ਨਵੀਂ ਦਿੱਲੀ- ਰਿਲਾਇੰਸ ਜੀਓ ਆਪਣੀ 4ਜੀ ਐੱਲ.ਟੀ.ਈ ਸੇਵਾਵਾਂ ਨੂੰ ਇਕੱਠਿਆਂ ਦੇਸ਼ ਦੇ 800 ਸ਼ਹਿਰਾਂ 'ਚ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਦੂਰਸੰਚਾਰ ਸੇਵਾ ਖੇਤਰ ਵਿਚ ਇਕ ਨਵਾਂ ਮਾਪਦੰਡ ਹੋਵੇਗਾ। ਕੰਪਨੀ ਅਗਲੇ ਸਾਲ ਅਪ੍ਰੈਲ ਤੋਂ ਜੂਨ ਦੇ ਦੌਰਾਨ ਇਸ ਸੇਵਾ ਨੂੰ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।
ਸੂਤਰਾਂ ਦੇ ਮੁਤਾਬਕ ਕੰਪਨੀ 4ਜੀ ਡੋਂਗਲ ਦੇ ਨਾਲ ਹੀ 'ਮਾਈ-ਫਾਈ ਉੁਪਕਰਨਾਂ' 'ਤੇ ਕੰਮ ਕਰ ਰਹੀ ਹੈ। 'ਮਾਈ-ਫਾਈ' ਉਪਕਰਨ ਦੇ ਜ਼ਰੀਏ ਯੂਜ਼ਰ ਕਿਸੇ ਵੀ ਵਾਈ-ਫਾਈ ਵਾਲੇ ਫੋਨ 'ਚ 4ਜੀ ਸੇਵਾ ਦੀ ਵਰਤੋਂ ਕਰ ਸਕਣਗੇ, ਇੱਥੋਂ ਤੱਕ ਕਿ ਲਗਭਗ 2,500 ਰੁਪਏ ਦੀ ਕੀਮਤ ਦੇ ਫੀਚਰ ਫੋਨ 'ਚ ਵੀ ਇਸ ਦੀ ਮਦਦ ਨਾਲ 4ਜੀ ਦੀ ਵਰਤੋਂ ਕੀਤੀ ਜਾ ਸਕੇਗੀ। ਅਜਿਹੇ 'ਚ ਯੂਜ਼ਰਸ ਨੂੰ ਮਹਿੰਗੇ 4ਜੀ ਹੈਂਡਸੈਟ ਖਰੀਦਣ ਦੀ ਮਜਬੂਰੀ ਨਹੀਂ ਹੋਵੇਗੀ।
ਮਜ਼ੇ ਦੀ ਗੱਲ ਹੈ ਕਿ ਹਰੇਕ ਮਾਈ-ਫਾਈ ਉਪਕਰਨ ਨੂੰ 10 ਹੈਂਡਸੈਟਾਂ ਨਾਲ ਜੋੜਿਆ ਜਾ ਸਕਦਾ ਹੈ। ਵੱਖ-ਵੱਖ ਕੰਪਨੀਆਂ ਤੋਂ ਦੁਰਸੰਚਾਰ ਟਾਵਰਾਂ ਨੂੰ ਪੱਟੇ 'ਤੇ ਲੈਣ ਦੇ ਨਾਲ ਹੀ ਕੰਪਨੀ ਨੇ 4ਜੀ ਸੇਵਾਵਾਂ ਨੂੰ ਸ਼ੁਰੂ ਕਰਨ ਦੇ ਲਈ ਖੁਦ ਦੇ ਵੀ 30,000 ਟਾਵਰ ਬਣਾਏ ਹਨ।
ਫਿਲਹਾਲ ਭਾਰਤੀ ਏਅਰਟੇਲ ਹੀ ਇਕੱਲੀ ਅਜਿਹੀ ਕੰਪਨੀ ਹੈ ਜੋ 4ਜੀ ਸੇਵਾਵਾਂ ਮੁਹਈਆ ਕਰਾ ਰਹੀ ਹੈ। ਏਅਰਟੇਲ ਮੌਜੂਦਾ ਸਮੇਂ 'ਚ ਬੇਂਗਲੂਰ, ਪੁਣੇ ਅਤੇ ਮੋਹਾਲੀ ਸਮੇਤ ਦੇਸ਼ ਦੇ 15 ਸ਼ਹਿਰਾਂ 'ਚ 4ਜੀ ਸੇਵਾਵਾਂ ਦੇ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਰਿਲਾਇੰਸ ਜੀਓ ਆਪਣੇ ਡੋਂਗਲ ਦੀ ਔਸਤ ਰਫਤਾਰ ਨੂੰ 16 ਤੋਂ 18 ਐੱਮ.ਬੀ.ਪੀ.ਐੱਸ. (3ਜੀ ਡੋਂਗਲ ਤੋਂ ਤਿੰਨ ਗੁਣਾ ਜ਼ਿਆਦਾ) ਰੱਖਣ ਦੀ ਸੰਭਾਵਨਾ 'ਤੇ ਕੰਮ ਕਰ ਰਹੀ ਹੈ। ਹਾਲਾਂਕਿ ਇਹ ਤਕਨੀਕ 50 ਐੱਮ.ਬੀ.ਪੀ.ਐੱਸ. ਦੀ ਰਫਤਾਰ ਦੇਣ 'ਚ ਸਮਰਥ ਹੈ।
ਦੂਜੇ ਗੇੜ 'ਚ ਕੰਪਨੀ ਘਰਾਂ ਅਤੇ ਦਫਤਰਾਂ 'ਚ ਫਾਈਬਰ ਦੀ ਪੇਸ਼ਕਸ਼ ਵੀ ਕਰੇਗੀ ਜਿਸ ਨਾਲ ਇਸ ਦੀ ਰਫਤਾਰ 100 ਐੱਮ.ਬੀ.ਪੀ.ਐੱਸ. ਤੱਕ ਹੋ ਸਕਦੀ ਹੈ ਅਤੇ ਇਸ ਤੋਂ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਨੂੰ ਵੀ ਦੇਖਿਆ ਜਾ ਸਕੇਗਾ। ਕੰਪਨੀ ਸਾਰੇ ਦੇਸ਼ 'ਚ ਇੰਟਰ-ਸਿਟੀ ਫਾਈਬਰ-ਆਪਟਿਕ ਨੈੱਟਵਰਕ ਵਿਛਾ ਰਹੀ ਹੈ ਅਤੇ ਕੁਝ ਪ੍ਰਮੁੱਖ ਸ਼ਹਿਰਾਂ 'ਚ ਇੰਟਰਾ-ਸਿਟੀ ਫਾਈਬਰ ਆਪਟਿਕਸ ਵੀ ਲਗਾ ਰਹੀ ਹੈ।
ਦੂਰਸੰਚਾਰ ਖੇਤਰ 'ਚ ਹੋਰਨਾਂ ਦੂਰਸੰਚਾਰ ਕੰਪਨੀਆਂ ਦੇ ਮੁਕਾਬਲੇ ਦੇਰ ਨਾਲ ਪ੍ਰਵੇਸ਼ ਕਰਨ ਵਾਲੀ ਰਿਲਾਇੰਸ ਜੀਓ ਨੇ ਅਗਸਤ 2010 'ਚ ਸਾਰੇ ਦੇਸ਼ ਦੇ ਲਈ 2,300 ਮੇਗਾਹਰਟਜ਼ ਬੈਂਡ ਸਪੈਕਟ੍ਰਮ ਖਰੀਦਿਆ ਹੈ। ਕੰਪਨੀ ਨੇ ਇਸ ਸਾਲ ਵੀ 14 ਸਰਕਲਾਂ 'ਚ 1,800 ਮੇਗਾਹਰਟਜ਼ ਸਪੈਕਟ੍ਰਮ ਖਰੀਦਣ ਦਾ ਫੈਸਲਾ ਕੀਤਾ ਹੈ। ਸੂਤਰਾਂ ਦੇ ਮੁਤਾਬਕ 4ਜੀ ਸੇਵਾਵਾਂ ਨੂੰ 2300 ਮੇਗਾਹਰਟਜ਼ ਦੇ ਨਾਲ ਪੇਸ਼ ਕੀਤਾ ਜਾਵੇਗਾ, ਜਦੋਂਕਿ 1,800 ਮੇਗਾਹਰਟਜ਼ ਬੈਂਡ ਨੂੰ ਡਾਟਾ ਦੇ ਨਾਲ-ਨਾਲ ਵਾਇਸ ਕਾਲ 'ਚ ਵੀ ਇਸਤਮਾਲ ਕੀਤਾ ਜਾਵੇਗਾ।
1,800 ਮੇਗਾਹਰਟਜ਼ ਬੈਂਡ ਜ਼ਿਆਦਾਤਰ ਦੇਸ਼ਾਂ 'ਚ ਪਸੰਦੀਦਾ ਬੈਂਡ ਹੈ ਅਤੇ ਇਸ 'ਤੇ ਡਾਟਾ ਅਤੇ ਵਾਇਸ ਦੋਹਾਂ ਦੀਆਂ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 117 ਅੰਕ ਕਮਜ਼ੋਰ
NEXT STORY