਾਮਾਨਾ ਦੀ ਜਾਂਚ ਕੀਤੀ ਤਾਂ ਦੇਖਿਆ ਚੋਰ ਮਿੱਲ ਵਿਚੋਂ 15 ਮੋਟਰਾਂ ਥ੍ਰੀ ਫੇਜ਼ ਜੋ 1 ਤੋਂ 2 ਹਾਰਸਪਾਰਵਰ ਤੱਕ ਦੀਆਂ ਸਨ ਸਮੇਤ 15 ਸਟਾਟਰ, 15 ਕੰਟਰੋਲ ਸਵਿੱਚ ਥ੍ਰੀ ਫੇਜ਼, ਕਾਪਰ ਤਾਰ, ਆਦਿ ਸਾਮਾਨ ਚੋਰੀ ਕਰਕੇ ਲੈ ਜਾ ਚੁੱਕੇ ਸਨ। ਉਸ ਦੱਸਿਆ ਕਿ ਇਸ ਸਬੰਧੀ ਪੁਲਸ ਥਾਣਾ ਸਦਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਸ ਦਾ ਸਾਢੇ ਤਿੰਨ ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ।
ਇਹ ਵੀ ਪਤਾ ਲੱਗਾ ਹੈ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਚ. ਓ. ਸਦਰ ਅਵਤਾਰ ਸਿੰਘ ਕੰਗ ਅਤੇ ਪੁਲਸ ਚੌਕੀ ਸ਼ੇਖੂਪੁਰਾ ਦੇ ਇੰਚਾਰਜ ਏ. ਐੱਸ. ਆਈ ਮਨੋਹਰ ਸਿੰਘ ਪੁਲਸ ਪਾਰਟੀ ਅਤੇ ਡਾੱਗ ਸਕੂਐਡ ਦੀ ਟੀਮ ਨੂੰ ਨਾਲ ਲੈ ਕੇ ਮੌਕੇ 'ਤੇ ਪਹੁੰਚ ਗਏ ਜਿਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਚੋਰਾਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।
ਤਸਵੀਰਾਂ 'ਚ ਦੇਖ ਕੇ ਪਤਾ ਲੱਗੇਗਾ, ਹਮਲਾ ਕਿੰਨਾ ਦਰਦਨਾਕ ਸੀ
NEXT STORY