ਚੰਡੀਗੜ੍ਹ - ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਦੀ ਕਾਲੀ ਸੂਚੀ ਦੀ ਮੁੜ ਸਮੀਖਿਆ ਕੀਤੀ ਜਾਵੇ ਅਤੇ ਜਿਨ੍ਹਾਂ ਵਿਅਕਤੀਆਂ ਦੀ ਕਿਸੇ ਕੇਸ ਵਿਚ ਸ਼ਮੂਲੀਅਤ ਨਹੀਂ ਹੈ ਉਨ੍ਹਾਂ ਦੇ ਨਾਮ ਸੂਚੀ ਵਿਚੋਂ ਤੁਰੰਤ ਹਟਾਏ ਜਾਣ। ਅੱਜ ਇਥੇ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਨੇ ਕਿਹਾ ਕਿ ਉਪ ਮੁੱਖ ਮੰਤਰੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲੇ ਦੀ ਵਿਦੇਸ਼ ਡਵੀਜ਼ਨ ਵਲੋਂ ਬਰਕਰਾਰ ਰੱਖੀ ਗਈ ਇਹ ਸੂਚੀ ਖਾਮੀਆਂ ਨਾਲ ਭਰੀ ਹੋਈ ਹੈ ਅਤੇ ਸਿੱਖਾਂ ਲਈ ਪ੍ਰੇਸ਼ਾਨੀਆਂ ਪੈਦਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਚੀ ਵਿਚਲੇ ਨਾਵਾਂ ਨਾਲ ਮਿਲਦੇ-ਜੁਲਦੇ ਨਾਵਾਂ ਵਾਲੇ ਲੋਕਾਂ ਨੂੰ ਹਵਾਈ ਅੱਡਿਆਂ 'ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਵਲੋਂ ਸਰਕਾਰ ਨੂੰ ਲਗਾਤਾਰ ਇਸ ਸਬੰਧੀ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਅਤੇ ਇਸ ਸੂਚੀ ਨੂੰ ਮੁੜ ਪੜਤਾਲ ਕਰਕੇ ਨਿਰਦੋਸ਼ ਵਿਅਕਤੀਆਂ ਦੇ ਨਾਮ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਵਿਚਾਰ-ਵਟਾਂਦਰੇ ਦੌਰਾਨ ਗ੍ਰਹਿ ਮੰਤਰਾਲੇ ਵਲੋਂ ਜੋ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ ਉਸ ਨਾਲ 63 ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਰੋਕਾਂ ਤਹਿਤ ਸ਼ਾਮਲ ਕੀਤਾ ਗਿਆ ਹੈ ਜਿਸ ਵਿਚੋਂ 31 ਵਿਅਕਤੀਆਂ ਦੀ ਮੁਕੰਮਲ ਦਸਤਾਵੇਜ਼ ਨਾ ਹੋਣ ਕਾਰਨ ਤਸਦੀਕ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਅਜਿਹੇ ਨਾਵਾਂ ਨੂੰ ਤੁਰੰਤ ਸੂਚੀ ਵਿਚੋਂ ਹਟਾਏ ਜਾਣਾ ਚਾਹੀਦਾ ਹੈ ਜੋ ਕਿਸੇ ਕੇਸ ਵਿਚ ਲੋੜੀਂਦੇ ਨਹੀਂ ਹਨ। ਉਨ੍ਹਾਂ ਨੇ ਗ੍ਰਹਿ ਮੰਤਰੀ ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਵਰਤਮਾਨ ਸਮੇਂ ਕਾਲੀ ਸੂਚੀ ਦੀ ਸਮੀਖਿਆ ਲਈ ਕੋਈ ਵਿਵਸਥਾ ਨਹੀਂ ਹੈ ਅਤੇ ਅਜਿਹੇ ਵਿਚ ਜੋ ਵਿਅਕਤੀ ਕਿਸੇ ਕੇਸ ਵਿਚ ਲੋੜੀਂਦੇ ਨਹੀਂ ਹਨ ਉਨ੍ਹਾਂ ਦੇ ਨਾਂ ਸੂਚੀ ਵਿਚ ਬਰਕਰਾਰ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਸੂਚੀ ਦੀ ਲਗਾਤਾਰ ਸਮੀਖਿਆ ਹੁੰਦੀ ਰਹਿਣੀ ਚਾਹੀਦੀ ਹੈ।
ਅਗਲੇ ਪੰਜ ਸਾਲਾਂ 'ਚ ਬਦਲੀ ਜਾਵੇਗੀ ਪੰਜਾਬ ਦੇ ਪਿੰਡਾਂ ਦੀ ਨੁਹਾਰ : ਸੁਖਬੀਰ ਸਿੰਘ ਬਾਦਲ
NEXT STORY