ਮੁੰਬਈ - ਚਾਲੂ ਖਾਤਾ ਘਾਟਾ (ਕੈਡ) ਨੂੰ ਕਾਬੂ ਵਿਚ ਰੱਖਣ ਦੇ ਯਤਨ ਵਿਚ ਲੱਗੀ ਸਰਕਾਰ ਲਈ ਸੋਨੇ ਦੀ ਲਗਾਤਾਰ ਵਧ ਰਹੀ ਦਰਾਮਦ ਨੇ ਚਿੰਤਾ ਵਧਾ ਦਿਤੀ ਹੈ। ਨਵੰਬਰ ਵਿਚ ਸੋਨਾ ਦਰਾਮਦ 6 ਗੁਣਾ ਵਧ ਕੇ 5.61 ਅਰਬ ਡਾਲਰ ਹੋ ਗਿਆ, ਜਿਸ ਨਾਲ ਮਹੀਨੇ ਦੌਰਾਨ ਵਪਾਰਕ ਘਾਟਾ 18 ਮਹੀਨੇ ਦੇ ਉਚਤਮ ਪੱਧਰ 'ਤੇ ਪੁੱਜ ਗਿਆ।
ਵਣਜ ਸਕੱਤਰ ਰਾਜੀਵ ਖੇਰ ਨੇ ਅੱਜ ਇਥੇ ਕਿਹਾ ਕਿ ਸੋਨੇ ਦੀ ਦਰਾਮਦ ਵਿਚ ਹੈਰਾਨੀਜਨਕ ਢੰਗ ਨਾਲ ਵਾਧਾ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਹਾਲ ਹੀ ਵਿਚ ਇਸ ਦੀ ਦਰਾਮਦ ਵਿਚ ਦਿਤੀ ਗਈ ਢਿੱਲ ਦੇ ਪੈਣ ਵਾਲੇ ਪ੍ਰਭਾਵ 'ਤੇ ਨਜ਼ਰ ਰੱਖੇਗੀ।
ਬਰਾਮਦ-ਦਰਾਮਦ ਦੇ ਕਲ ਜਾਰੀ ਅੰਕੜਿਆਂ ਵਿਚ ਨਵੰਬਰ 2014 ਵਿਚ ਸੋਨੇ ਦੀ ਦਰਾਮਦ 571.28 ਫੀਸਦੀ ਵਧ ਕੇ 5.61 ਅਰਬ ਡਾਲਰ ਭਾਵ 35 ਹਜ਼ਾਰ ਕਰੋੜ ਰੁਪਏ ਤੋਂ ਵਧ ਦੀ ਰਹੀ। ਸੋਨਾ ਦਰਾਮਦ ਵਧਣ ਦਾ ਮੁਖ ਕਾਰਨ ਵਿਆਹਾਂ ਤੇ ਤਿਓਹਾਰਾਂ ਦੇ ਸੀਜ਼ਨ ਦੌਰਾਨ ਇਸ ਦੀ ਮੰਗ ਵਿਚ ਆਈ ਤੇਜ਼ੀ ਰਹੀ। ਮਹੀਨੇ ਦੌਰਾਨ ਲਗਭਗ 146 ਟਨ ਸੋਨਾ ਦਰਾਮਦ ਕੀਤਾ ਗਿਆ, ਜੋ ਪਿਛਲੇ ਸਾਲ ਮਈ ਤੋਂ ਬਾਅਦ ਇਕ ਮਹੀਨੇ ਵਿਚ ਸਭ ਤੋਂ ਵਧੇਰੇ ਹੈ।
