ਹਰੇਕ ਮਨੁੱਖ ਦੀ ਜ਼ਿੰਦਗੀ ਵਿਚ ਅਜਿਹਾ ਸਮਾਂ ਆਉਂਦਾ ਹੈ, ਜਦੋਂ ਉਹ ਨਿਰਾਸ਼ ਹੋ ਕੇ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੁੰਦਾ ਹੈ। ਅਜਿਹੀ ਮੁਸ਼ਕਿਲ ਸਥਿਤੀ ਆਉਣ 'ਤੇ ਉਸ ਦੀ ਸਮਝ 'ਚ ਨਹੀਂ ਆਉਂਦਾ ਕਿ ਉਸ ਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ। ਅਜਿਹੇ ਵਿਚ ਬਹੁਤ ਸਾਰੇ ਲੋਕ ਆਤਮ-ਹੱਤਿਆ ਵੀ ਕਰ ਲੈਂਦੇ ਹਨ।
ਮਹਾਨ ਯੋਧਾ ਅਰਜੁਨ ਦੇ ਜੀਵਨ ਵਿਚ ਅਜਿਹਾ ਸਮਾਂ ਕੁਰੂਕਸ਼ੇਤਰ ਯੁੱਧ ਦੇ ਮੈਦਾਨ ਵਿਚ ਆਇਆ, ਜਦੋਂ ਉਸ ਦੇ ਆਪਣੇ ਗੁਰੂ, ਪਿਤਾਮਾ ਤੇ ਹੋਰ ਪਰਿਵਾਰਕ ਮੈਂਬਰ ਉਸ ਨੂੰ ਮਾਰਨ ਲਈ ਉਸ ਦੇ ਸਾਹਮਣੇ ਖੜ੍ਹੇ ਸਨ। ਉਨ੍ਹਾਂ ਨੂੰ ਦੇਖ ਕੇ ਅਰਜੁਨ ਨੇ ਆਪਣੇ ਅਸ਼ਤਰ-ਸ਼ਸਤਰ ਹੇਠਾਂ ਰੱਖ ਦਿੱਤੇ ਅਤੇ ਲੜਨ ਤੋਂ ਇਨਕਾਰ ਕਰ ਦਿੱਤਾ ਪਰ ਉਸ ਸਮੇਂ ਦੇ ਸਰਵਸ਼ਕਤੀਮਾਨ ਬੁੱਧੀਮਾਨ, ਸੋਲ੍ਹਾਂ ਕਲਾਵਾਂ ਦੇ ਜਾਣਕਾਰ, ਮਹਾਨ ਯੋਗੀ, ਦਾਰਸ਼ਨਿਕ ਸ਼੍ਰੀਕ੍ਰਿਸ਼ਨ ਅਰਜੁਨ ਦੇ ਸਾਰਥੀ ਸਨ। ਯੁੱਧ ਵਿਚ ਨਿਰਾਸ਼ ਹੋਏ ਅਰਜੁਨ ਨੂੰ ਉਸ ਸਮੇਂ ਸ਼੍ਰੀਕ੍ਰਿਸ਼ਨ ਨੇ ਜੋ ਗਿਆਨ, ਸਿੱਖਿਆ ਦਿੱਤੀ, ਉਹੀ ਗੀਤਾ ਕਹਾਉਂਦੀ ਹੈ। ਸ਼੍ਰੀਕ੍ਰਿਸ਼ਨ ਨੇ ਅਰਜੁਨ ਨੂੰ ਜੀਵਨ ਦਾ ਦਰਸ਼ਨ ਸਮਝਾਇਆ ਸੀ। ਉਨ੍ਹਾਂ ਨੇ ਦੱਸਿਆ ਸੀ, ਜੋ ਪੈਦਾ ਹੋਇਆ ਹੈ, ਉਸ ਦੀ ਮੌਤ ਜ਼ਰੂਰ ਹੋਵੇਗੀ ਤੇ ਜੋ ਮਰ ਚੁੱਕਾ, ਉਸ ਦਾ ਜਨਮ ਫਿਰ ਹੋਵੇਗਾ।
ਮਨੁੱਖੀ ਸਰੀਰ ਮਰਦਾ ਹੈ, ਆਤਮਾ ਨਹੀਂ। ਆਤਮਾ ਅਮਰ ਹੈ। ਉਸ ਨੂੰ ਕਿਸੇ ਵਲੋਂ ਕਿਸੇ ਵੀ ਤਰ੍ਹਾਂ ਮਾਰਿਆ ਨਹੀਂ ਜਾ ਸਕਦਾ। ਸ਼੍ਰੀਕ੍ਰਿਸ਼ਨ ਨੇ ਅਰਜੁਨ ਨੂੰ ਕਰਮ ਦੀ ਸਿੱਖਿਆ ਦਿੱਤੀ। ਉਨ੍ਹਾਂ ਦੱਸਿਆ ਕਿ ਚੰਗੇ ਕੰਮ ਤੇ ਅਧਿਕਾਰ ਲਈ ਯੁੱਧ ਕਰਨ ਦਾ ਮੌਕਾ ਕਿਸੇ-ਕਿਸੇ ਦੀ ਜ਼ਿੰਦਗੀ 'ਚ ਹੀ ਆਉਂਦਾ ਹੈ। ਜੋ ਉੱਤਮ ਕੰਮ ਲਈ ਯੁੱਧ ਕਰਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੁੰਦੇ ਹਨ, ਉਨ੍ਹਾਂ ਨੂੰ ਸਵਰਗ 'ਚ ਜਾਣ ਦਾ ਮੌਕਾ ਮਿਲਦਾ ਹੈ।
ਮਨੁੱਖ ਨੂੰ ਕਰਮ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ। ਉਸ ਦੇ ਜੀਵਨ ਵਿਚ ਜੋ ਵੀ ਕਰਮ ਕਰਨ ਲਈ ਆਵੇ, ਉਸ ਨੂੰ ਕਰਨਾ ਚਾਹੀਦਾ ਹੈ। ਕਿਸੇ ਵੀ ਕਰਮ ਨੂੰ ਕਿਸੇ ਵੀ ਹਾਲਤ ਵਿਚ ਛੱਡਣਾ ਨਹੀਂ ਚਾਹੀਦਾ।
ਕਿਸੇ ਵੀ ਕੰਮ ਨੂੰ ਕਰਦੇ ਸਮੇਂ ਫਲ ਜਾਂ ਪੁਰਸਕਾਰ ਬਾਰੇ ਨਹੀਂ ਸੋਚਣਾ ਚਾਹੀਦਾ। ਫਲ ਦੀ ਆਸ ਨਾ ਕਰਨਾ, ਨਿਸ਼ਕਾਮ ਕੰਮ ਕਰਨਾ ਹੀ ਗੀਤਾ ਦਾ ਮੁੱਖ ਸਾਰ ਹੈ, ਜੋ ਗੀਤਾ ਦੇ 18 ਅਧਿਆਵਾਂ ਦੇ ਹਰੇਕ ਅਧਿਆਏ 'ਚ ਦੁਹਰਾਇਆ ਗਿਆ ਹੈ। ਬਾਕੀ ਜਿੰਨੇ ਵੀ ਵਿਚਾਰ ਹਨ, ਉਹ ਉਸ ਦੇ ਪੂਰਕ ਜਾਂ ਅਨੁਪੂਰਕ ਹਨ।
ਨਿਸ਼ਕਾਮ ਕਰਮ ਦੀ ਧਾਰਨਾ ਨੂੰ ਪ੍ਰਾਪਤ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਮਨੁੱਖ ਨੂੰ ਸਿਰਫ ਕਰਮ ਕਰਨਾ ਚਾਹੀਦਾ ਹੈ ਅਤੇ ਫਲ ਭਗਵਾਨ ਦੇ ਭਰੋਸੇ ਛੱਡ ਦੇਣਾ ਚਾਹੀਦਾ ਹੈ। ਤੁਹਾਡਾ ਕੰਮ ਤਾਂ ਕਰਮ ਕਰਨਾ ਹੈ। ਫਲ ਦੇਣਾ ਤਾਂ ਭਗਵਾਨ ਦੇ ਹੱਥ ਵਿਚ ਹੈ, ਫਿਰ ਤੁਸੀਂ ਉਸ ਦੀ ਚਿੰਤਾ ਕਿਉਂ ਕਰਦੇ ਹੋ? ਗੀਤਾ ਸੰਪੂਰਨ ਮਨੁੱਖ ਜਾਤੀ ਤੇ ਮਨੁੱਖੀ ਕਲਿਆਣ ਲਈ ਹੈ। ਇਸ ਦੇ ਵਿਚਾਰ ਅਤੇ ਸਿੱਖਿਆਵਾਂ ਸਰਵਕਾਲੀ ਹਨ। ਗੀਤਾ ਹਮੇਸ਼ਾ ਮਨੁੱਖ ਨੂੰ ਕਰਮ ਤੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦੀ ਰਹੇਗੀ। ਮਨੁੱਖ ਦਾ ਮਾਰਗਦਰਸ਼ਕ ਕਰਦੀ ਰਹੇਗੀ।