ਸ੍ਰੀ ਮੁਕਤਸਰ ਸਾਹਿਬ,(ਪਵਨ, ਬੇਦੀ)-ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿਚ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਗਲੀਆਂ ਸੀ. ਸੀ. ਫਲੋਰਿੰਗ ਲਗਾ ਕੇ ਪੱਕੀਆਂ ਕਰ ਕੇ ਸੂਬੇ ਦੇ ਪਿੰਡਾਂ ਨੂੰ ਨਵੀਂ ਨੁਹਾਰ ਦਿੱਤੀ ਜਾਵੇਗੀ। ਅੱਜ ਇਥੇ ਜ਼ਿਲੇ ਦੇ ਲੰਬੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਸ਼ਾਮ ਖੇੜਾ, ਜਿਥੇ ਸੀ. ਸੀ. ਫਲੋਰਿੰਗ ਤਕਨੀਕ ਨਾਲ ਸਾਰੇ ਪਿੰਡ ਦੀਆਂ ਗਲੀਆਂ ਸੀਮੈਂਟ ਨਾਲ ਪੱਕੀਆਂ ਕੀਤੀਆਂ ਗਈਆਂ ਹਨ ਅਤੇ ਸਾਰੇ ਪਿੰਡ ਨੂੰ 100 ਫੀਸਦੀ ਪੀਣ ਵਾਲੇ ਪਾਣੀ ਦੀ ਸਹੂਲਤ ਉਪਲੱਬਧ ਕਰਵਾ ਦਿੱਤੀ ਗਈ ਹੈ, ਦਾ ਦੌਰਾ ਕਰਨ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਨੂੰ ਬਿਜਲੀ ਖੇਤਰ ਵਿਚ ਸਰਪਲਸ ਕਰਨ ਤੋਂ ਬਾਅਦ ਪੰਜਾਬ ਸਰਕਾਰ ਦਾ ਇਹ ਦੂਜਾ ਵੱਡਾ ਪ੍ਰੋਜੈਕਟ ਹੋਵੇਗਾ, ਜਿਸ ਤਹਿਤ ਪੂਰੇ ਦੇਸ਼ ਵਿਚੋਂ ਸਭ ਤੋਂ ਪਹਿਲਾਂ ਸਾਰੇ ਪਿੰਡਾਂ ਦੀਆਂ ਗਲੀਆਂ ਨੂੰ ਸੀਮੈਂਟ ਨਾਲ ਪੱਕਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਪੜਾਅਵਾਰ ਤਰੀਕੇ ਨਾਲ ਮੁਕੰਮਲ ਕੀਤਾ ਜਾਵੇਗਾ, ਜਿਸ ਤਹਿਤ ਲੰਬੀ ਵਿਧਾਨ ਸਭਾ ਹਲਕੇ ਵਿਚ ਪਹਿਲੇ ਫੇਜ਼ ਵਿਚ 35 ਪਿੰਡਾਂ ਵਿਚ 100 ਫੀਸਦੀ ਪੀਣ ਵਾਲੇ ਪਾਣੀ ਅਤੇ ਗਲੀਆਂ ਨੂੰ ਸੀਮੈਂਟ ਨਾਲ ਪੱਕਿਆਂ ਕਰਨ ਦਾ ਪ੍ਰੋਜੈਕਟ ਪਹਿਲੇ ਸਾਲ ਵਿਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਨਾ ਕੇਵਲ ਸਾਰੇ ਪਿੰਡ ਦੀਆਂ ਗਲੀਆਂ, ਸਗੋਂ ਪਿੰਡ ਦੀ ਫਿਰਨੀ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਇਸ ਸੰਬੰਧੀ ਸਰਕਾਰੀ ਕੰਮ ਲਈ ਵਰਤੇ ਜਾਂਦੇ ਸੀਮੈਂਟ ਲਈ ਕੰਪਨੀ ਕਿਸੇ ਖਾਸ ਰੰਗ ਦਾ ਬੈਗ ਤਿਆਰ ਕਰੇਗੀ ਅਤੇ ਅਜਿਹੇ ਬੈਗ ਦੇ ਸੀਮੈਂਟ ਦੀ ਵਿਕਰੀ ਖੁੱਲੇ ਬਾਜ਼ਾਰ ਵਿਚ ਨਹੀਂ ਹੋਵੇਗੀ ਅਤੇ ਇਹ ਕੇਵਲ ਸਰਕਾਰੀ ਕੰਮ ਲਈ ਵਰਤਿਆ ਜਾ ਸਕੇਗਾ। ਇਸ ਸੰਬੰਧੀ ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਮੰਡੀ ਕਿਲਿਆਂ ਵਾਲੀ ਵਿਚ ਵੀ ਸੀਮੈਂਟ ਵਾਲੀਆਂ ਗਲੀਆਂ ਬਣ ਰਹੀਆਂ ਹਨ, ਜਦ ਕਿ ਪਿੰਡ ਰੱਤਾ ਖੇੜਾ ਵਿਚ ਵੀ ਇਹ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਅਜਿਹੀਆਂ ਗਲੀਆਂ ਵਿਚ ਜਲ ਸਪਲਾਈ ਦੀਆਂ ਪਾਈਪਾਂ ਦੀ ਮੁਰੰਮਤ ਆਦਿ ਲਈ ਟਾਈਲਾਂ ਆਦਿ ਲਾਉਣ ਸੰਬੰਧੀ ਵੀ ਨਿਰਦੇਸ਼ ਦਿੱਤੇ, ਤਾਂ ਜੋ ਪਾਣੀ ਦੀਆਂ ਪਾਈਪਾਂ ਦੀ ਮੁਰੰਮਤ ਸਮੇਂ ਪੂਰੀ ਗਲੀ ਨਾ ਪੁੱਟਣੀ ਪਵੇ। ਇਥੇ ਜ਼ਿਕਰਯੋਗ ਹੈ ਕਿ ਪਿੰਡ ਸ਼ਾਮ ਖੇੜਾ ਵਿਚ ਸੀ. ਸੀ. ਫਲੋਰਿੰਗ 'ਤੇ 166.16 ਲੱਖ ਰੁਪਏ ਖਰਚ ਕੀਤੇ ਗਏ ਹਨ, ਜਿਸ ਨਾਲ ਲਗਭਗ 4 ਕਿਲੋਮੀਟਰ ਲੰਬੀਆਂ ਪਿੰਡ ਦੀਆਂ 45 ਗਲੀਆਂ ਨੂੰ ਪੱਕਾ ਕੀਤਾ ਗਿਆ ਹੈ, ਜਿਸ ਦਾ ਕੁੱਲ ਖੇਤਰਫਲ 1.5 ਲੱਖ ਵਰਗ ਫੁੱਟ ਹੈ। ਇਸੇ ਤਰ੍ਹਾਂ ਪਿੰਡ ਵਿਚ 100 ਫੀਸਦੀ ਪੀਣ ਵਾਲੇ ਪਾਣੀ ਦੀ ਸਹੂਲਤ ਉਪਲਬਧ ਕਰਵਾਉਣ ਲਈ 2.62 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਚੇਅਰਮੈਨ ਪੰਜਾਬ ਐਗਰੋ, ਚੇਅਰਮੈਨ ਤਜਿੰਦਰ ਸਿੰਘ ਮਿੱਡੂ ਖੇੜਾ, ਅਵਤਾਰ ਸਿੰਘ ਵਣਵਾਲਾ ਪੀ. ਏ. ਟੂ ਉਪ ਮੁੱਖ ਮੰਤਰੀ, ਚੇਅਰਮੈਨ ਪਨਕੋਫੈਡ ਕੁਲਵਿੰਦਰ ਸਿੰਘ ਭਾਈ ਕਾ ਕੇਰਾ, ਬਲਕਰਨ ਸਿੰਘ ਓ. ਐੱਸ. ਡੀ. ਟੂ ਸੀ. ਐੱਮ., ਪਿੰਡ ਦਾ ਸਰਪੰਚ ਨਰਿੰਦਰ ਸਿੰਘ ਭੈਲ, ਟੀਟੂ ਭੈਲ, ਰਣਜੋਧ ਸਿੰਘ ਲੰਬੀ ਤੇ ਮਨਜੀਤ ਸਿੰਘ ਲਾਲਬਾਈ ਆਦਿ ਵੀ ਹਾਜ਼ਰ ਸਨ।
ਮੋਦੀ ਪੰਜਾਬ 'ਚ ਨਸ਼ਾ ਸਮੱਗਲਿੰਗ ਦੀ ਅਸਲ ਸਥਿਤੀ ਸਪੱਸ਼ਟ ਕਰਨ : ਬਾਜਵਾ
NEXT STORY