ਮੋਹਾਲੀ : ਸਥਾਨਕ ਪਾਸਪੋਰਟ ਦਫਤਰ ਵਲੋਂ ਇਸ ਸਾਲ ਦੇ ਅਖੀਰ ਤੱਕ 3.57 ਲੱਖ ਪਾਸਪੋਰਟ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਹੈ ਪਰ ਦਫਤਰ ਦੀ ਕਾਰਗੁਜ਼ਾਰੀ ਸਦਕਾ 3.75 ਲੱਖ ਪਾਸਪੋਰਟ ਜਾਰੀ ਕਰ ਦਿੱਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸਥਾਨਕ ਪਾਸਪੋਰਟ ਦਫਤਰ ਅਧਿਕਾਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਸਾਲ 2011 'ਚ 2.70 ਲੱਖ, 2012 'ਚ 3 ਲੱਖ ਅਤੇ 2013 'ਚ 3.3 ਲੱਖ ਪਾਸਪੋਰਟ ਜਾਰੀ ਕੀਤੇ ਗਏ ਸਨ। ਅਗਰਵਾਲ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਇਸ ਵਾਰ 1 ਕਰੋੜ ਪਾਸਪੋਰਟ ਜਾਰੀ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਸਪੋਰਟ ਦਫਤਰ 'ਚ ਦਲਾਲਾਂ ਅਤੇ ਏਜੰਟਾਂ ਲਈ ਕੋਈ ਥਾਂ ਨਹੀਂ ਹੈ। ਸਾਰਾ ਕੰਮ ਪੂਰੀ ਪਾਰਦਰਸ਼ਿਤਾ ਨਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਅਪਾਇੰਟਮੈਂਟ ਲੈਣ ਲਈ ਵੀ ਇਸ ਦਫਤਰ 'ਚ ਉਡੀਕ ਦਾ ਸਮਾਂ ਘਟਾਇਆ ਗਿਆ ਹੈ। ਚੰਡੀਗੜ੍ਹ ਸਥਿਤ ਇਸ ਦਫਤਰ ਨਾਲ ਜੁੜੇ 25 ਜ਼ਿਲਿਆਂ ਦੇ ਲੋਕ ਆਪਣੀ ਸਹੂਲਤ ਅਨੁਸਾਰ ਤਿੰਨਾਂ ਪਾਸਪੋਰਟ ਸੇਵਾ ਕੇਂਦਰਾਂ ਅੰਬਾਲਾ, ਚੰਡੀਗੜ੍ਹ ਜਾਂ ਲੁਧਿਆਣਾ 'ਚੋਂ ਕਿਸੇ 'ਚ ਵੀ ਅਪਾਇੰਟਮੈਂਟ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਸਪੋਰਟ ਰੀ-ਇਸ਼ੂ ਕਰਨ ਦੇ ਬਹੁਤੇ ਮਾਮਲਿਆਂ 'ਚ ਪੁਲਸ ਵੈਰੀਫਿਕੇਸ਼ਨ ਦਾ ਕੰਮ ਹਟਾ ਦਿੱਤਾ ਗਿਆ ਹੈ ਜਾਂ ਫਿਰ ਬਾਅਦ 'ਚ ਇਹ ਜਾਂਚ ਕਰਵਾਈ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ 60 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ, ਪੁਲਸ ਕਲੀਅਰੈਂਸ ਸਰਟੀਫਿਕੇਟ ਦੇ ਬਿਨੈਕਾਰਾਂ, 15 ਸਾਲ ਤੋਂ ਛੋਟੀ ਉਮਰ ਦੇ ਨਾਬਾਲਗਾਂ (ਜਿਨ੍ਹਾਂ ਦੇ ਮਾਤਾ-ਪਿਤਾ 'ਚੋਂ ਕਿਸੇ ਇਕ ਦਾ ਪਾਸਪੋਰਟ ਬਣਿਆ ਹੋਇਆ ਹੈ) ਅਤੇ ਸਰੀਰਕ ਤੌਰ 'ਤੇ ਅਪਾਹਜ ਵਿਅਕਤੀਆਂ ਤੇ ਨੇਤਰਹੀਣਾਂ ਲਈ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਹੈ। ਉਹ ਸਿੱਧਾ ਚੰਡੀਗੜ੍ਹ ਦੇ ਪੀ. ਐੱਸ. ਕੇ. 'ਚ ਸਵੇਰੇ 9 ਤੋਂ 11 ਵਜੇ ਤੱਕ ਆਪਣਾ ਪਾਸਪੋਰਟ ਅਪਲਾਈ ਕਰਨ ਲਈ ਆ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਬਹੁਤ ਮੁਸ਼ਕਿਲ ਹਾਲਤਾਂ 'ਚ ਤੁਰੰਤ ਪਾਸਪੋਰਟ ਦੀ ਲੋੜ ਹੈ ਪਰ ਉਸ ਨੂੰ ਤੁਰੰਤ ਅਪਾਇੰਟਮੈਂਟ ਨਹੀਂ ਮਿਲਦੀ ਤਾਂ ਉਹ ਆਪਣੇ ਜ਼ਰੂਰੀ ਦਸਤਾਵੇਜ਼ ਨਾਲ ਲੈ ਕੇ ਅਤੇ ਐਮਰਜੈਂਸੀ ਦਾ ਸਬੂਤ ਲੈ ਕੇ ਚੰਡੀਗੜ੍ਹ ਸਥਿਤ ਦਫਤਰ 'ਚ ਸੰਪਰਕ ਕਰ ਸਕਦਾ ਹੈ। ਇਨ੍ਹਾਂ ਵਿਅਕਤੀਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਨੰਬਰ ਵੀ ਦਿਖਾਉਣਾ ਪਏਗਾ ਅਤੇ ਉਨ੍ਹਾਂ ਨੂੰ ਮੈਨੁਅਲ ਅਪਾਇੰਟਮੈਂਟ ਦਿੱਤੀ ਜਾਂਦੀ ਹੈ।
ਵਿਜੀਲੈਂਸ ਵਿਭਾਗ ਵਲੋਂ ਪਾਵਰਕਾਮ ਦਾ ਐਸ.ਡੀ.ਓ. ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
NEXT STORY