ਚੰਡੀਗੜ੍ਹ/ਜਲੰਧਰ,(ਰਾਹੁਲ) ਸਮੁੱਚੇ ਪੰਜਾਬ ਅਤੇ ਹਰਿਆਣਾ 'ਚ ਅੱਜ ਵੀ ਸੰਘਣੀ ਧੁੰਦ ਪਈ ਅਤੇ ਸੀਤ ਲਹਿਰ ਦੇ ਅਸਰ ਨਾਲ ਜਨ-ਜੀਵਨ ਪ੍ਰਭਾਵਿਤ ਹੋਇਆ। ਅੱਜ ਭਾਵੇਂ ਧੁੱਪ ਚੜ੍ਹਨ ਨਾਲ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਿਲੀ ਪਰ ਠੰਡ ਪੂਰੇ ਜੋਬਨ 'ਤੇ ਹੈ। ਪੰਜਾਬ ਅਤੇ ਹਰਿਆਣਾ 'ਚ ਪੈ ਰਹੀ ਧੁੰਦ ਤੇ ਹੱਡਚੀਰਵੀਂ ਠੰਡ ਨੇ ਰੇਲ ਅਤੇ ਸੜਕੀ ਆਵਾਜਾਈ ਦੀ ਰਫਤਾਰ 'ਤੇ ਲਗਾਮ ਲਗਾਈ ਹੋਈ ਹੈ, ਜਿਸ ਨਾਲ ਲੰਬੀ ਦੂਰੀ ਦੀਆਂ ਵਧੇਰੇ ਰੇਲਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕਈ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਰਸਤੇ ਜਾਣ ਵਾਲੀਆਂ ਸ਼ਤਾਬਦੀ ਅਤੇ ਐਕਸਪ੍ਰੈੱਸ ਰੇਲਗੱਡੀਆਂ ਲੇਟ ਹੋਣ ਨਾਲ ਮੁਸਾਫਰਾਂ ਨੂੰ ਸਟੇਸ਼ਨਾਂ 'ਤੇ ਹੱਡਚੀਰਵੀਂ ਠੰਡ 'ਚ ਸਮਾਂ ਕੱਟਣਾ ਪੈ ਰਿਹਾ ਹੈ।
ਅੱਜ ਚੰਡੀਗੜ੍ਹ 'ਚ ਧੁੰਦ ਹਟਣ ਮਗਰੋਂ ਧੁੱਪ ਚੜ੍ਹਨ ਨਾਲ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਮਿਲੀ। ਸ਼ਹਿਰ ਦਾ ਤਾਪਮਾਨ 5.8 ਡਿਗਰੀ ਸੈਲਸੀਅਸ ਰਿਹਾ। ਹਰਿਆਣਾ 'ਚ ਧੁੰਦ ਦਾ ਪ੍ਰਕੋਪ ਜਾਰੀ ਰਿਹਾ ਅਤੇ ਨਾਰਨੌਲ 'ਚ ਸਭ ਤੋਂ ਘੱਟ 2 ਡਿਗਰੀ, ਹਿਸਾਰ 4, ਕਰਨਾਲ 4, ਅੰਬਾਲਾ 5.5 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਪੰਜਾਬ 'ਚ ਵੀ ਧੁੰਦ ਨੇ ਸੜਕੀ ਅਤੇ ਰੇਲ ਸੇਵਾ 'ਤੇ ਅਸਰ ਪਾਇਆ। ਲੁਧਿਆਣਾ 'ਚ ਸਭ ਤੋਂ ਘੱਟ 3, ਆਦਮਪੁਰ, ਬਠਿੰਡਾ ਤੇ ਪਠਾਨਕੋਟ 'ਚ 4, ਪਟਿਆਲਾ 'ਚ 5 ਅਤੇ ਅੰਮ੍ਰਿਤਸਰ 'ਚ ਘੱਟੋ-ਘੱਟ ਤਾਪਮਾਨ 4.3 ਡਿਗਰੀ ਸੈਲਸੀਅਸ ਰਿਹਾ। ਹਿਮਾਚਲ ਅਤੇ ਉਤਰਾਖੰਡ ਦੀਆਂ ਉੱਚੀਆਂ ਪਹਾੜੀਆਂ 'ਤੇ ਹੋ ਰਹੀ ਬਰਫਬਾਰੀ ਨਾਲ ਸਮੁੱਚੇ ਇਲਾਕੇ 'ਚ ਪਾਰੇ 'ਚ ਕਾਫੀ ਗਿਰਾਵਟ ਆ ਗਈ ਹੈ। ਕੇਲਾਂਗ 'ਚ 2 ਸੈ. ਮੀ. ਅਤੇ ਉਦੈਪੁਰ 'ਚ 1 ਸੈ. ਮੀ. ਬਰਫਬਾਰੀ ਹੋਈ। ਕੇਲਾਂਗ ਦਾ ਤਾਪਮਾਨ 0 ਤੋਂ ਹੇਠਾਂ 3.4, ਕਲਪਾ ਦਾ 0. 2, ਮਨਾਲੀ 3, ਸੁੰਦਰਨਗਰ 2, ਊਨਾ 3, ਨਾਹਨ 4 ਅਤੇ ਭੂੰਤਰ 'ਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਰਿਹਾ।
ਮੋਦੀ ਖਿਲਾਫ ਮਤਾ ਲਿਆਵੇ ਸਰਕਾਰ : ਜਾਖੜ
NEXT STORY