ਬਟਾਲਾ, (ਬੇਰੀ, ਬੱਬੂ, ਰਣਜੋਧ, ਕਾਲੀਆ)-ਅੱਜ ਕਸਬਾ ਸ੍ਰੀ ਹਰਗੋਬਿੰਦਪੁਰ ਵਿਖੇ ਲੱਕੀ ਪੈਲੇਸ ਵਿਚ ਹਲਕਾ ਇੰਚਾਰਜ ਬਲਵਿੰਦਰ ਸਿੰਘ ਲਾਡੀ ਵਲੋਂ ਆਯੋਜਿਤ ਕਾਂਗਰਸ ਪਾਰਟੀ ਦੀ ਭਰਵੀਂ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਨਹੀਂ ਬਲਕਿ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਬਾਦਲ ਐਂਡ ਕੰਪਨੀ ਸਿਊਂਕ ਵਾਂਗ ਪੰਜਾਬ ਨੂੰ ਖਾ ਰਹੀ ਹੈ ਜਿਸ ਕਰਕੇ ਅੱਜ ਪੰਜਾਬ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਦੀ ਸਾਲਾਨਾ ਆਮਦਨ 33000 ਕਰੋੜ ਰੁਪਏ ਹੈ ਜਦਕਿ ਖਰਚਾ 44000 ਕਰੋੜ ਅਤੇ ਇਸ ਹਿਸਾਬ ਨਾਲ ਸਰਕਾਰ ਹਰ ਸਾਲ 11000 ਕਰੋੜ ਦੇ ਘਾਟੇ 'ਤੇ ਚੱਲ ਰਹੀ ਹੈ। ਬੈਂਕਾਂ ਦਾ ਕਰਜ਼ਾ 2 ਲੱਖ ਕਰੋੜ ਹੋ ਗਿਆ ਹੈ ਜਿਸ ਦਾ ਸਾਲਾਨਾ ਵਿਆਜ ਬੈਂਕ ਵਿਚ 14000 ਕਰੋੜ ਚਲਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ 100 ਕਰੋੜ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਕਾਰਜਾਂ ਲਈ ਖਰਚਿਆ ਗਿਆ ਸੀ ਅਤੇ ਹੁਣ ਸ੍ਰੀ ਹਰਗੋਬਿੰਦਪੁਰ ਹਲਕੇ ਦੇ ਵਿਕਾਸ ਲਈ ਆਏ 6 ਕਰੋੜ ਰੁਪਏ ਦਾ ਹਿਸਾਬ ਕਾਂਗਰਸ ਸਰਕਾਰ ਬਣਨ 'ਤੇ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਕੋਲੋਂ ਲਿਆ ਜਾਵੇਗਾ।
ਸੂਬਾ ਪ੍ਰਧਾਨ ਬਾਜਵਾ ਨੇ ਬੀ. ਜੇ. ਪੀ. 'ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਵਿਚ ਬਣੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਐੱਫ. ਸੀ. ਆਈ. ਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ ਜਿਸ ਨੂੰ ਉਹ ਸਹਿਨ ਨਹੀਂ ਕਰਨਗੇ।
ਉਨ੍ਹਾਂ ਮੋਦੀ ਦੀ ਗੱਲ ਕਰਦਿਆਂ ਕਿਹਾ ਕਿ ਮੋਦੀ ਸਿਰਫ ਗੱਲਾਂ ਅਤੇ ਝੂਠ ਦੇ ਜਾਦੂਗਰ ਹਨ, ਕਿਉਂਕਿ ਡੀਜ਼ਲ ਦੀਆਂ ਕੀਮਤਾਂ ਵਧਾਉਣੀਆਂ ਜਾਂ ਘਟਾਉਣੀਆਂ ਮੋਦੀ ਦੇ ਹੱਥ ਵਿਚ ਨਹੀਂ ਹੈ ਬਲਕਿ ਇਹ ਕੀਮਤਾਂ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਨਾਲ ਵਧਦੀਆਂ ਘਟਦੀਆਂ ਹਨ।
ਬਾਜਵਾ ਨੇ ਅੰਤ 'ਚ ਕਿਹਾ ਕਿ ਬੂਥ ਲੈਵਲ 'ਤੇ ਕਾਂਗਰਸ ਪਾਰਟੀ ਵਲੋਂ ਕਮੇਟੀਆਂ ਦਾ ਗਠਨ ਕਰਕੇ ਵੱਧ ਤੋਂ ਵੱਧ ਮੈਂਬਰਸ਼ਿਪ ਕੀਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਕਾਂਗਰਸ ਨਾਲ ਜੋੜਿਆ ਜਾਵੇਗਾ।
ਉਪਰੰਤ ਮਹਿੰਦਰ ਸਿੰਘ ਕੇ. ਪੀ. ਸਾਬਕਾ ਸੰਸਦ ਮੈਂਬਰ, ਸੂਬਾ ਕਾਂਗਰਸ ਦੇ ਜਨਰਲ ਸਕੱਤਰ ਫਤਿਹਜੰਗ ਸਿੰਘ ਬਾਜਵਾ ਤੇ ਹਲਕਾ ਇੰਚਾਰਜ ਸ੍ਰੀ ਹਰਗੋਬਿੰਦਪੁਰ ਬਲਵਿੰਦਰ ਸਿੰਘ ਲਾਡੀ ਨੇ ਵੀ ਸੰਬੋਧਨ ਕੀਤਾ।
ਨਾਬਾਲਗਾ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਮੰਗ
NEXT STORY