ਪਟਿਆਲਾ, (ਰਾਜੇਸ਼)-ਲੋਕ ਸਭਾ ਵਿਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਆਪਣਾ ਅਹੁਦਾ ਛੱਡਣ ਦਾ ਇਹ ਉਚਿਤ ਸਮਾਂ ਹੈ ਕਿਉਂਕਿ ਬਾਦਲ ਨੇ ਲੋਕਾਂ ਦੇ ਭਰੋਸੇ ਨੂੰ ਪੂਰੀ ਤਰ੍ਹਾਂ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨ ਵਿਚ ਬੁਰੀ ਤਰ੍ਹਾਂ ਫੇਲ ਸਾਬਤ ਹੋਏ ਹਨ ਅਤੇ ਸਿਰਫ ਭਾਜਪਾ ਦਾ ਹੱਥ ਠੋਕਾ ਬਣ ਕੇ ਰਹਿ ਗਏ ਹਨ। ਮੁੱਖ ਮੰਤਰੀ ਲਈ ਆਪਣੇ ਸੂਬੇ ਦੇ ਹਿੱਤ ਜ਼ਿਆਦਾ ਜ਼ਰੂਰੀ ਹੁੰਦੇ ਹਨ ਨਾ ਕਿ ਸਿਰਫ ਪਰਿਵਾਰ ਦੇ ਹਿੱਤ।
ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਕਹਿ ਰਹੇ ਹਨ ਕਿ ਪੰਜਾਬ ਦੇ ਲੋਕਾਂ ਨੇ ਹੀ ਉਨ੍ਹਾਂ ਨੂੰ ਚੁਣਿਆ ਹੈ ਪਰ ਸੱਚਾਈ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਸ ਉਦੇਸ਼ ਲਈ ਬਾਦਲ ਨੂੰ ਚੁਣਿਆ ਸੀ, ਉਹ ਅਸਲ ਵਿਚ ਬੁਰੀ ਤਰ੍ਹਾਂ ਫੇਲ ਸਾਬਤ ਹੋਏ ਹਨ ਅਤੇ ਪੰਜਾਬ ਦੇ ਲੋਕਾਂ ਦਾ ਹੁਣ ਮੁੱਖ ਮੰਤਰੀ ਬਾਦਲ ਤੋਂ ਭਰੋਸਾ ਉਠ ਗਿਆ ਹੈ।
ਬਾਦਲ ਨੇ ਪੰਜਾਬ ਨੂੰ ਮੁਸ਼ਕਿਲ ਹਾਲਾਤ 'ਚ ਪਹੁੰਚਾ ਦਿੱਤਾ ਹੈ ਅਤੇ ਅਜਿਹੇ ਹਾਲਾਤ ਵਿਚ ਬਾਦਲ ਨੂੰ ਤੁਰੰਤ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ।
ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਦਾ ਗ੍ਰਾਫ ਬਾਦਲ ਦੀ ਵਧ ਰਹੀ ਉਮਰ ਦੇ ਨਾਲ ਡਿੱਗ ਰਿਹਾ ਹੈ ਤੇ ਕਮਜ਼ੋਰ ਹੋ ਰਿਹਾ ਹੈ। ਬਾਦਲ ਦੀ ਛੋਟੀ ਸੋਚ ਕਾਰਨ ਪੰਜਾਬ ਪਹਿਲਾਂ ਹੀ ਦੀਵਾਲੀਏਪਣ ਦੇ ਕੰਢੇ 'ਤੇ ਪਹੁੰਚ ਚੁੱਕਾ ਹੈ, ਜਿਸਦਾ ਭਵਿੱਖ ਬਾਦਲ ਦੀ ਵਧਦੀ ਉਮਰ ਨਾਲ ਧੁੰਦਲਾ ਹੋ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਗੱਲ ਵਧੀਆ ਹੈ ਕਿ ਬਾਦਲ ਨੂੰ ਇਹ ਯਾਦ ਹੈ ਕਿ ਉਹ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਹਨ ਪਰ ਚੋਣਾਂ ਵਿਚ ਲੋਕਾਂ ਨਾਲ ਕੀ ਵਾਅਦੇ ਕੀਤੇ ਗਏ ਸਨ, ਉਹ ਜਾਂ ਤਾਂ ਬਾਦਲ ਨੂੰ ਯਾਦ ਨਹੀਂ ਜਾਂ ਉਹ ਜਾਣਬੁਝ ਕੇ 'ਬੋਲ਼ੇ' ਬਣ ਗਏ ਹਨ। ਉਨ੍ਹਾਂ ਬਾਦਲ ਨੂੰ ਕਿਹਾ ਕਿ ਉਹ ਹੁਣ ਪੰਜਾਬ ਦੇ ਲੋਕਾਂ 'ਤੇ ਅਹਿਸਾਨ ਕਰਨ ਅਤੇ ਸਨਮਾਨਜਨਕ ਤਰੀਕੇ ਨਾਲ ਆਪਣੇ ਅਹੁਦੇ ਦਾ ਤਿਆਗ ਕਰ ਦੇਣ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ।
ਮੋਦੀ ਸਿਰਫ ਗੱਲਾਂ ਤੇ ਝੂਠ ਦੇ ਜਾਦੂਗਰ : ਬਾਜਵਾ
NEXT STORY