ਪਿਛਲੇ ਸਾਲ ਨਵੰਬਰ ਵਿਚ ਸੋਨਾ ਦਰਾਮਦ ਸਿਰਫ 83 ਕਰੋੜ 58 ਲੱਖ 30 ਹਜ਼ਾਰ ਡਾਲਰ ਰਹੀ ਸੀ। ਇਸ ਸਾਲ ਅਗਸਤ ਤੋਂ ਹੀ ਸੋਨੇ ਦੀ ਦਰਾਮਦ ਵਧ ਰਹੀ ਹੈ। ਇਹ ਅਗਸਤ ਵਿਚ ਜੁਲਾਈ ਦੇ 1.81 ਅਰਬ ਡਾਲਰ ਤੋਂ ਵਧ ਕੇ 2.03 ਅਰਬ ਡਾਲਰ ਰਹੀ ਸੀ। ਸੋਨਾ ਦਰਾਮਦ ਵਧਣ ਕਾਰਨ ਵਪਾਰ ਘਾਟਾ ਇਸ ਸਾਲ ਨਵੰਬਰ ਵਿਚ 16.86 ਅਰਬ ਡਾਲਰ 'ਤੇ ਪੁੱਜ ਗਿਆ, ਜੋ ਪਿਛਲੇ ਸਾਲ 9 ਅਰਬ 57 ਕਰੋੜ ਡਾਲਰ ਹੀ ਸੀ। ਮਹੀਨੇ ਦੌਰਾਨ ਸੋਨਾ ਦਰਾਮਦ ਵਧਣ ਦੀ ਮੁਖ ਵਜ੍ਹਾ ਕੀਮਤਾਂ ਦਾ ਡਿਗਣਾ ਰਹੀ, ਜਿਸ ਨਾਲ ਦਰਾਮਦਕਾਰਾਂ ਨੇ ਵਿਆਹਾਂ ਤੇ ਤਿਓਹਾਰਾਂ ਦੇ ਸੀਜ਼ਨ ਦੀ ਮੰਗ ਨੂੰ ਪੂਰਾ ਕਰਨ ਲਈ ਕਾਫੀ ਮਾਲ ਮੰਗਵਾਇਆ। ਨਵੰਬਰ ਵਿਚ ਲੰਦਨ ਸੋਨੇ ਦੀਆਂ ਕੀਮਤਾਂ 146 ਡਾਲਰ ਪ੍ਰਤੀ ਟ੍ਰਾਈ ਔਂਸ ਤਕ ਡਿਗ ਗਈਆਂ ਸਨ। ਹਾਲਾਂਕਿ ਬਾਅਦ ਵਿਚ ਇਨ੍ਹਾਂ ਵਿਚ ਸੁਧਾਰ ਦੇਖਿਆ ਗਿਆ।
ਸੋਨਾ ਦਰਾਮਦ ਵਧਣ ਦੇ ਬਾਵਜੂਦ ਨਵੰਬਰ ਵਿਚ ਚਾਂਦੀ ਦੀ ਦਰਾਮਦ ਵਿਚ 143.80 ਫੀਸਦੀ ਦੀ ਗਿਰਾਵਟ ਆਈ। ਚਾਂਦੀ ਦੀ ਦਰਾਮਦ 64 ਕਰੋੜ 38 ਲੱਖ 60 ਹਜ਼ਾਰ ਡਾਲਰ ਰਹੀ। ਪਿਛਲੇ ਸਾਲ ਨਵੰਬਰ ਵਿਚ ਇਹ 26 ਕਰੋੜ 40 ਲੱਖ 90 ਹਜ਼ਾਰ ਡਾਲਰ ਸੀ। ਸਰਕਾਰੀ ਅੰਕੜਿਆਂ ਅਨੁਸਾਰ ਨਵੰਬਰ ਵਿਚ ਗਹਿਣਿਆਂ ਦੀ ਬਰਾਮਦ 43.14 ਫੀਸਦੀ ਵਧ ਕੇ ਇਕ ਸਾਲ ਪਹਿਲਾਂ ਦੇ 16050.26 ਕਰੋੜ ਰੁਪਏ ਦੇ ਮੁਕਾਬਲੇ 22814.08 ਕਰੋੜ ਰੁਪਏ ਰਹੀ।
ਫੇਸਬੁੱਕ ਦੇ ਭਾਰਤ ਵਿਚ 11.2 ਕਰੋੜ ਖਪਤਕਾਰ
NEXT STORY