ਮੁੰਦਾ ਸੰਤੋਖ, ਸਰਮੁ ਪਤੁ ਝੋਲੀ, ਧਿਆਨ ਕੀ ਕਰਹਿ ਬਿਭੂਤਿ।।
ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ, ਡੰਡਾ ਪਰਤੀਤਿ।।
ਆਈ ਪੰਥੀ, ਸਗਲ ਜਮਾਤੀ, ਮਨਿ ਜੀਤੈ ਜਗੁ ਜੀਤੁ।।
ਆਦੇਸੁ, ਤਿਸੈ ਆਦੇਸੁ।।
ਆਦਿ ਅਨੀਲੁ ਅਨਾਦਿ ਅਨਾਹਤਿ, ਜੁਗੁ ਜੁਗੁ ਏਕੋ ਵੇਸੁ।।੨।।
ਪਦ ਅਰਥ : ਮੁੰਦਾ ਸੰਤੋਖ=(ਹੇ ਜੋਗੀ) ਤੂੰ ਸੰਤੋਖ ਦੀਆਂ ਮੁੰਦਰਾਂ, ਸਰਮੁ ਪਤੁ ਝੋਲੀ= ਨਿਹਕਾਮ ਕਰਮ ਦਾ ਖੱਪਰ ਤੇ ਝੋਲੀ ਧਾਰਨ ਕਰ। ਧਿਆਨ ਕੀ ਕਰਹਿ ਬਿਭੂਤਿ= ਧਿਆਨ ਦੀ ਬਿਭੂਤਿ (ਰਾਖ) ਪਿੰਡੇ 'ਤੇ ਮਲ। ਖਿੰਥਾ ਕਾਲੁ= ਕਾਲ ਹੀ ਤੇਰੀ ਗੋਦੜੀ ਹੋਵੇ, ਕੁਆਰੀ ਕਾਇਆ ਜੁਗਤਿ= ਵਿਸ਼ਿਆਂ-ਵਿਕਾਰਾਂ ਤੋਂ ਮੁਕਤ ਹੋਈ ਕਾਇਆ ਹੀ ਜੋਗ ਸਾਧਨਾ ਦੀ ਕੁੰਜੀ ਤੇ, ਡੰਡਾ ਪਰਤੀਤਿ= ਸ਼ਰਧਾ ਦਾ ਡੰਡਾ ਹੋਵੇ। ਆਈ ਪੰਥੀ= ਇਸ ਤਰ੍ਹਾਂ ਦੀ ਸਾਧਨਾ ਨਾਲ ਪੰਥੀ (ਸਾਧਕ) ਵਿਚ ਆਈ (ਗਿਆਨ) ਚੇਤਨਾ ਸਦਕਾ, ਸਗਲ ਜਮਾਤੀ= ਉਸਦਾ ਵਿਸਥਾਰ ਸਾਰੀ ਜਮਾਤ (ਗੁਰੂ ਭਾਈਆਂ) ਵਿਚ ਹੁੰਦਾ ਹੈ। ਮਨਿ ਜੀਤੈ ਜਗੁ ਜੀਤੁ= ਕਿਉਂਕਿ ਆਪਣੇ ਮਨ ਨੂੰ (ਸਾਧਨਾ ਰਾਹੀਂ) ਜਿੱਤ ਲੈਣ ਨਾਲ ਸਾਰੇ ਜਗਤ ਨੂੰ ਜਿੱਤਿਆ ਜਾਂਦਾ ਹੈ (ਉਸ ਵਾਸਤੇ ਦੂਜਾ ਕੋਈ ਨਹੀਂ ਰਹਿੰਦਾ) ਸਾਰੇ ਜਮਾਤ (ਜਗਤ) ਵਿਚ ਉਸਦੀ ਚੇਤਨਾ ਦਾ ਵਿਸਥਾਰ ਹੁੰਦਾ ਹੈ। ਆਦੇਸੁ ਤਿਸੈ ਆਦੇਸੁ- ਸਾਧਨਾ ਭਗਤੀ ਗਿਆਨ ਰਾਹੀਂ ਸਾਧਕ ਦਾ ਪ੍ਰਮਾਤਮੀ ਜੋਤਿ ਵਿਚ ਇਕਮਿੱਕ ਹੋਣਾ ਹੀ ਆਦੇਸ (ਸੱਚਾ ਹੁਕਮ) ਹੈ। ਆਦਿ= ਸਭ ਦਾ ਮੂਲ ਸਰੋਤ, ਅਨੀਲੁ= ਕਿਸੇ ਵੀ ਵਿਕਾਰ ਤੋਂ ਰਹਿਤ, ਅਨਾਦਿ=ਜੋ ਸਦਾ ਤੋਂ ਹੀ ਹੈ, ਅਨਾਹਤਿ= ਸਭ ਵਿਚ ਇਕ ਰਸ ਗਤੀ ਕਰਦਾ (ਵਿਆਪਤ) ਹੈ, ਜੁਗੁ ਜੁਗੁ= ਸਾਰੇ ਜੁਗਾਂ ਵਿਚ, ਏਕੋ ਵੇਸੁ= ਉਸਦਾ ਇਕ ਹੀ ਸਰੂਪ ਰਹਿੰਦਾ ਹੈ।
ਸਾਧਨਾ ਭਾਸ਼ਿਅ : ਇਕ ਅਭਿਆਸੀ ਸਿੱਖ ਵਾਸਤੇ ਆਂਤਰਿਕ (ਪਟ ਦੇ ਅੰਦਰ ਹੋ ਰਹੀ) ਸਾਧਨਾ ਦੇ ਪਥ ਅਤੇ ਪੜਾਵਾਂ ਦਾ ਜ਼ਿਕਰ ਇਸ ਪਉੜੀ ਵਿਚ ਕੀਤਾ ਜਾ ਰਿਹਾ ਹੈ। ਸਾਧਕਾਂ ਵਾਸਤੇ ਇਹ ਬਹੁਤ ਮਹੱਤਵਪੂਰਨ ਪਉੜੀ ਹੈ। ਸਿਮਰਨ ਤੇ ਸੇਵਾ ਦੀ ਸਾਧਨਾ ਨੂੰ ਕਸਵੱਟੀ 'ਤੇ ਕੱਸਣ ਵਾਲੀ ਇਹ ਪਉੜੀ ਹੈ। ਸਾਧਨਾ ਪਥ ਦੀ ਸ਼ੁਰੂਆਤ ਹੈ ਸੰਤੋਖ ਤੋਂ। ਇਸ ਤੋਂ ਬਾਅਦ ਹੀ ਨਿਹਕਾਮ ਕਰਮ, ਇਸ ਤੋਂ ਬਾਅਦ ਹੀ ਧਿਆਨ ਦੀ ਸਾਧਨਾ ਸ਼ੁਰੂ ਕੀਤੀ ਜਾ ਸਕਦੀ ਹੈ। ਧਿਆਨ ਰਾਹੀਂ ਜਦੋਂ ਬਾਹਰੋਂ ਮਨ ਅੰਦਰ ਨੂੰ ਸਿਮਟਦਾ ਹੈ ਤਾਂ ਹੀ ਮੌਤ ਦਾ ਭੈਅ ਖਤਮ ਹੁੰਦਾ ਹੈ ਅਤੇ ਕੁਆਰੀ ਕਾਇਆ ਪ੍ਰਾਪਤ ਹੁੰਦੀ ਹੈ। ਕੁਆਰੀ ਕਾਇਆ ਦਾ ਹੀ ਆਦਿ ਸ਼ਬਦ ਨਾਲ ਮੇਲ ਹੋਣਾ ਸੰਭਵ ਹੈ, ਵਿਸ਼ਿਆਂ ਵਿਚ ਫਸੀ ਵਿਭਚਾਰੀ ਕਾਇਆ ਦਾ ਨਹੀਂ।
ਮਾਂ ਅੰਬੇ ਦਾ ਮੰਦਰ
NEXT STORY